ਐਡਵੋਕੇਟ ਕੇਵਲ ਸਿੰਘ ਬਰਾੜ ਨਾਲ ਵਿਸ਼ੇਸ਼ ਮੁਲਾਕਾਤ
(ਸੱਚ ਕਹੂੰ ਨਿਊਜ਼) ਸਰਸਾ। ਪੰਜਾਬ ’ਚ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐੱਸਆਈਟੀ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਅਤੇ ਸੀਨੀਅਰ ਵਾਈਸ ਚੇਅਰਮੈਨ ਡਾ.ਪੀ.ਆਰ. ਨੈਨ ਤੋਂ ਪੁੱਛਗਿੱਛ ਕਰਨ ਲਈ ਸੋਮਵਾਰ ਨੂੰ ਡੇਰਾ ਸੱਚਾ ਸੌਦਾ ਪਹੁੰਚੀ ਸੀ। ਹਾਲਾਂਕਿ ਭੈਣ ਵਿਪਾਸਨਾ ਲਗਭਗ ਦੋ ਸਾਲਾਂ ਤੋਂ ਮੈਡੀਕਲ ਛੁੱਟੀ ’ਤੇ ਹਨ ਅਤੇ ਡਾਕਟਰ ਪੀਆਰ ਨੈਨ ਇੰਸਾਂ ਡੇਂਗੂ ਕਾਰਨ ਬਿਮਾਰ ਚੱਲ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ ਐਸਆਈਟੀ ਨੂੰ ਮੈਡੀਕਲ ਰਿਪੋਰਟ ਭੇਜ ਦਿੱਤੀ ਸੀ। ਇਸ ਦੇ ਬਾਵਜੂਦ ਐੱਸਆਈਟੀ ਦੀ ਟੀਮ ਉਨ੍ਹਾਂ ਤੋਂ ਪੁੱਛਗਿੱਛ ਕਰਨ ਪਹੁੰਚੀ। ਇਸ ਦੌਰਾਨ ਐੱਸਆਈਟੀ ਦੀ ਜਾਂਚ ਵਿੱਚ ਡੇਰਾ ਮੈਨੇਜ਼ਮੈਂਟ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਦੋ-ਤਿੰਨ ਮੈਂਬਰ ਜਾਂਚ ਵਿੱਚ ਸ਼ਾਮਲ ਹੋਏ ਤੇ ਆਪਣਾ ਪੱਖ ਰੱਖਿਆ। ਇਸ ਤੋਂ ਬਾਅਦ ਐਸਆਈਟੀ ਟੀਮ ਪੰਜਾਬ ਵਾਪਸ ਪਰਤ ਗਈ। ਇਸ ਮਾਮਲੇ ’ਚ ਡੇਰਾ ਪ੍ਰੇਮੀਆਂ ਵੱਲੋਂ ਪੇਸ਼ ਹੋਏ ਐਡਵੋਕੇਟ ਕੇਵਲ ਸਿੰਘ ਬਰਾੜ ਨੇ ‘ਸੱਚ ਕਹੂੰ’ ਦੇ ਪ੍ਰਤੀਨਿਧ ਅਨਿਲ ਕੱਕੜ ਨਾਲ ਇੱਕ ਵਿਸ਼ੇਸ਼ ਮੁਲਾਕਾਤ ’ਚ ਪੂਰੇ ਮਾਮਲੇ ’ਤੇ ਚਾਨਣਾ ਪਾਇਆ ਪੇਸ਼ ਹਨ ਇਸ ਦੇ ਕੁਝ ਅੰਸ਼:-
ਸਵਾਲ: ਬੇਅਦਬੀ ਦਾ ਮਾਮਲਾ ਕੀ ਹੈ?
ਜਵਾਬ: ਸਾਲ 2015 ਵਿੱਚ ਸਭ ਤੋਂ ਪਹਿਲਾਂ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਕੀਤਾ ਜਾਂਦਾ ਹੈ। ਕਈ ਦਿਨਾਂ ਬਾਅਦ ਵਿਵਾਦਤ ਸ਼ਬਦਾਵਲੀ ਵਾਲੇ ਪੋਸਟਰ ਲਗਾਏ ਜਾਂਦੇ ਹਨ ਕਿ ਅਸੀਂ ਪ੍ਰੇਮੀ ਹਾਂ, ਉੱਪਰ ਨਾਅਰਾ ਲਿਖਿਆ ਹੋਇਆ ਹੈ ਕਿ ਅਸੀਂ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਠਾਇਆ ਹੈ ਅਤੇ ਅਸੀਂ ਇਸ ਦੀ ਬੇਅਦਬੀ ਕਰਾਂਗੇ। ਫਿਰ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ। ਇਸ ਤੋਂ ਬਾਅਦ ਤਿੰਨ ਸਾਲਾਂ ਤੱਕ ਜਾਂਚ ਚੱਲੀ, ਜਿਸ ਵਿੱਚ ਕਿਤੇ ਵੀ ਡੇਰਾ ਸੱਚਾ ਸੌਦਾ ਦਾ ਨਾਂਅ ਨਹੀਂ ਆਇਆ ਸੀ। ਤਿੰਨ ਸਾਲਾਂ ਬਾਅਦ ਅਚਾਨਕ 7-6-2018 ਨੂੰ ਮਹਿੰਦਰਪਾਲ ਬਿੱਟੂ ਨੂੰ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਸਿਟ ਵੱਲੋਂ ਹਿਮਾਚਲ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਤੌਰ ’ਤੇ ਅਗਵਾ ਕੀਤਾ ਜਾਂਦਾ ਹੈ। ਉਸ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ, ਕਿਉਂਕਿ ਨਾ ਤਾਂ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਨਾ ਹੀ ਉਸ ਨੂੰ ਕਿਸੇ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। 7-6-2018 ਤੋਂ 10-6-2018 ਤੱਕ ਉਸ ਨੂੰ ਗੈਰ ਕਾਨੂੰਨੀ ਤੌਰ ’ਤੇ ਸੀ.ਆਈ.ਏ. ਸਟਾਫ ਜਗਰਾਓਂ ਵੱਲੋਂ ਹਿਰਾਸਤ ’ਚ ਰੱਖਿਆ ਜਾਂਦਾ ਹੈ। ਉਸ ਨਾਲ ਅਣਮਨੁੱਖੀ ਸਲੂਕ ਕੀਤਾ ਜਾਂਦਾ ਹੈ, ਉਸ ਨੂੰ ਮਜ਼ਬੂਰ ਕੀਤਾ ਜਾਂਦਾ ਹੈ ਕਿ ਤੁਹਾਨੂੰ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਸਵੀਕਾਰ ਕਰਨਾ ਪਵੇਗਾ। ਦੋ-ਤਿੰਨ ਦਿਨ ਬਹੁਤ ਕੁਝ ਝੱਲਿਆ, ਬਹੁਤ ਜ਼ਿਆਦਾ ਮਾਰ ਖਾਧੀ। ਪਰ ਜਦੋਂ ਤੁਸੀਂ ਘਰ ਦੇ ਜੀਆਂ ਨੂੰ ਚੁੱਕ ਕੇ ਤੇ ਉਨ੍ਹਾਂ ਨੂੰ ਵੀ ਬਰਾਬਰ ਨੰਗੇ ਕਰੋਗੇ ਤਾਂ ਆਦਮੀ ਮਜ਼ਬੂਰ ਹੋ ਜਾਂਦਾ ਹੈ। ਉਸ ਤੋਂ ਇਲਾਵਾ ਵੀ ਹੋਰ ਡੇਰਾ ਪ੍ਰੇਮੀ ਚੁੱਕੇ ਗਏ, ਉਨ੍ਹਾਂ ਨਾਲ ਵੀ ਕਾਫੀ ਕੁੱਟਮਾਰ ਕੀਤੀ ਗਈ।
ਬਹੁਤ ਹੀ ਅਣਮਨੁੱਖੀ ਜ਼ੁਲਮ ਕੀਤੇ ਗਏ। ਇਸ ਲਈ ਉਸ ਨੂੰ ਜ਼ਬਰਦਸਤੀ ਕਬੂਲ ਕਰ ਲਿਆ ਗਿਆ। ਨਹੀਂ ਤਾਂ ਬੇਅਦਬੀ ਦੀਆਂ ਘਟਨਾਵਾਂ ਵਿੱਚ ਡੇਰਾ ਪ੍ਰੇਮੀਆਂ ਦੀ ਕੋਈ ਭੂਮਿਕਾ ਨਹੀਂ ਹੈ। ਡੇਰਾ ਪ੍ਰੇਮੀਆਂ ਵੱਲੋਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨਾ ਤਾਂ ਦੂਰ ਦੀ ਗੱਲ ਹੈ, ਉਹ ਬੇਅਦਬੀ ਬਾਰੇ ਸੋਚਣਾ ਵੀ ਮਹਾਂਪਾਪ ਸਮਝਦੇ ਹਨ। ਧਰਮ ਨੂੰ ਮੰਨਣ ਵਾਲਾ ਕੋਈ ਵੀ ਵਿਅਕਤੀ ਬੇਅਦਬੀ ਨਹੀਂ ਕਰ ਸਕਦਾ। ਫਿਰ ਡੇਰਾ ਸੱਚਾ ਸੌਦਾ ਦੁਨੀਆ ਦੀ ਇੱਕੋ ਇੱਕ ਅਜਿਹੀ ਵਿਸ਼ਵ ਪੱਧਰੀ ਸੰਸਥਾ ਹੈ, ਜਿੱਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਧਰਮਾਂ ਦੇ ਲੋਕ ਆ ਕੇ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ, ਤਾਂ ਫਿਰ ਉਹ ਬੇਅਦਬੀ ਕਿਉਂ ਕਰਨਗੇ?
ਸਵਾਲ: ਇਸ ਕੇਸ ਦੀ ਪਹਿਲਾਂ ਹੋ ਚੁੱਕੀ ਜਾਂਚ ਨੂੰ ਬਾਅਦ ਵਿੱਚ ਦੂਜੇ ਪਾਸੇ ਕਿਵੇਂ ਮੋੜ ਦਿੱਤਾ ਗਿਆ?
ਜਵਾਬ: ਪਹਿਲਾਂ ਦੋ ਲੜਕੇ ਗਿ੍ਰਫਤਾਰ ਕੀਤੇ ਗਏ, ਉਨ੍ਹਾਂ ਦਾ ਵੀ ਕਬੂਲਨਾਮਾ ਸੀ। ਉਹ ਵੀ ਉਵੇਂ ਹੀ ਪਿਆ ਹੈ। ਮਹਿੰਦਰਪਾਲ ਬਿੱਟੂ ਨੂੰ ਕਹਿੰਦੇ ਹਨ ਕਿ ਕਬੂਲਨਾਮਾ ਕੀਤਾ ਹੈ। ਕੀ ਪਹਿਲਾਂ ਵਾਲੇ ਲੜਕਿਆਂ ਦਾ ਕਬੂਲਨਾਮਾ ਨਹੀਂ ਸੀ? ਕੀ ਪੰਜਾਬ ਪੁਲਿਸ ਉਸ ਤੋਂ ਮੁੱਕਰੇਗੀ, ਇਹ ਪੂਰੀ ਤਰ੍ਹਾਂ ਸਿਆਸੀ ਸਟੰਟ ਹੈ। ਦੇਖੋ, ਉਸ ਸਮੇਂ ਰਣਬੀਰ ਸਿੰਘ ਖੱਟੜਾ ਇੱਕ ਪ੍ਰੈੱਸ ਕਾਨਫਰੰਸ ਕਰਦੇ ਹਨ, ਸ਼ਾਇਦ ਅਜੇ ਵੀ ਯੂ-ਟਿਊਬ ’ਤੇ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਵਾਲੇ ਲੜਕਿਆਂ ਨੂੰ ਜਲਦਬਾਜ਼ੀ ਵਿੱਚ ਫੜ ਲਿਆ ਸੀ, ਪਹਿਲਾਂ ਮਾਮਲੇ ਦੀ ਜਾਂਚ ਕਰਨੀ ਬਣਦੀ ਸੀ, ਫਿਰ ਵਿਰੋਧੀਆਂ ਦੇ ਦਬਾਅ ਹੇਠ ਸਾਨੂੰ ਉਨ੍ਹਾਂ ਨੂੰ ਛੱਡਣਾ ਪਿਆ। ਫਿਰ ਉਹ ਇਸ ਗੱਲ ’ਤੇ ਜਵਾਬ ਦਿੰਦੇ ਹਨ ਕਿ ਉਥੇ ਡੇਰਾ ਸੱਚਾ ਸੌਦਾ ਵਾਲਿਆਂ ਦਾ ਨਾਅਰਾ ਲਿਖਿਆ ਸੀ ਜਾਂ ਨਾਂਅ ਲਿਖੇ ਸਨ, ਉਨ੍ਹਾਂ ਦੀ ਇਨਵੋਲਵਮੈਂਟ ਹੋ ਸਕਦੀ ਹੈ। ਤਾਂ ਉਨ੍ਹਾਂ ਕਹਿਣਾ ਸੀ ਕਿ ਦੇਖੋ , ਡੇਰਾ ਪ੍ਰਮੁੱਖ ਦੀ ਫਿਲਮ ਵੀ ਚੱਲ ਗਈ, ਡੇਰਾ ਮੁਖੀ ਨੂੰ ਮੁਆਫੀ ਵੀ ਮਿਲ ਗਈ ਤਾਂ ਉਹ ਬੇਅਦਬੀ ਕਿਉਂ ਕਰਨਗੇ। ਇਹ ਬਿਆਨ ਸੀ ਰਣਬੀਰ ਸਿੰਘ ਖੱਟੜਾ ਦਾ। ਫਿਰ ਅਚਾਨਕ ਜਾਂਚ ਨੂੰ ਇਸ ਦਿਸ਼ਾ ਵਿੱਚ ਕਿਉਂ ਢਾਲਿਆ ਗਿਆ, ਹੁਣ ਤੁਸੀਂ ਦੇਖੋ ਕਿ ਇਹ ਸਿਆਸੀ ਸਟੰਟ ਨਹੀਂ ਤਾਂ ਹੋਰ ਕੀ ਹੈ।
ਸਵਾਲ: ਇਨ੍ਹਾਂ ਸਵਾਲਾਂ ਨਾਲ ਸਮਾਜ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਭਾਈਚਾਰੇ ਨੂੰ ਹੋ ਰਹੇ ਨੁਕਸਾਨ ਨੂੰ ਕਿਵੇਂ ਦੇਖਦੇ ਹੋ?
ਜਵਾਬ: ਜੇਕਰ ਅਸੀਂ ਪਿਛਲੇ ਸਮੇਂ ’ਤੇ ਨਜ਼ਰ ਮਾਰੀਏ ਤਾਂ ਡੇਰਾ-ਸਿੱਖ ਵਿਵਾਦ 2007 ਵਿਚ ਸ਼ੁਰੂ ਹੋਇਆ ਇੱਕ ਆਰੋਪ ਲੱਗਿਆ ਕਿ ਪੂਜਨੀਕ ਗੁਰੂ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦੇ ਹੋਏ ਪੁਸ਼ਾਕ ਪਹਿਨੀ ਹੈ ਤਾਂ ਇੱਕ ਦਬਾਅ ਬਣਿਆ, ਵਿਵਾਦ ਬਣਿਆ ਤਾਂ ਉਸ ਸਮੇਂ ਪੂਜਨੀਕ ਗੁਰੂ ਜੀ ਨੇ ਇੱਕ ਬਿਆਨ ਦਿੱਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨਾ ਤਾਂ ਦੂਰ ਅਸੀਂ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਤਾਂ ਉੱਥੇ ਇਹ ਮਸਲਾ ਖ਼ਤਮ ਹੋ ਜਾਣਾ ਚਾਹੀਦਾ ਸੀ, ਕਿਉ ਨਹੀਂ ਕੀਤਾ ਗਿਆ? ਇਸ ਇੱਕ ਵਿਵਾਦ ਨੂੰ ਡੇਰਾ-ਸਿੱਖ ਵਿਵਾਦ ਦਾ ਰੂਪ ਦੇ ਕੇ ਪੰਜਾਬ ਵਿਚ ਮਾਹੌਲ ਖਰਾਬ ਕੀਤਾ ਗਿਆ ਕਿੰਨਾ ਸੂਬੇ ਦਾ ਪੈਸਾ ਲੱਗਾ, ਕਿੰਨੀ ਲੋਕਾਂ ਵਿਚ ਨਫ਼ਰਤ ਦੀ ਭਾਵਨਾ ਪੈਦਾ ਹੋਈ ਉਹੀ ਕੁਝ ਹੁਣ ਲੱਗ ਰਿਹਾ ਹੈ ਦੇਖੋ ਇਹ ਸਭ ਵੋਟਾਂ ਦੀ ਰਾਜਨੀਤੀ ਹੈ, ਸਿੱਖ ਵੋਟ ਪੱਕੀ ਕਰਨ ਨੂੰ ਲਾ ਲਓ, ਹਿੰਦੂ ਵੋਟ ਲੈਣ ਦਾ ਲਾ ਲਓ ਇਹ ਸਭ ਰਾਜਨੀਤੀ ਤੋਂ ਜ਼ਿਆਦਾ ਕੁਝ ਨਹੀਂ ਹੈ, ਇਸ ਨਾਲ ਸਮਾਜ ਦੇ ਭਾਈਚਾਰੇ ਨੂੰ ਜੋ ਨੁਕਸਾਨ ਹੋ ਰਿਹਾ ਹੈ, ਉਹ ਸਭ ਦੇ ਸਾਹਮਣੇ ਹੈ। ਇਹ ਸਾਜਿਸ਼ ਡੇਰੇ ਨੂੰ ਬਦਨਾਮ ਕਰਨ ਲਈ ਰਚੀ ਜਾ ਰਹੀ ਹੈ।
ਦੋਖੋ ਇਨ੍ਹਾਂ ਕੋਲ ਮਹਿੰਦਰਪਾਲ ਬਿੱਟੂ ਦਾ ਕਬੂਲਨਾਮਾ ਹੈ, ਉਹ ਕਿਵੇਂ ਲਿਆ ਗਿਆ ਹੈ, ਇਹ ਉਨ੍ਹਾਂ ਦੀ 32 ਪੰਨਿਆਂ ਦੀ ਡਾਇਰੀ ਵਿਚ ਸਾਫ਼ ਹੋ ਚੁੱਕਾ ਹੈ ਹੁਣ ਇਹ ਮਾਮਲਾ ਹਾਈਕੋਰਟ ਦੇ ਵਿਚਾਰਅਧੀਨ ਹੈ ਅਤੇ ਅਸੀਂ ਕਿਹਾ ਹੈ ਕਿ ਇਸ ਦੀ ਅੱਗੇ ਉੱਚ ਪੱਧਰੀ ਨਿਰਪੱਖ ਜਾਂਚ ਅਜ਼ਾਦ ਜਾਂਚ ਏਜੰਸੀ ਤੋਂ ਹੋਣੀ ਚਾਹੀਦੀ ਹੈ ਪੰਜਾਬ ਵਿਚ ਤਾਂ ਸਭ ਵੋਟਾਂ ਦੀ ਖੇਡ ਚੱਲ ਰਹੀ ਹੈ, ਇਸ ਲਈ ਸੂਬਾ ਸਰਕਾਰ ਤੋਂ ਤਾਂ ਨਿਰਪੱਖ ਜਾਂਚ ਦੀ ਉਮੀਦ ਤਾਂ ਬਿਲਕੁਲ ਨਹੀਂ ਕੀਤੀ ਜਾ ਸਕਦੀ
ਸਵਾਲ: ਮਹਿੰਦਰਪਾਲ ਬਿੱਟੂ ਦੀ ਡਾਇਰੀ ਜੋ ਹਾਈਕੋਰਟ ਵਿਚ ਪਹੁੰਚੀ ਹੈ, ਉਸ ਵਿਚ ਹਾਈਕੋਰਟ ਦਾ ਰਿਐਕਸ਼ਨ ਕੀ ਰਿਹਾ ਹੈ?
ਜਵਾਬ: ਮਹਿੰਦਰਪਾਲ ਬਿੱਟੂ ਮਰਡਰ ਕੇਸ ਵਿਚ ਵੀ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਕਿਹਾ ਸੀ ਕਿ ਇੱਕ ਮਹੀਨੇ ਦੇ ਅੰਦਰ ਜਾਂ 60 ਦਿਨਾਂ ਵਿਚ ਜਾਂਚ ਪੂਰੀ ਕਰ ਦਿਆਂਗੇ ਅਤੇ ਜਾਂਚ ਨਿਰਪੱਖ ਹੋਵੇਗੀ। ਇਸ ਤੋਂ ਬਾਅਦ ਇੱਕ ਇੰਸਪੈਕਟਰ ਦੁਆਰਾ ਮੌਕੇ ’ਤੇ ਜੋ ਲੜਕੇ ਹੁੰਦੇ ਹਨ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਕੇ ਚਲਾਨ ਪੇਸ਼ ਕਰ ਦਿੱਤਾ ਜਾਂਦਾ ਹੈ ਇਸ ਦੇ ਪਿੱਛੇ ਸਾਜਿਸ਼ਕਰਤਾ ਕੌਣ ਸੀ, ਇਸ ਬਾਰੇ ਨਾ ਤਾਂ ਜਾਂਚ ਕੀਤੀ ਗਈ, ਤੇ ਜੇਕਰ ਜਾਂਚ ਕੀਤੀ ਗਈ ਹੈ ਤਾਂ ਉਹ ਐੱਸਆਈਟੀ ਦੀ ਰਿਪੋਰਟ ਹਾਲੇ ਤੱਕ ਖੋਲ੍ਹੀ ਨਹੀਂ ਗਈ ਉਸੇ ਨੂੰ ਲੈ ਕੇ ਸਾਨੂੰ ਮਹਿੰਦਰਪਾਲ ਬਿੱਟੂ ਦਾ ਲੈਟਰ ਮਿਲਿਆ 23-6-2018 ਨੂੰ ਦਿੱਤਾ ਗਿਆ ਸੀ।
ਡੀਸੀ ਸਾਹਿਬ ਨੂੰ, ਉਨ੍ਹਾਂ ਅੱਗੇ ਇਨਕੁਆਇਰੀ ਲਈ ਭੇਜ ਦਿੱਤਾ ਸੀ, ਮੁੱਖ ਮੰਤਰੀ ਨੂੰ ਸਕੱਤਰ ਨੂੰ, ਡੀਜੀਪੀ ਅਤੇ ਐਸਐਸਪੀ ਨੂੰ ਇਸ ਦੇ ਬਾਵਜ਼ੂਦ ਦੋ ਸਾਲ ਕੋਈ ਜਾਂਚ ਨਹੀਂ ਕੀਤੀ ਗਈ ਆਖ਼ਰ ਵਿਚ ਸਾਨੂੰ ਹਾਈਕੋਰਟ ਦਾ ਰੁਖ਼ ਕਰਨਾ ਪਿਆ ਉਸ ਦੇ ਅੰਦਰ ਤਿੰਨ-ਚਾਰ ਗੱਲਾਂ ਅਹਿਮ ਹਨ, ਜਿਨ੍ਹਾਂ ਵਿਚ ਮਹਿੰਦਰਪਾਲ ਬਿੱਟੂ ਨੂੰ ਕਿਹਾ ਜਾਂਦਾ ਹੈ ਕਿ ਤੂੰ ਕਬੂਲਨਾਮਾ ਦੇ ਕਬੂਲਨਾਮਾ ਅਣਮਨੁੱਖੀ ਅੱਤਿਆਚਾਰ ਕਰਕੇ ਲਿਆ ਜਾਂਦਾ ਹੈ, ਫਿਰ ਉਸ ਤੋਂ ਪੁਲਿਸ ਹਿਰਾਸਤ ਵਿਚ ਜੇਲ੍ਹ ਸੁਪਰਡੈਂਟ ਦੇ ਨਾਂਅ ਇੱਕ ਚਿੱਠੀ ਲਿਖਵਾਈ ਜਾਂਦੀ ਹੈ ਕਿ ਮੈਂ ਕਬੂਲਨਾਮਾ ਕਰਨਾ ਚਾਹੁੰਦਾ ਹਾਂ ਕੋਰਟ ਵਿਚ 164 ਦਾ ਬਿਆਨ ਦੇਣਾ ਚਾਹੁੰਦਾ ਹਾਂ ਉਹ ਲਿਖਵਾ ਕੇ ਜੇਬ੍ਹ ਵਿਚ ਪਾ ਦਿੱਤੀ ਜਾਂਦੀ ਹੈ, ਜਦੋਂ ਉਸ ਨੂੰ ਪਟਿਆਲਾ ਜੇਲ੍ਹ ਵਿਚ ਛੱਡਣ ਗਏ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਤੂੰ ਜੇਲ੍ਹ ਸੁਪਰਡੈਂਟ ਨੂੰ ਚਿੱਠੀ ਦੇ ਹੁਣ ਤੁਸੀਂ ਦੇਖੋ ਕਿ ਇਸ ਗੱਲ ਤੋਂ ਕੀ ਪਤਾ ਲੱਗਦਾ ਹੈ ਫਿਰ ਉਸ ਨੂੰ ਕਿਹਾ ਜਾਂਦਾ ਹੈ ਕਿ ਤੂੰ ਆਪਣੇ ਬਿਆਨਾਂ ’ਤੇ ਕਾਇਮ ਰਹਿੰੰਦਾ ਹੈਂ ਤਾਂ ਤੈਨੂੰ ਧਰਮਸ਼ਾਲਾ ਜੇਲ੍ਹ ਵਿਚ ਛੱਡ ਦਿੱਤਾ ਜਾਵੇਗਾ, ਤੂੰ ਉੱਥੇ ਮੌਜ਼ ਨਾਲ ਰਹੀਂ, ਨਾਲ ਹੀ ਤੇਰੀ ਸਜ਼ਾ ਘਟਾ ਦਿਆਂਗੇ ਨਹੀਂ ਤਾਂ ਤੈਨੂੰ ਨਾਭਾ ਜੇਲ੍ਹ ਵਿਚ ਸ਼ਿਫਟ ਕਰਾਂਗੇ, ਉੱਥੇ ਕੱਟੜਪੰਥੀ ਅਤੇ ਅਪਰਾਧੀ ਤੈਨੂੰ ਮਾਰ ਦੇਣਗੇ ਉਸ ਨੂੰ ਕੋਈ ਸੁਫ਼ਨਾ ਥੋੜ੍ਹਾ ਆਉਦਾ ਹੈ, ਓਦਾਂ ਹੀ ਹੋਇਆ ਜੇਕਰ ਇਹ ਸਾਜਿਸ਼ ਨਹੀਂ ਤਾਂ ਹੋਰ ਕੀ ਹੈ? ਇਸੇ ਦੀ ਜਾਂਚ ਲਈ ਅਸੀਂ ਹਾਈਕੋਰਟ ਦਾ ਰੁਖ਼ ਕੀਤਾ ਹੈ
ਸਵਾਲ: ਸੀਬੀਆਈ ਦੁਆਰਾ ਕਲੀਨਚਿੱਟ ਦੇਣ ਦੇ ਬਾਵਜ਼ੂਦ ਇਸ ਮਾਮਲੇ ਵਿਚ ਐੱਸਆਈਟੀ ਦਾ ਗਠਨ ਹੋਣਾ, ਇਸ ਦੇ ਪਿੱਛੇ ਕਿਸ ਨੂੰ ਦੇਖਦੇ ਹੋ?
ਜਵਾਬ: ਇਹ ਸਭ ਪਲੀਟੀਕਲ ਪ੍ਰੈਸ਼ਰ ਹੈ, ਕੁੰਵਰ ਵਿਜੈ ਪ੍ਰਤਾਪ ਵਾਲੀ ਜੋ ਜਾਂਚ ਸੀ, ਉਸ ਵਿਚ ਮਾਣਯੋਗ ਹਾਈਕੋਰਟ ਨੇ ਪਹਿਲਾਂ ਤਾਂ ਐਸਆਈਟੀ ਸਾਈਡ ਵਿਚ ਕੀਤੀ ਫਿਰ ਉਸ ਵਿਚ ਸਾਫ਼ ਕਿਹਾ ਕਿ ਇਹ ਜੋ ਐਸਆਈਟੀ ਹੈ , ਉਹ ਸਰਕਾਰ ਨੂੰ ਜਵਾਬਦੇਹ ਨਹੀਂ ਹੋਵੇਗੀ ਇਹ ਸਿਰਫ਼ ਅਤੇ ਸਿਰਫ਼ ਕੋਰਟ ਨੂੰ ਰਿਪੋਰਟ ਦੇਣ ਲਈ ਜਿੰਮੇਵਾਰ ਹੋਵੇਗੀ ਪਰ ਦੇਖੋ ਅਸਲ ਵਿਚ ਕੀਤਾ ਕੀ ਜਾ ਰਿਹਾ ਹੈ
ਸਵਾਲ: ਐਸਆਈਟੀ ਪੂਜਨੀਕ ਗੁਰੂ ਜੀ ਤੋਂ ਵੀ ਪੁੱਛਗਿੱਛ ਕਰਦੀ ਹੈ, ਜੋ ਪੁੱਛਗਿੱਛ ਹੋਈ ਉਹ ਮੀਡੀਆ ’ਚ ਵੀ ਛਪੀ, ਉਸ ਬਾਰੇ ਦੱਸੋ
ਜਵਾਬ: ਪੁੱਛਗਿੱਛ ’ਚ ਪੂਜਨੀਕ ਗੁਰੂ ਜੀ ਅਤੇ ਡੇਰਾ ਮੈਨੇਜ਼ਮੈਂਟ ਪੂਰਾ ਕਾਪਰੇਟ ਕਰ ਰਹੀ ਹੈ ਮੈਨੂੰ ਹੈਰਾਨੀ ਇਸ ਗੱਲ ਦੀ ਹੋ ਰਹੀ ਹੈ ਕਿ ਐਸਆਈਟੀ ਦੇ 4 ਮੈਂਬਰ ਪੂਜਨੀਕ ਗੁਰੂ ਜੀ ਤੋਂ ਪੁੱਛਗਿੱਛ ਕਰਕੇ ਆਉਂਦੇ ਹਨ ਤਾਂ ਮੀਡੀਆ ’ਚ ਕਿਵੇਂ ਆ ਗਏ ਸਾਰੇ ਸਵਾਲ-ਜਵਾਬ ਕਿਸ ਨੇ ਲੀਕ ਕੀਤੇ? ਕੀ ਇਹ ਰਾਜਨੀਤਿਕ ਸਾਜਿਸ਼ ਨਹੀਂ ਹੈ? ਇਹ ਸਵਾਲ-ਜਵਾਬ ਕਿਸ ਨੇ ਮੀਡੀਆ ਨੂੰ ਦਿੱਤੇ?
ਸਵਾਲ: ਸੀਬੀਆਈ ਜਾਂਚ ਨੂੰ ਮੰਨਣ ਲਈ ਪੰਜਾਬ ਸਰਕਾਰ ਕਿਉਂ ਤਿਆਰ ਨਹੀਂ ਹੈ?
ਜਵਾਬ: ਜਸਟਿਸ ਅਨਮੋਲ ਰਤਨ ਨੇ ਜੋ ਫੈਸਲਾ ਦਿੱਤਾ ਸੀ, ਜਿਸ ’ਚ ਸੁਖਜਿੰਦਰ ਸੰਨੀ ਨੇ ਪਟੀਸ਼ਨ ਦਾਇਰ ਕੀਤੀ ਸੀ, ਉਸ ’ਚ ਜੋ ਰਿਕਾਰਡ ਸੀ ਸੀਬੀਆਈ ਤੋਂ ਐਸਆਈਟੀ ਨੂੰ ਦਿਵਾ ਦਿੱਤਾ ਗਿਆ ਉਸ ’ਚ ਕਿਹਾ ਗਿਆ ਹੈ ਕਿ ਅੱਗੇ ਜਾਂਚ ਹੋਵੇਗੀ, ਮੁੜ ਤੋਂ ਜਾਂਚ ਨਹੀਂ ਹੋਵੇਗੀ ਇਹ ਅੱਗੇ ਜਾਂਚ ਦੀ ਬਜਾਇ ਮੁੜ ਜਾਂਚ ਕਰਨ ’ਚ ਜੁਟੇ ਹਨ, ਇਹ ਸਾਰਾ ਕੰਮ ਗੈਰ-ਕਾਨੂੰਨੀ ਤਾਂ ਹੈ ਹੀ
ਸਵਾਲ: ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਾਰੇ ਧਰਮਾਂ ਦਾ ਪੂਰਾ ਸਤਿਕਾਰ ਕਰਦੇ ਹਨ, ਫਿਰ ਕਿਉਂ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ?
ਜਵਾਬ: ਵੇਖੋ, ਜ਼ਿਆਦਾਤਰ ਸਿੱਖ ਹੀ ਹਨ, ਜਿਨ੍ਹਾਂ ਨੂੰ ਐਸਆਈਟੀ ਵਾਲੇ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਦੋਂਕਿ ਜਿਨ੍ਹਾਂ ਨੂੰ ਮੁਲਜ਼ਮ ਬਣਾਇਆ ਹੈ, ਉਨ੍ਹਾਂ ਨੇ ਆਪਣਾ ਬਾਇਓਡਾਟਾ ਦਿੱਤਾ ਹੈ, ਅਖਬਾਰਾਂ ’ਚ ਵੀ ਇੰਟਰਵਿਊ ਆਏ ਹਨ ਫੋਟੋ ਵੀ ਪ੍ਰਕਾਸ਼ਿਤ ਹੋਈਆਂ ਕਿ ਕਿਵੇਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਉਨ੍ਹਾਂ ਦੇ ਆਨੰਦ ਕਾਰਜ ਹੋਏ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਡੇਰਾ ਸੱਚਾ ਸੌਦਾ ’ਚ ਤਾਂ ਸਾਰੇ ਧਰਮਾਂ ਦਾ ਸਤਿਕਾਰ ਹੀ ਸਿਖਾਇਆ ਜਾਂਦਾ ਹੈ ਇਹ ਪੂਰਾ ਕੰਮ ਸ਼ਰਾਰਤੀ ਅਨਸਰਾਂ ਦਾ ਕੰਮ ਹੈ, ਪਤਾ ਨਹੀਂ ਸਰਕਾਰ ਅਤੇ ਜਾਂਚ ਏਜੰਸੀਆਂ ਦਾ ਧਿਆਨ ਉਸ ਵੱਲ ਕਿਉਂ ਨਹੀਂ ਜਾ ਰਿਹਾ ਪਰ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਇਸ ਮਾਮਲੇ ’ਚ ਸਿਰਫ ਸਿਆਸਤ ਹੋ ਰਹੀ ਹੈ
ਸਵਾਲ: ਡੇਰਾ ਸੱਚਾ ਸੌਦਾ ਪਹੁੰਚ ਕੇ ਐੱਸਆਈਟੀ ਨੇ ਕੀ ਜਾਂਚ ਕੀਤੀ?
ਜਵਾਬ: ਐੱਸਆਈਟੀ ਨੇ ਜਦੋਂ ਪੂਜਨੀਕ ਗੁਰੂ ਜੀ ਤੋਂ ਪੁੱਛਗਿੱਛ ਕੀਤੀ ਸੀ ਤਾਂ ਉਸ ਤੋਂ ਬਾਅਦ ਮੈਨੇਜ਼ਮੈਂਟ ਦੇ ਮੈਂਬਰਾਂ ਭੈਣ ਵਿਪਾਸਨਾ ਇੰਸਾਂ ਅਤੇ ਡਾ. ਪੀ. ਆਰ ਨੈਨ ਨੂੰ ਨੋਟਿਸ ਭੇਜੇ ਸਨ ਵਿਪਾਸਨਾ ਭੈਣ ਤਾਂ ਮੈਡੀਕਲ ਛੁੱਟੀ ’ਤੇ ਹਨ ਡੇਢ-ਦੋ ਸਾਲ ਤੋਂ ਅਤੇ ਡਾ. ਨੈਨ ਨੇ ਨੋਟਿਸ ਰਿਸੀਵ ਕੀਤੇ ਸਨ ਅਤੇ ਉਨ੍ਹਾਂ ਨੂੰ ਡੇਂਗੂ ਹੋਇਆ ਹੈ, ਉਹ ਬਿਮਾਰ ਹੋਣ ਕਾਰਨ ਰੈਸਟ ’ਤੇ ਹਨ ਮੈਡੀਕਲ ਪਹਿਲਾਂ ਵੀ ਭੇਜਿਆ ਸੀ ਅਤੇ ਕੱਲ੍ਹ ਵੀ ਮੈਡੀਕਲ ਭੇਜਿਆ ਸੀ ਤਾਂ ਫਿਰ ਵੀ ਐੱਸਆਈਟੀ ਦੀ ਟੀਮ ਇੱਥੇ ਆ ਕੇ ਤਸੱਲੀ ਕਰਕੇ ਗਈ ਹੈ ਇੱਕ- ਦੋ ਮੈਂਬਰਾਂ ਨੇ ਇਨਵੈਸਟੀਗੇਸ਼ਨ ਜੁਆਇੰਨ ਵੀ ਕੀਤੀ ਹੈ ਅਤੇ ਇੱਕ ਡਾਕਟਰ ਸਾਹਿਬ ਦਾ ਵੀ ਬਿਆਨ ਲਿਖਿਆ ਹੈ, ਜਿਨ੍ਹਾਂ ਨੇ ਮੈਡੀਕਲ ਦਿੱਤਾ ਸੀ, ਉਹ ਪੂਰੀ ਤਰ੍ਹਾਂ ਸੰਤੁਸ਼ਟ ਹੋ ਕੇ ਇੱਥੋਂ ਗਏ ਹਨ।
ਸਵਾਲ: ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਕੀ ਕਹਿਣਾ ਚਾਹੋਗੇ?
ਜਵਾਬ: ਮੇਰੀ ਅਪੀਲ ਹੈ ਕਿ ਪੰਜਾਬ ਇਲੈਕਸ਼ਨ ਤੱਕ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਰੋਕੀ ਜਾਣੀ ਚਾਹੀਦੀ ਹੈ ਫਿਰ ਅਜ਼ਾਦ ਜਾਂਚ ਏਜੰਸੀ ਸਿਰਫ ਮੁਲਜ਼ਮਾਂ ਨੂੰ ਫੜੇ ਅਤੇ ਇਸ ਮਾਮਲੇ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ ਇਹ ਕੋਈ ਮਜ਼ਾਕ ਨਹੀਂ ਹੈ, ਵੇਖੋ ਜਦੋਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਨਿੰਦਣਯੋਗ ਘਟਨਾ ਵਾਪਰੀ ਸੀ ਤਾਂ ਪੰਜਾਬ ’ਚ ਕਿੰਨੇ ਹੀ ਘਰਾਂ ’ਚ ਰੋਟੀਆਂ ਨਹੀਂ ਪੱਕੀਆਂ ਸਨ ਲੋਕਾਂ ਦੀਆਂ ਅੱਖਾਂ ’ਚ ਹੰਝੂ ਸਨ ਜਿਨ੍ਹਾਂ ਨੇ ਵੀ ਬੇਅਦਬੀ ਕੀਤੀ ਹੈ, ਉਹ ਪੰਜਾਬ ਦੇ ਦੁਸ਼ਮਣ ਹਨ ਉਨ੍ਹਾਂ ਨੂੰ ਫੜਿਆ ਜਾਣਾ ਚਾਹੀਦਾ ਹੈ, ਸਹੀ ਦਿਸ਼ਾ ’ਚ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਅਸਲੀ ਦੋਸ਼ੀ ਹਨ ਉਨ੍ਹਾਂ ਨੂੰ ਫੜਿਆ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ