ਪੰਜਾਬ ਨੂੰ ਮਿਲੀ ਆਪਣੀ ਪਹਿਲੀ ਪੂਰੀ ਜੀਨੋਮ ਸੀਕੁਐਂਸਿੰਗ ਲੈਬਾਰਟਰੀ
ਸਰਕਾਰੀ ਮੈਡੀਕਲ ਕਾਲਜ ’ਚ ਸ਼ੁਰੂ ਹੋਈ ਹੋਈ ਉਕਤ ਲੈਬਾਰਟਰੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਨੂੰ ਆਪਣੀ ਪਹਿਲੀ ਪੂਰੀ ਜੀਨੋਮ ਸੀਕੁਐਸਿੰਗ (ਜੀ.ਡਬਲਿਊ.ਐਸ) ਲੈਬਾਰਟਰੀ ਪ੍ਰਾਪਤ ਹੋ ਗਈ ਹੈ। ਇੱਥੇ ਸਰਕਾਰੀ ਮੈਡੀਕਲ ਕਾਲਜ ਵਿਖੇ ਰਾਜ ਦੀ ਇਸ ਆਪਣੀ ਪਹਿਲੀ ਤੇ ਨਿਵੇਕਲੀ, ਰਾਜ-ਸੰਚਾਲਿਤ ਕੋਵਿਡ-19 ਹੋਲ ਜੀਨੋਮ ਸੀਕੁਐਂਸਿੰਗ ਲੈਬਾਰਟਰੀ ਨੂੰ ਡਾਕਟਰੀ ਸਿੱਖਿਆ ਵਿਭਾਗ ਤੇ ਅਤੇ ਖੋਜ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ ਵੱਲੋਂ ਲੋਕ ਅਰਪਿਤ ਕੀਤਾ। ਇਸ ਲੈਬ ਬਾਰੇ ਜਾਣਕਾਰੀ ਦਿੰਦਿਆਂ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਲੈਬਾਰਟਰੀ, ਜਿਸ ਨੂੰ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਦੁਆਰਾ ਟੈਸਟਿੰਗ ਸਮਰੱਥਾਵਾਂ ਲਈ ਭਾਰਤ ਦੀਆਂ ਚੋਟੀ ਦੀਆਂ ਪੰਜ ਪ੍ਰਯੋਗਸ਼ਾਲਾਵਾਂ ’ਚੋਂ ਇੱਕ ਲੈਬ ਵਜੋਂ ਮਾਨਤਾ ਦਿੱਤੀ ਹੋਈ ਹੈ ਜਿੱਥੇ ਕਿ ਹੁਣ ਤੱਕ ਲਗਭਗ 312 ਜੀਨੋਮ ਕ੍ਰਮ ਦੇ ਨਮੂਨਿਆਂ ਦੀ ਸਫ਼ਲਤਾਪੂਰਵਕ ਜਾਂਚ ਕੀਤੀ ਹੈ।
ਇਹ ਲੈਬਾਰਟਰੀ ਭਾਰਤੀ ਸਾਰਸ-ਕੋਵ-2, ਕਨਸੋਰਟੀਅਮ ਆਨ ਜੀਨੋਮਿਕਸ (ਇਨਸਾਕੋਗ) ਦੀ ਵੀ ਮੈਂਬਰ ਹੈ, ਜੋਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਥਾਪਿਤ 28 ਕੌਮੀ ਲੈਬਾਰਟਰੀਆਂ ਦਾ ਇੱਕ ਸਮੂਹ ਹੈ ਅਤੇ ਇਹ ਭਾਰਤ ਦੇ ਜੀਨੋਮਿਕ ਸੀਕੁਐਂਸਿੰਗ ਅਤੇ ਕੋਵਿਡ-19 ਵਾਇਰਸਾਂ ਦੇ ਫੈਲਾਅ ਦਾ ਵਿਸ਼ਲੇਸ਼ਣ ਕਰਨ ਸਮੇਤ ਜੀਨੋਮਿਕ ਰੂਪਾਂ ਰਾਹੀਂ ਮਹਾਂਮਾਰੀ ਦੇ ਵਿਗਿਆਨਿਕ ਰੁਝਾਨਾਂ, ’ਤੇ ਲਗਾਤਾਰ ਖੋਜ਼ ਕਾਰਜ ਕਰ ਰਿਹਾ ਹੈ।
ਇਸੇ ਦੌਰਾਨ ਲੈਬ ਇੰਚਾਰਜ ਡਾ. ਰੁਪਿੰਦਰ ਬਖ਼ਸ਼ੀ ਨੇ ਕਿਹਾ ਕਿ ਕੋਵਿਡ-19 ਦੇ ਨਵੇਂ ਰੂਪ, ਜਿਸ ਦਾ ਨਾਮ ਵਿਸ਼ਵ ਸਿਹਤ ਸੰਗਠਨ ਨੇ ਓਮੀਕਰੋਨ ਰੱਖਿਆ ਹੈ, ਬਾਰੇ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ, ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਸਥਿਤ ਇਸ ਲੈਬਾਰਟਰੀ ਵਿੱਚ ਡਬਲਯੂ.ਜੀ.ਐਸ. ਸੁਵਿਧਾਵਾਂ ਨਾਲ ਪੰਜਾਬ ਨੂੰ ਕੋਵਿਡ ਦੇ ਅਜਿਹੇ ਨਵੇਂ ਪ੍ਰਚਲਤ ਹੋ ਰਹੇ ਰੂਪਾਂ ਨਾਲ ਨਜਿੱਠਣ ਲਈ ਤਿਆਰੀਆਂ ਕਰਨ ਅਤੇ ਇਸ ਦੀ ਰੋਕਥਾਮ ਲਈ ਆਪਣੀਆਂ ਇਲਾਜ ਸਹੂਲਤਾਂ ਅਤੇ ਬੰਦੋਬਸਤਾਂ ਨੂੰ ਸਹੀ ਦਿਸ਼ਾ ’ਚ ਅੰਜਾਮ ਦੇਣ ਲਈ ਮਦਦਗਾਰ ਸਾਬਤ ਹੋਣਗੀਆਂ
ਉਨ੍ਹਾਂ ਅੱਗੇ ਕਿਹਾ ਕਿ ਨੇੜ ਭਵਿੱਖ ਵਿੱਚ ਇਹ ਮਹਾਂਮਾਰੀ ਹੋਰ ਵਿਕਰਾਲ ਰੂਪ ਧਾਰ ਸਕਦੀ ਹੈ, ਇਸ ਲਈ ਹੁਣੇ ਤੋਂ ਇਸ ਨਾਲ ਨਜਿੱਠਣ ਅਤੇ ਇਸ ਦੇ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਸਮੇਤ ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਟੈਸਟ ਕਰਨ ਸਮੇਤ ਉਚਿਤ ਅਤੇ ਜ਼ਰੂਰੀ ਰੋਕਥਾਮ ਉਪਾਅ ਅਤੇ ਰਣਨੀਤੀਆਂ ਤਿਆਰ ਕਰਨ ਲਈ ਵੀ ਮਹੱਤਵਪੂਰਨ ਸਾਬਤ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ