ਬਿਜਲੀ ਕਾਮਿਆਂ ਵੱਲੋਂ ਮੁੱਖ ਦਫਤਰ ਦੇ ਤਿੰਨੇ ਗੇਟਾਂ ’ਤੇ ਰੋਸ ਪ੍ਰਦਰਸ਼ਨ ਜਾਰੀ

Power Workers Protest Sachkahoon

ਚੌਥੇ ਦਿਨ ਵੀ ਹੈੱਡ ਆਫਿਸ ਦਾ ਕੰਮ ਠੱਪ, ਗੇਟਾਂ ਨੂੰ ਲੱਗੇ ਤਾਲੇ

ਬਿਜਲੀ ਕਾਮੇ 26 ਨਵੰਬਰ ਤੱਕ ਲਗਾਤਾਰ ਮਾਸ ਕੈਜੂਅਲ ਲੀਵ ’ਤੇ ਰਹਿਣਗੇ

(ਖੁਸ਼ਬੀਰ ਸਿੰਘ ਤੂਰ) ਪਟਿਆਲਾ। ਅੱਜ ਚੌਥੇ ਦਿਨ ਪਟਿਆਲਾ ਵਿਖੇ ਪਾਵਰਕੌਮ ਅਤੇ ਟਰਾਂਸਕੋ ਦੇ ਮੁੱਖ ਦਫਤਰ ਦੇ ਤਿੰਨੋਂ ਗੇਟਾਂ ’ਤੇ ਤਾਲੇ ਲੱਗੇ ਰਹੇ ਅਤੇ ਹੈੱਡ ਆਫਿਸ ਦਾ ਕੰਮ ਠੱਪ ਰਿਹਾ। ਇਸ ਤੋਂ ਇਲਾਵਾ ਸ਼ਕਤੀ ਸਦਨ ਦਾ ਗੇਟ ਵੀ ਬੰਦ ਰਿਹਾ। ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ’ਤੇ ਬਿਜਲੀ ਮੁਲਾਜਮਾਂ ਦੀਆਂ 12 ਪ੍ਰਮੁੱਖ ਜਥੇਬੰਦੀਆਂ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਗੇਟਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਪਾਵਰ ਮੈਨੇਜਮੈਂਟ ਖਿਲਾਫ ਨਾਅਰੇਬਾਜੀ ਕੀਤੀ। ਇਸ ਤੋਂ ਇਲਾਵਾ ਜਥੇਬੰਦੀ ਦੇ ਫੈਸਲੇ ਅਨੁਸਾਰ ਪੰਜਾਬ ਪੱਧਰ ’ਤੇ ਸਮੁੱਚੇ ਬਿਜਲੀ ਦਫਤਰਾਂ ਅੱਗੇ ਰੋਸ ਰੈਲੀਆਂ ਅਤੇ ਧਰਨੇ ਦੇ ਕੇ ਜੋਰਦਾਰ ਵਿਖਾਵੇ ਕੀਤੇ ਗਏ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜੁਆਇੰਟ ਫੋਰਮ ਦੇ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬਲਵਿੰਦਰ ਸਿੰਘ ਸੰਧੂ, ਜਗਰੂਮ ਸਿੰਘ ਮਹਿਮਦਪੁਰ, ਬਲਦੇਵ ਸਿੰਘ ਮੰਡਾਲੀ, ਹਰਪਾਲ ਸਿੰਘ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਉਹ ਜੱਥੇਬੰਦੀ ਨਾਲ ਕੀਤੇ ਸਮਝੌਤਿਆਂ ਨੂੰ ਲਾਗੂ ਕਰਨ ਤੋਂ ਇਨਕਾਰੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਬਿਜਲੀ ਕਾਮਿਆਂ ਦੇ ਚੱਲ ਰਹੇ ਜਬਰਦਸਤ ਸੰਘਰਸ਼ ਦੌਰਾਨ ਜੋ ਤਨਖਾਹ ਸਕੇਲ ਜਾਰੀ ਕੀਤੇ ਗਏ ਹਨ ਉਨ੍ਹਾਂ ਉੱਪਰ ਸੰਘਰਸ਼ ਦੀ ਅਗਵਾਈ ਕਰ ਰਹੇ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਨੇ ਤਿੱਖਾ ਪ੍ਰਤੀਕਰਮ ਜਾਰੀ ਕੀਤਾ ਹੈ ਅਤੇ ਨਾਲ ਹੀ 15 ਨਵੰਬਰ ਤੋਂ 18 ਨਵੰਬਰ ਤੱਕ ਸਮੂਹ ਛੁੱਟੀ ਦੇ ਸੰਘਰਸ਼ ਪ੍ਰੋਗਰਾਮ ਨੂੰ 26 ਨਵੰਬਰ ਤੱਕ ਵਧਾ ਦਿੱਤਾ ਅਤੇ 2 ਦਸੰਬਰ ਨੂੰ ਬਠਿੰਡਾ ਵਿਖੇ ਸਵਾਈ ਧਰਨੇ ਦਾ ਐਲਾਨ ਵੀ ਕਰ ਦਿੱਤਾ ਹੈ।

ਇਸ ਤੋਂ ਇਲਾਵਾ ਗੁਰਕਮਲ ਸਿੰਘ, ਨਛੱਤਰ ਸਿੰਘ, ਰਾਮ ਲੁਭਾਇਆ, ਰਜਿੰਦਰ ਸਿੰਘ ਦੁਧਾਲਾ, ਸੁਖਵਿੰਦਰ ਸਿੰਘ ਚਾਹਲ, ਜਗਜੀਤ ਸਿੰਘ ਕੋਟਲੀ ਅਤੇ ਮਨਜੀਤ ਕੁਮਾਰ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨੇਜਮੈਂਟ ਵੱਲੋਂ ਜਾਰੀ ਤਨਖਾਹਸਕੇਲਾਂ ਨੂੰ ਇਕਤਰਫਾ ਅਤੇ ਵੇਜ ਫਾਰਮੂਲੇਸ਼ਨ ਕਮੇਟੀ ’ਚ ਮੁਲਾਜਮ ਜੱਥੇਬੰਦੀਆਂ ਸਮੇਤ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਦੀ ਨੁਮਾਇੰਦਗੀ ਅਤੇ ਸਲਾਹ ਮਸ਼ਵਰੇ ਤੋਂ ਬਿਨਾਂ ਐਲਾਨ ਕੀਤੇ ਗਏ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਤਨਖਾਹ ਸਕੇਲ ਮਿਤੀ 1.12.2011 ਤੋਂ ਕਰਮਚਾਰੀਆਂ ਨੂੰ ਮਿਲਣਯੋਗ ਪੇ ਬੈਂਡ ਲਾਗੂ ਕਰਨ ਤੋਂ ਬਿਨਾਂ ਜਾਰੀ ਕੀਤੇ ਗਏ ਹਨ ਹਾਲਾਂਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ 1.12.11 ਤੋਂ ਪੇ ਬੈਂਡ ਦਾ ਲਾਭ ਦੇ ਕੇ ਪੇ ਰਵੀਜਨ ਕਰਨ ਉੱਪਰ ਸਹਿਮਤੀ ਦਿੱਤੀ ਹੋਈ ਹੈ । ਇਸ ਤਰ੍ਹਾਂ ਬਿਜਲੀ ਕਰਮਚਾਰੀਆਂ ਨਾਲ ਧੋਖਾ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ