ਜਗਤਾਰ ਸਿੰਘ ਹਿੱਸੋਵਾਲ ਵੀ ਹੋਏ ਕਾਂਗਰਸ ‘ਚ ਸ਼ਾਮਲ, ਆਪ ਦੇ ਵਿਧਾਇਕ ਜਗਤਾਰ ਸਿੰਘ

ਸਦਨ ਦੀ ਕਾਰਵਾਈ ਦੌਰਾਨ ਕੀਤਾ ਐਲਾਨ, ਸੱਤਾਧਿਰ ਵਾਲੇ ਪਾਸੇ ਜਾ ਕੇ ਬੈਠ ਗਏ ਜਗਤਾਰ ਸਿੰਘ

(ਅਸ਼ਵਨੀ ਚਾਵਲਾ) ਚੰਡੀਗੜ। ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਵਿਧਾਨ ਸਭਾ ਦੇ ਸਦਨ ਅੰਦਰ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸਦਨ ਅੰਦਰ ਇਹ ਕਾਰਵਾਈ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਸੀ ਤਾਂ ਆਮ ਆਦਮੀ ਪਾਰਟੀ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਹਾਲਾਂਕਿ ਜਗਤਾਰ ਸਿੰਘ ਹਿੱਸੋਵਾਲ ਪਹਿਲਾਂ ਤੋਂ ਹੀ ਆਪਣੀ ਪਾਰਟੀ ਤੋਂ ਨਰਾਜ਼ ਚਲ ਰਹੇ ਸਨ ਪਰ ਸਦਨ ਅੰਦਰ ਹੀ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਜਾਣਗੇ, ਇਸ ਬਾਰੇ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ।

ਵਿਧਾਨ ਸਭਾ ਸਦਨ ਦੇ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਸਦਨ ਦੇ ਅੰਦਰ ਬੋਲ ਰਹੇ ਸਨ। ਆਮ ਆਦਮੀ ਪਾਰਟੀ ਨੂੰ ਉਮੀਦ ਸੀ ਕਿ ਜਗਤਾਰ ਸਿੰਘ ਹਿੱਸੋਵਾਲ ਕਾਂਗਰਸ ਪਾਰਟੀ ਨੂੰ ਘੇਰਨਗੇ ਪਰ ਜਗਤਾਰ ਸਿੰਘ ਹਿੱਸੋਵਾਲ ਨੇ ਕਾਂਗਰਸ ਪਾਰਟੀ ਅਤੇ ਖ਼ਾਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹੀ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਨਾਅ ਦੀ ਹੀ ਆਮ ਆਦਮੀ ਦੀ ਪਾਰਟੀ ਬਣ ਕੇ ਰਹਿ ਗਈ ਹੈ, ਜਦੋਂ ਕਿ ਅਸਲ ਵਿੱਚ ਆਮ ਆਦਮੀ ਦੀ ਪਾਰਟੀ ਕਾਂਗਰਸ ਹੀ ਹੈ। ਜਿਸ ਤੋਂ ਬਾਅਦ ਉਹ ਆਪਣਾ ਸੰਬੋਧਨ ਖ਼ਤਮ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲ ਚਲੇ ਗਏ ਅਤੇ ਚਰਨਜੀਤ ਸਿੰਘ ਚੰਨੀ ਨੇ ਉਨਾਂ ਗਲੇ ਲਾ ਲਿਆ। ਉਨਾਂ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਅਤੇ ਕਾਂਗਰਸ ਪਾਰਟੀ ਵਾਲੇ ਬੈਂਚਾਂ ਵਿੱਚ ਹੀ ਬੈਠ ਗਏ।

ਦਲਬਦਲੂ ਕਾਨੂੰਨ ਦੀ ਧੱਜੀਆਂ ਅੱਜ ਸਦਨ ਵਿੱਚ ਹੀ ਉੱਡੀਆਂ : ਚੀਮਾ

ਵਿਰੋਧੀ ਧਿਰ ਅਤੇ ਆਪ ਵਿਧਾਇਕ ਦਲ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਅੱਜ ਵਿਧਾਨ ਸਭਾ ਦੇ ਅੰਦਰ ਦਲਬਦਲੂ ਵਿਰੋਧੀ ਕਾਨੂੰਨ ਨੂੰ ਪਾਸ ਕੀਤਾ ਗਿਆ ਹੈ ਤਾਂ ਇਸੇ ਕਾਨੂੰਨ ਦੀ ਕੁਝ ਹੀ ਦੇਰ ਬਾਅਦ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਮੌਜੂਦਗੀ ਵਿੱਚ ਧੱਜੀਆਂ ਵੀ ਉਡਾ ਦਿੱਤੀ ਗਈਆਂ, ਜਦੋਂ ਆਮ ਆਦਮੀ ਪਾਰਟੀ ਦਾ ਵਿਧਾਇਕਾਂ ਜਗਤਾਰ ਸਿੰਘ ਹਿੱਸੋਵਾਲ ਚੱਲਦੇ ਸਦਨ ਵਿੱਚ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ। ਉਨਾਂ ਕਿਹਾ ਕਿ ਪਵਿੱਤਰ ਸਦਨ ਹਮੇਸ਼ਾ ਹੀ ਕਾਨੂੰਨ ਦੀ ਰਾਖੀ ਕਰਦਾ ਹੈ ਅਤੇ ਸਪੀਕਰ ਨੇ ਸਦਨ ਦੀ ਮਰਿਆਦਾ ਬਣਾ ਕੇ ਰੱਖਣੀ ਹੁੰਦੀ ਹੈ ਪਰ ਸਦਨ ਅੰਦਰ ਅੱਜ ਜਿਹੜਾ ਕੁਝ ਹੋਇਆ ਹੈ, ਉਸ ਨੂੰ ਦੇਖ ਕੇ ਇੰਜ ਲਗਦਾ ਹੈ ਕਿ ਸਦਨ ਅੰਦਰ ਮਰਿਆਦਾ ਨੂੰ ਕਾਇਮ ਖ਼ੁਦ ਸਪੀਕਰ ਹੀ ਨਹੀਂ ਰੱਖਣਾ ਚਾਹੁੰਦੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ