ਡੀਏਪੀ ਖਾਦ ਦੀ ਕਿੱਲਤ ਦੇ ਚੱਲਦਿਆਂ ਨਿੱਜੀ ਗੁਦਾਮਾਂ ’ਚ ਛੁਪਾ ਕੇ ਰੱਖੀ ਡੀਏਪੀ ਖਾਦ ਬਰਾਮਦ
ਖੇਤੀਬਾੜੀ ਵਿਭਾਗ ਦੀ ਟੀਮ ਨੇ ਪੁਲੀਸ ਨੂੰ ਨਾਲ ਲੈ ਕੇ ਕੀਤੀ ਰੇਡ
(ਰਜਨੀਸ਼ ਰਵੀ) ਜਲਾਲਾਬਾਦ । ਡੀਏਪੀ ਖਾਦ ਦੀ ਕਿੱਲਤ ਦੇ ਚਲਦੇ ਹੋਏ ਅੱਜ ਜਦੋਂ ਪੁਲਿਸ਼ ਤੇ ਖੇਤੀਬਾੜੀ ਵਿਭਾਗ ਵੱਲੋਂ ਕੁਝ ਗੁਦਾਮਾ ਤੇ ਛਾਪਾਮਾਰੀ ਕੀਤੀ ਗਈ ਤਾਂ ਵੱਡੀ ਗਿਣਤੀ ਵਿੱਚ ਖਾਦ ਬਰਮਦ ਹੋਣ ਦੇ ਸਮਾਚਾਰ ਹਨ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜਦੋਂ ਸ਼ਹਿਰ ਦੇ ਸਮਾਜ ਸੇਵੀ ਅਤੇ ਕਿਸਾਨਾਂ ਨੂੰ ਪਤਾ ਲੱਗਾ ਕਿ ਪ੍ਰਭਾਤ ਸਿੰਘ ਵਾਲਾ ਰੋਡ ਤੇ ਬਣੇ ਗੋਦਾਮਾਂ ’ਚ ਡੀਏਪੀ ਖਾਦ ਛੁਪਾ ਕੇ ਰੱਖੀ ਗਈ ਹੈ ਤਾਂ ਉਨ੍ਹਾਂ ਪੁਲਿਸ ਅਤੇ ਖੇਤੀਬਾੜੀ ਵਿਭਾਗ ਨੂੰ ਸੂਚਿਤ ਕੀਤਾ ਗਿਆ ਇਸ ਮੌਕੇ ਬਲਾਕ ਅਫ਼ਸਰ ਮੈਡਮ ਹਰਪ੍ਰੀਤ ਕੌਰ ਨੇ ਪੁਲਸ ਪਾਰਟੀ ਨੂੰ ਨਾਲ ਲੈ ਕੇ ਕੀਤੀ ਛਾਪਾਮਾਰੀ ਦੌਰਾਨ ਇੱਕ ਗੁਦਾਮ ਨੂੰ ਜਦੋਂ ਖੋਲ੍ਹਿਆ ਗਿਆ ਤਾਂ ਉਸ ’ਚੋਂ 9 ਗੱਟੇ ਅਤੇ ਦੂਜੇ ਗੁਦਾਮ ਨੂੰ ਜਦੋਂ ਖੋਲ੍ਹਿਆ ਗਿਆ ਤਾਂ ਉਸ ਵਿੱਚ ਅੱਗੇ ਯੂਰੀਆ ਦੇ ਗੱਟੇ ਪਏ ਸਨ ਪਰ ਪਿੱਛੇ ਵੱਡੀ ਗਿਨਤੀ ਡੀਏਪੀ ਦੇ ਖਾਦ ਗੱਟੇ ਮਿਲੇ।
ਮੌਕੇ ਉੱਤੇ ਨਗਰ ਕੌਂਸਲ ਦੇ ਪ੍ਰਧਾਨ ਵਿਕਾਸ ਦੀਪ ਚੌਧਰੀ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਅਜਿਹੇ ਨਾਜਾਇਜ਼ ਸਟੋਰੇਜ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਉੱਧਰ ਰੇਡ ਕਰਨ ਪਹੁੰਚੇ ਬਲਾਕ ਖੇਤੀਬਾੜੀ ਅਫ਼ਸਰ ਮੈਡਮ ਹਰਪ੍ਰੀਤ ਕੌਰ ਨੇ ਦੱਸਿਆ ਕਿ ਪਹਿਲੇ ਗੁਦਾਮ ’ਚੋਂ 9 ਗੱਟੇ ਅਤੇ ਦੂਜੇ ਗੁਦਾਮ ਵਿਚੋਂ 1500 ਗੱਟੇ ਦੇ ਕਰੀਬ ਡੀ.ਏ.ਪੀ ਮਿਲਣ ਦਾ ਅੰਦਾਜ਼ਾ ਹੈ । ਉਨ੍ਹਾਂ ਕਿਹਾ ਕਿ ਅਜਿਹੀ ਕਿੱਲਤ ਚ ਕੋਈ ਵੀ ਡੀਲਰ ਖਾਦ ਸਟੋਰ ਨਹੀਂ ਕਰ ਸਕਦਾ ਅਤੇ ਅਸੀਂ ਇਸ ਦੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਨਿੱਜੀ ਖਾਦ ਡੀਲਰ ਦੇ ਸਟੋਰ ’ਤੇ ਛਾਪੇਮਾਰੀ ਦੀ ਜਾਣਕਾਰੀ ਮਿਲਣ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਪਿੰਡਾਂ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਪੁੱਜ ਕੇ ਡੀ.ਏ.ਪੀ ਖਾਦ ਦੀ ਕਾਲਾਬਾਜ਼ਾਰੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪੰਜਾਬ ਸਰਕਾਰ ਪਾਸੋਂ ਸਖ਼ਤ ਤੋਂ ਸਖ਼ਤ ਕਰਵਾਈ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਸ਼ਿੰਗਾਰ ਸਿੰਘ ਤੇ ਕਿਸਾਨ ਆਗੂ ਗੁਰਵਿੰਦਰ ਸਿੰਘ ਮੰਨੇ ਵਾਲਾ ਨੇ ਕਿਹਾ ਕਿ ਜਿੱਥੇ ਕਿ ਪਹਿਲਾ ਹੀ ਕਿਸਾਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਸੰਘਰਸ਼ ਕਰ ਹੈ। ਪਰ ਉੱਧਰ ਦੂਜੇ ਪਾਸੇ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅਜਿਹੇ ਮੁਨਾਫ਼ਾ ਖੋਰ ਖਾਦ ਵਿਕਰੇਤਾ ਡੀ.ਏ.ਪੀ ਖਾਦ ਦੀ ਘਾਟ ਦੀ ਸਪਲਾਈ ਹੋਣ ਦਾ ਕਿਸਾਨਾਂ ਨੂੰ ਹਵਾਲਾ ਦੇ ਕੇ ਖਾਦ ਨੂੰ ਵੱਡੇ ਪੱਧਰ ’ਤੇ ਸਟੋਰ ਕਰ ਰਹੇ ਹਨ ਅਤੇ ਖਾਦ ਦੀ ਘਾਟ ਦੱਸੇ ਕੇ ਕਿਸਾਨਾਂ ਨੂੰ ਮਹਿੰਗੇ ਭਾਅ ’ਤੇ ਖਾਦ ਵੇਚ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਤੇ ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਆਰਥਿਕ ਲੁੱਟ ਕਰਨ ਵਾਲੇ ਖਾਦ ਵਿਕੇ੍ਰਤਾਵਾਂ ਦੇ ਲਾਇਸੈਂਸ ਰੱਦ ਕੀਤੇ ਜਾਣ ਤੇ ਸਖ਼ਤ ਤੋਂ ਸਖ਼ਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਬੰਧਿਤ ਵਿਭਾਗ ਪਾਸੋਂ ਰਿਪੋਰਟ ਆਉਣ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ : ਐਚ.ਐੱਚ.ਓ.
ਇਸ ਮਾਮਲੇ ਸਬੰਧੀ ਜਦੋਂ ਥਾਣਾ ਸਿਟੀ ਜਲਾਲਾਬਾਦ ਦੇ ਐੱਸ.ਐੱਚ.ੳ. ਸਚਿਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਸੂਚਨਾ ਦਿੱਤੀ ਕਿ ਪਿੰਡ ਪ੍ਰਭਾਤ ਸਿੰਘ ਵਾਲਾ ਰੋਡ ’ਤੇ ਕਿਸੇ ਡੀਲਰ ਵੱਲੋਂ ਡੀ.ਏ.ਪੀ ਖਾਦ ਨੂੰ ਵੱਡੇ ਪੱਧਰ ’ਤੇ ਸਟੋਰ ਕੀਤਾ ਹੋਇਆ ਹੈ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਖਾਦ ਦੀ ਗਿਣਤੀ ਕੀਤੀ ਜਾ ਰਹੀ ਹੈ ਅਤੇ ਸਬੰਧਿਤ ਵਿਭਾਗ ਦੇ ਪਾਸੋਂ ਰਿਪੋਰਟ ਆਉਣ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ