ਕਰੀਬ 40-45 ਬੱਚਿਆਂ ਦੀ ਹਾਲਤ ਵਿਗੜੀ, ਕਈਆਂ ਨੂੰ ਪੇਟ ਦਰਦ ਅਤੇ ਉਲਟੀਆਂ ਲੱਗੀਆਂ
ਡਾਕਟਰੀ ਇਲਾਜ ਅਧੀਨ ਬੱਚਿਆਂ ਦੀ ਹਾਲਤ ’ਤੇ ਕਾਬੂ
(ਮਨੋਜ ਕੁਮਾਰ) ਬਾਦਸ਼ਾਹਪੁਰ। ਹਲਕਾ ਸ਼ੁਤਰਾਣਾ ਦੇ ਕਸਬਾ ਬਾਦਸ਼ਾਹਪੁਰ ਨਜ਼ਦੀਕ ਪੈਂਦੇ ਪਿੰਡ ਅਰਨੇਟੂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਹਾਲਤ ਉਸ ਸਮੇਂ ਖ਼ਰਾਬ ਹੋ ਗਈ ਜਦੋਂ ਉਨ੍ਹਾਂ ਨੇ ਮਿਡ ਡੇ ਮੀਲ ਦਾ ਖਾਣਾ ਖਾਧਾ। ਸਰਕਾਰੀ ਹਸਪਤਾਲ ਬਾਦਸ਼ਾਹਪੁਰ ’ਚ ਡਾਕਟਰੀ ਇਲਾਜ ਅਧੀਨ ਇਨ੍ਹਾਂ ਬੱਚਿਆਂ ਨੂੰ ਮੌਕੇ ’ਤੇ ਸੰਭਾਲ ਲਿਆ ਗਿਆ।
ਜਾਣਕਾਰੀ ਅਨੁਸਾਰ ਪਿੰਡ ਅਰਨੇਟੂ ਦੇ ਸਰਕਾਰੀ ਪ੍ਰਾਇਮਰੀ ਸਕੂਲ ਅੰਦਰ ਲਗਪਗ 200 ਦੇ ਕਰੀਬ ਬੱਚੇ ਪੜ੍ਹਦੇ ਹਨ ਜਿਨ੍ਹਾਂ ਵਿੱਚੋਂ ਕਰੀਬ 40-45 ਬੱਚਿਆਂ ਨੇ ਮਿਡ ਡੇ ਮੀਲ ਦਾ ਖਾਣਾ ਖਾਧਾ। ਖਾਣੇ ਵਿੱਚ ਕੜ੍ਹੀ ਚਾਵਲ ਬਣਾਏ ਗਏ। ਖਾਣਾ ਖਾਣ ਤੋਂ ਤੁਰੰਤ ਬਾਅਦ ਹੀ ਇਨ੍ਹਾਂ ਬੱਚਿਆਂ ਦੀ ਹਾਲਤ ਖਰਾਬ ਹੋਣੀ ਸ਼ੁਰੂ ਹੋ ਗਈ। ਜਿਨ੍ਹਾਂ ਵਿੱਚੋਂ ਕਈ ਬੱਚਿਆਂ ਨੂੰ ਪੇਟ ਦਰਦ ਅਤੇ ਕਈ ਬੱਚਿਆਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸਕੂਲੀ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ 2-3 ਬੱਚਿਆਂ ਦੀ ਹਾਲਤ ਕਾਫੀ ਜਿਆਦਾ ਨਾਜੁਕ ਵੀ ਹੋ ਗਈ ਸੀ ਪਰ ਮੌਕੇ ’ਤੇ ਹੀ ਡਾਕਟਰੀ ਸਹਾਇਤਾ ਮਿਲਣ ਕਾਰਨ ਸਾਰੇ ਹੀ ਬੱਚਿਆਂ ਦੀ ਹਾਲਤ ਹੁਣ ਸਥਿਰ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਖਾਣੇ ਵਿੱਚੋਂ ਜ਼ਹਿਰੀਲੀ ਵਸਤੂ ਫਰਨੈਲ ਦੀਆਂ ਗੋਲੀਆਂ ਨਿਕਲੀਆਂ ਹਨ ਜਿਸ ਦੌਰਾਨ ਖਾਣੇ ਨੂੰ ਖਾਣ ਉਪਰੰਤ ਹੀ ਬੱਚਿਆਂ ਦੀ ਇਹ ਹਾਲਤ ਹੋਈ ਹੈ ।
ਇਸ ਮਾਮਲੇ ਸਬੰਧੀ ਜਦੋਂ ਸਕੂਲ ਦੇ ਹੈੱਡਮਾਸਟਰ ਵਿਨੋਦ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਹਾਲਤ ਬਿਲਕੁਲ ਠੀਕ ਹੈ ਅਤੇ ਖਾਣੇ ਵਿੱਚੋਂ ਅਜਿਹਾ ਕੁਝ ਵੀ ਨਹੀਂ ਮਿਲਿਆ । ਇਸ ਮਾਮਲੇ ਸਬੰਧੀ ਜਦੋਂ ਥਾਣਾ ਘੱਗਾ ਦੇ ਐੱਸਐੱਚਓ ਸੁਰਜਣ ਸਿੰਘ ਅਤੇ ਚੌਂਕੀ ਇੰਚਾਰਜ ਬਾਦਸ਼ਾਹਪੁਰ ਸਬ ਇੰਸਪੈਕਟਰ ਮੈਡਮ ਰਾਜਵਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਹਾਲਤ ਲਗਭਗ ਸਥਿਰ ਹੈ ਅਤੇ ਉਨ੍ਹਾਂ ਨੇ ਪਨਸਪ ਦੀ ਟੀਮ ਨੂੰ ਸੈਂਪਲ ਦੇ ਦਿੱਤੇ ਹਨ ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ