ਇੱਕ ਦਿਨ ’ਚ 4397 ਥਾਵਾਂ ’ਤੇ ਅੱਗ ਲਗਾਉਣ ਦੇ ਮਾਮਲੇ ਆਏ ਸਾਹਮਣੇ
-
ਦੁਪਹਿਰ ਤੋਂ ਬਾਅਦ ਛਾ ਰਿਹੈ ਪ੍ਰਦੂਸ਼ਣ, ਲੋਕ ਆ ਰਹੇ ਨੇ ਬਿਮਾਰੀਆਂ ਦੀ ਗਿ੍ਰਫ਼ਤ ’ਚ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅੱਜ ਸੂਬੇ ਅੰਦਰ ਇੱਕ ਦਿਨ ਵਿੱਚ 4 ਹਜਾਰ ਤੋਂ ਜਿਆਦਾ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਏ ਹਨ। ਦੁਪਹਿਰ ਤੋਂ ਬਾਅਦ ਪ੍ਰਦੂਸ਼ਣ ਵਧਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਲਵੇ ’ਚ ਪਏ ਭਾਰੀ ਮੀਂਹ ਕਾਰਨ ਝੋਨੇ ਦੀ ਕਟਾਈ ਪੱਛੜੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਸੂਬੇ ਅੰਦਰ 42330 ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਏ ਹਨ। ਅੱਜ ਇਕੱਲੇ ਸੰਗਰੂਰ ਜ਼ਿਲ੍ਹੇ ਅੰਦਰ ਹੀ ਵੱਖ-ਵੱਖ ਥਾਵਾਂ ’ਤੇ 625 ਅੱਗ ਲਗਾਉਣ ਦੀਆਂ ਘਟਨਾਵਾਂ ਦਰਜ਼ ਕੀਤੀਆਂ ਗਈਆਂ ਹਨ। ਜਦਕਿ ਜ਼ਿਲ੍ਹਾ ਐਸਐਸ ਨਗਰ ਵਿੱਚ ਸਭ ਤੋਂ ਘੱਟ 2 ਥਾਵਾਂ ’ਤੇ ਹੀ ਅੱਗਾਂ ਦੇ ਮਾਮਲੇ ਸਾਹਮਣੇ ਆਏ ਹਨ। ਅੱਜ ਇੱਕ ਦਿਨ ’ਚ ਹੀ 4397 ਥਾਵਾਂ ’ਤੇ ਝੋਨੇ ਦੀ ਪਰਾਲੀ ਨੂੰ ਅੱਗਾਂ ਲਗਾਈਆਂ ਗਈਆਂ ਹਨ। ਜੇਕਰ ਜ਼ਿਲ੍ਹਿਆਂ ਅਨੁਸਾਰ ਸਥਿਤੀ ਦੇਖੀ ਜਾਵੇ ਤਾਂ ਜ਼ਿਲ੍ਹਾ ਸੰਗਰੂਰ ਤੋਂ ਬਾਅਦ ਅੱਜ ਦੂਜਾ ਨੰਬਰ ਜ਼ਿਲ੍ਹਾ ਮੋਗਾ ਅੰਦਰ ਅੱਗ ਲਗਾਉਣ ਦੀਆਂ 580 ਘਟਨਾਵਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੈਟੇਲਾਈਟ ਨੇ ਦਰਜ਼ ਕੀਤੀਆਂ ਹਨ।
ਇਸ ਤੋਂ ਬਾਅਦ ਜ਼ਿਲ੍ਹਾ ਫਿਰੋਜ਼ਪੁਰ ਅੰਦਰ 406, ਜ਼ਿਲ੍ਹਾ ਲੁਧਿਆਣਾ ਅੰਦਰ 398 ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗਾਂ ਲਗਾਈਆਂ ਗਈਆਂ ਹਨ। ਬਰਨਾਲਾ ’ਚ 332, ਬਠਿੰਡਾ ’ਚ 305, ਪਟਿਆਲਾ ’ਚ 275 ਅੱਗਾਂ ਦੇ ਮਾਮਲੇ ਦਰਜ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਫਰੀਦਕੋਟ 224, ਮਾਨਸਾ 209, ਫਾਜ਼ਿਲਕਾ 119, ਮਲੇਰਕੋਟਲਾ 100 ਥਾਵਾਂ ’ਤੇ ਕਿਸਾਨਾਂ ਵੱਲੋਂ ਅੱਗ ਲਗਾਈ ਗਈ ਹੈ। ਅੱਜ ਸਭ ਤੋਂ ਘੱਟ ਹੁਸ਼ਿਆਰਪੁਰ ਜ਼ਿਲ੍ਹੇ ’ਚ 10, ਰੂਪਨਗਰ 15, ਐਸਬੀਐਸ ਨਗਰ 26 ਸ਼ਾਮਲ ਹਨ।
ਇੱਧਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਪਿਛਲੇ ਸਾਲਾਂ ਨਾਲੋਂ ਅੱਗਾਂ ਦੇ ਮਾਮਲੇ ਕਾਫ਼ੀ ਘਟੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵੱਡੀ ਪੱਧਰ ’ਤੇ ਉਪਰਾਲੇ ਕੀਤੇ ਗਏ ਹਨ। ਕਿਸਾਨਾਂ ਨੂੰ ਪਰਾਲੀ ’ਚ ਹੀ ਕਣਕ ਦੀ ਬਿਜਾਈ ਲਈ ਹਜਾਰਾਂ ਮਸ਼ੀਨਾਂ ਸਬਸਿਡੀ ਸਮੇਤ ਸਹਿਕਾਰੀ ਸਭਾਵਾਂ ’ਚ ਮੁਹੱਈਆਂ ਕਰਵਾਈਆਂ ਗਈਆਂ ਹਨ। ਇੱਧਰ ਕਿਸਾਨ ਆਗੂਆਂ ਜਗਮੋਹਨ ਸਿੰਘ ਅਤੇ ਮਨਜੀਤ ਸਿੰਘ ਨਿਆਲ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਦਾ ਸੌਂਕ ਨਹੀਂ ਹੈ, ਉਨ੍ਹਾਂ ਕਿਹਾ ਕਿ ਪਰਾਲੀ ਦੀ ਸਾਂਭ-ਸੰਭਾਲ ਲਈ ਕੇਂਦਰ ਅਤੇ ਰਾਜ ਸਰਕਾਰਾਂ ਕਿਸਾਨਾਂ ਨੂੰ ਮੁਆਵਜਾ ਦੇਣ ਤਾਂ ਇਸ ਦਾ ਹੱਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ’ਚ ਕਣਕ ਬੀਜਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਫਸਲ ਨੂੰ ਬਿਮਾਰੀਆਂ ਚਿੰਬੜਦੀਆਂ ਹਨ, ਜੋ ਕਿ ਸਿੱਧਾ ਝਾੜ ’ਤੇ ਅਸਰ ਪਾਉਂਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ