ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦਾ ਮਨਾਂ ਦੇ ਹਨ੍ਹੇਰਿਆਂ ਨੂੰ ਰੁਸ਼ਨਾਉਣ ਦਾ ਸੰਦੇਸ਼

ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦਾ ਮਨਾਂ ਦੇ ਹਨ੍ਹੇਰਿਆਂ ਨੂੰ ਰੁਸ਼ਨਾਉਣ ਦਾ ਸੰਦੇਸ਼

ਗੌਰਵਮਈ ਵਿਰਸੇ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਅਤੇ ਮਨੁੱਖੀ ਮਨ ਨੂੰ ਸਕੂਨ ਦੇਣ ਲਈ ਤਿਉਹਾਰਾਂ ਅਤੇ ਮੇਲਿਆਂ ਦਾ ਯੋਗਦਾਨ ਬੜਾ ਵਿਲੱਖਣ ਹੈ। ਸਾਡੇ ਮੁਲਕ ’ਚ ਇਤਿਹਾਸ, ਮਿਥਹਾਸ, ਰੁੱਤਾਂ ਅਤੇ ਫ਼ਸਲਾਂ ਨਾਲ ਸਬੰਧਿਤ ਮਨਾਏ ਜਾਣ ਵਾਲੇ ਬਹੁਤ ਸਾਰੇ ਤਿਉਹਾਰਾਂ ਅਤੇ ਮੇਲਿਆਂ ਵਿੱਚੋਂ ਦੀਵਾਲੀ ਦਾ ਸਥਾਨ ਬੜਾ ਮਹੱਤਵਪੂਰਨ ਹੈ। ਦੀਵਾਲੀ ਦੀਆਂ ਖੁਸ਼ੀਆਂ ਦਾ ਪ੍ਰਭਾਵ ਕਈ ਦਿਨ ਪਹਿਲਾਂ ਹੀ ਵਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਲੋਕ ਕਈ-ਕਈ ਦਿਨ ਪਹਿਲਾਂ ਘਰਾਂ ਅਤੇ ਹੋਰ ਕਾਰੋਬਾਰੀ ਸਥਾਨਾਂ ਦੀ ਸਾਫ-ਸਫਾਈ ਵਿੱਚ ਜੁਟ ਜਾਂਦੇ ਹਨ। ਦੀਵਾਲੀ ਮੌਕੇ ਲੋਕਾਂ ਵੱਲੋਂ ਦਿਲ ਖੋਲ੍ਹ ਕੇ ਕੀਤੀ ਜਾਣ ਵਾਲੀ ਖਰੀਦਦਾਰੀ ਬਦੌਲਤ ਦੁਕਾਨਦਾਰਾਂ ਨੂੰ ਦੀਵਾਲੀ ਮੌਕੇ ਚੋਖੀ ਕਮਾਈ ਦੀ ਉਮੀਦ ਹੁੰਦੀ ਹੈ।

ਸਮੁੱਚੇ ਉੱਤਰੀ ਭਾਰਤ ਵਿੱਚ ਦੀਵਾਲੀ ਦਾ ਤਿਉਹਾਰ ਸਭ ਧਰਮਾਂ ਦੇ ਲੋਕਾਂ ਵੱਲੋਂ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਿੰਦੂ ਧਰਮ ਅਨੁਸਾਰ ਇਸ ਦਿਨ ਭਗਵਾਨ ਸ੍ਰੀ ਰਾਮ ਚੌਦਾਂ ਵਰਿ੍ਹਆਂ ਦਾ ਬਨਵਾਸ ਕੱਟ ਕੇ ਅਤੇ ਰਾਵਣ ਨੂੰ ਹਰਾ ਕੇ ਵਾਪਸ ਅਯੁੱਧਿਆ ਪਰਤੇ ਸਨ। ਲੋਕਾਂ ਵੱਲੋਂ ਉਹਨਾਂ ਦੀ ਵਾਪਸੀ ਦੀ ਖੁਸ਼ੀ ਘਰਾਂ ਦੇ ਬਨੇਰਿਆਂ ’ਤੇ ਦੀਵੇ ਬਾਲ ਕੇ ਮਨਾਈ ਗਈ। ਸਿੱਖ ਧਰਮ ਅੰਦਰ ਦੀਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਸਿੱਖ ਇਤਿਹਾਸ ਅਨੁਸਾਰ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਹੋ ਕੇ ਸ੍ਰੀ ਦਰਬਾਰ ਸਾਹਿਬ ਪਰਤੇ ਸਨ। ਗੁਰੂ ਸਾਹਿਬ ਵੱਲੋਂ ਬਵੰਜਾ ਰਾਜਿਆਂ ਨੂੰ ਵੀ ਆਪਣੇ ਨਾਲ ਰਿਹਾਅ ਕਰਵਾਇਆ ਗਿਆ। ਗੁਰੂ ਸਾਹਿਬ ਦੇ ਰਿਹਾਅ ਹੋ ਕੇ ਸ੍ਰੀ ਦਰਬਾਰ ਸਾਹਿਬ ਪਰਤਣ ਦੀ ਖੁਸ਼ੀ ਸਿੱਖਾਂ ਨੇ ਰੌਸ਼ਨੀਆਂ ਕਰਕੇ ਮਨਾਈ।
ਦੀਵਾਲੀ ਦਾ ਸ਼ਾਬਦਿਕ ਅਰਥ ਦੀਵਿਆਂ ਵਾਲੀ ਭਾਵ ਕਿ ਰੌਸ਼ਨੀਆਂ ਦਾ ਤਿਉਹਾਰ ਹੈ। ਇਸ ਦਿਨ ਘਰਾਂ ਦੇ ਬਨੇਰਿਆਂ ਅਤੇ ਬੂਹਿਆਂ ’ਤੇ ਕੀਤੀਆਂ ਰੌਸ਼ਨੀਆਂ ਨਾਲ ਆਲਾ-ਦੁਆਲਾ ਤਾਂ ਜਗਮਗਾ ਉੱਠਦਾ ਹੈ ਪਰ ਮਨੁੱਖੀ ਮਨ ਅੰਦਰਲਾ ਹਨੇ੍ਹਰਾ ਸਦੀਆਂ ਬਾਅਦ ਵੀ ਨਾ ਸਿਰਫ਼ ਉਸੇ ਤਰ੍ਹਾਂ ਕਾਇਮ ਹੈ ਬਲਕਿ ਉਸ ਤੋਂ ਵੀ ਗਹਿਰਾ ਹੁੰਦਾ ਜਾ ਰਿਹਾ ਹੈ।

ਦੀਵਾਲੀ ਦੇ ਭਾਈਚਾਰਕ ਸਾਂਝਾਂ ਦੇ ਸੁਨੇਹੇ ਨੂੰ ਸਾਡੇ ਵੱਲੋਂ ਮੂਲੋਂ ਹੀ ਵਿਸਾਰ ਦਿੱਤਾ ਜਾਪਦਾ ਗਿਆ ਹੈ। ਸਵਾਰਥਪੁਣੇ ਨੇ ਸਾਡੇ ਮਨਾਂ ਅੰਦਰ ਹਨੇ੍ਹਰਾ ਕਰ ਰੱਖਿਆ ਹੈ। ਇਨਸਾਨੀ ਰਿਸ਼ਤੇ ਚਕਨਾਚੂਰ ਹੋ ਰਹੇ ਹਨ। ਇਨਸਾਨੀ ਰਿਸ਼ਤਿਆਂ ਦੀ ਮਿਠਾਸ ਕੁੜੱਤਣ ਵਿੱਚ ਤਬਦੀਲ ਹੋ ਰਹੀ ਹੈ। ਇਨਸਾਨੀ ਰਿਸ਼ਤਿਆਂ ਦੇ ਕਤਲ ਦੀਆਂ ਦੁਖਦਾਇਕ ਖਬਰਾਂ ਰੋਜ਼ਾਨਾ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਹਨ। ਸਰੀਰਾਂ ਦੀ ਹਵਸ ਪੂਰਤੀ ਲਈ ਪਰਿਵਾਰਾਂ ਨੂੰ ਜਾਨੋਂ ਮਾਰ ਦੇਣ ਦੀਆਂ ਘਿਨੌਣੀਆਂ ਹਰਕਤਾਂ ਰੂਹ ਨੂੰ ਕੰਬਣੀ ਛੇੜ ਜਾਂਦੀਆਂ ਹਨ।

ਜਾਤ, ਧਰਮ ਅਤੇ ਲਿੰਗ ਅਧਾਰਿਤ ਵਖਰੇਵਿਆਂ ਅਤੇ ਵਿਤਕਰਿਆਂ ਦੀ ਦਰਾੜ ਹੋਰ ਵੀ ਗਹਿਰੀ ਹੁੰਦੀ ਜਾ ਰਹੀ ਹੈ। ਮੁਲਕ ਵਿੱਚ ਘੱਟ-ਗਿਣਤੀਆਂ ਨਾਲ ਹੋਣ ਵਾਲੀਆਂ ਵਧੀਕੀਆਂ ਕੌਮਾਂਤਰੀ ਪੱਧਰ ’ਤੇ ਧਿਆਨ ਖਿੱਚਣ ਲੱਗੀਆਂ ਹਨ। ਔਰਤਾਂ ਨਾਲ ਵਧੀਕੀਆਂ ਦੇ ਮਾਮਲੇ ’ਚ ਸਾਡਾ ਸਮਾਜ ਗਰਕਣ ਦੀਆਂ ਸਾਰੀਆਂ ਹੱਦਾਂ ਪਾਰ ਕਰਦਾ ਨਜ਼ਰ ਆ ਰਿਹਾ ਹੈ। ਜਬਰਦਸਤੀ ਦੀਆਂ ਘਟਨਾਵਾਂ ਨੇ ਔਰਤਾਂ ਦੀ ਜ਼ਿੰਦਗੀ ਦੁਸ਼ਵਾਰ ਬਣਾ ਰੱਖੀ ਹੈ। ਹਵਸੀ ਬਿਰਤੀ ਦੇ ਮਾਲਕ ਲੋਕਾਂ ਵੱਲੋਂ ਬਾਲੜੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਤੱਕ ਨੂੰ ਬਖਸ਼ਿਆ ਨਹੀਂ ਜਾ ਰਿਹਾ। ਜ਼ਬਰਦਸਤੀ ਦਾ ਸ਼ਿਕਾਰ ਧੀਆਂ ਦੇ ਪਰਿਵਾਰਾਂ ਦੀ ਜ਼ੁਬਾਨ ਬੰਦ ਕੀਤੀ ਜਾਂਦੀ ਹੈ। ਮੀਡੀਆ ਦੀ ਆਜ਼ਾਦੀ ’ਤੇ ਹਮਲੇ ਹੋ ਰਹੇ ਹਨ। ਰਾਜਸੀ ਖੇਤਰ ਦਾ ਬੜੀ ਤੇਜ਼ੀ ਨਾਲ ਅਪਰਾਧੀਕਰਨ ਹੋ ਰਿਹਾ ਹੈ।

ਪਿਛਲੇ ਕੁਝ ਵਰਿ੍ਹਆਂ ਤੋਂ ਇਹ ਤਿਉਹਾਰ ਖੁਸ਼ੀਆਂ ਅਤੇ ਖੇੜਿਆਂ ਦਾ ਤਿਉਹਾਰ ਨਾ ਰਹਿ ਕੇ ਵਾਤਾਵਰਨ ਲਈ ਚੁਣੌਤੀ ਦਾ ਦਿਨ ਬਣ ਗਿਆ ਹੈ। ਦੀਵਾਲੀ ਦੇ ਦਿਨ ਚਲਾਏ ਜਾਣ ਵਾਲੇ ਪਟਾਕੇ ਵਾਤਾਵਰਨ ਨੂੰ ਇਸ ਹੱਦ ਤੱਕ ਪਲੀਤ ਕਰ ਦਿੰਦੇ ਹਨ ਕਿ ਲੋਕਾਂ, ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ। ਪਟਾਕਿਆਂ ਦੀ ਮਾਰ ਬਦੌਲਤ ਬਹੁਤ ਸਾਰੇ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਵਾਤਾਵਾਰਨ ਮਾਹਿਰਾਂ ਅਨੁਸਾਰ ਸਭ ਤੋਂ ਘੱਟ ਸਮੇਂ ’ਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਪੈਦਾ ਕਰਨ ਵਿੱਚ ਪਟਾਕਿਆਂ ਦਾ ਦਰਜ਼ਾ ਪਹਿਲਾ ਹੈ।

ਸਿਰਫ਼ ਚਾਰ-ਪੰਜ ਘੰਟੇ ਦੇ ਸਮੇਂ ’ਚ ਹੀ ਪਟਾਕੇ ਹਵਾ ਦੀ ਗੁਣਵੱਤਾ ਨੂੰ ਅਜਿਹਾ ਪ੍ਰਭਾਵਿਤ ਕਰਦੇ ਹਨ ਕਿ ਇਸ ਦਾ ਅਸਰ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ। ਦੀਵਾਲੀ ਦੀ ਰਾਤ ਤੰਦਰੁਸਤ ਇਨਸਾਨਾਂ ਨੂੰ ਵੀ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ। ਪਟਾਕਿਆਂ ਦਾ ਪ੍ਰਦੂਸ਼ਣ ਹਵਾ ਅਤੇ ਧਰਤੀ ਦੋਵਾਂ ਲਈ ਚੁਣੌਤੀ ਬਣ ਜਾਂਦਾ ਹੈ। ਪਟਾਕਿਆਂ ਦੀ ਤਿਆਰੀ ਲਈ ਇਸਤੇਮਾਲ ਹੋਣ ਵਾਲੇ ਸਲਫਰ ਨਾਈਟ੍ਰੇਟ, ਮੈਗਨੀਸ਼ਅਮ ਤੇ ਨਾਟੀਟ੍ਰੋਜਨ ਡਾਈਆਕਸਾਈਡ ਜਿਹੇ ਪਦਾਰਥ ਸਿੱਧੇ ਤੌਰ ’ਤੇ ਸਾਡੀ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੇ ਹਨ। ਇਹਨਾਂ ਪਦਾਰਥਾਂ ਦੇ ਹਵਾ ਵਿੱਚ ਫੈਲਣ ਨਾਲ ਮਨੁੱਖੀ ਸਰੀਰ ਲਈ ਸਾਹ ਦਮਾ, ਫੇਫੜਿਆਂ ਦਾ ਕੈਂਸਰ ਅਤੇ ਸਾਹ ਲੈਣ ’ਚ ਤਕਲੀਫ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ।

ਪਟਾਕਿਆਂ ਦਾ ਜ਼ਹਿਰੀਲਾ ਧੂੰਆਂ ਸਿੱਧੇ ਤੌਰ ’ਤੇ ਅੱਖਾਂ ਨੂੰ ਪ੍ਰਭਾਵਿਤ ਕਰਦਾ ਹੈ। ਪਟਾਕਿਆਂ ਦਾ ਪ੍ਰਦੂਸ਼ਣ ਅੱਖਾਂ ਵਿੱਚ ਜਲਨ ਸਮੇਤ ਹੋਰ ਬਹੁਤ ਸਾਰੇ ਰੋਗਾਂ ਦਾ ਕਾਰਨ ਬਣ ਜਾਂਦਾ ਹੈ। ਪਟਾਕਿਆਂ ਨੂੰ ਧਮਾਕਾਖੇਜ਼ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਪਦਾਰਥ ਮਨੁੱਖੀ ਸਰੀਰ ਲਈ ਬਹੁਤ ਹੀ ਘਾਤਕ ਸਮਝੇ ਗਏ ਹਨ। ਪਟਾਕਿਆਂ ਵਿਚਲਾ ਲਿਥੀਅਮ ਅਤੇ ਸਿੱਕਾ ਵਾਤਾਵਰਨ ਦਾ ਨਾ-ਭਰਪਾਈ ਯੋਗ ਨੁਕਸਾਨ ਕਰਦਾ ਹੈ।

ਪਟਾਕਿਆਂ ਦੀਆਂ ਵੰਨਗੀਆਂ ਦਾ ਇਜ਼ਾਫਾ ਸਿੱਧੇ ਰੂਪ ’ਚ ਸਾਡੇ ਵਾਤਾਵਰਨ ਲਈ ਖਤਰੇ ’ਚ ਇਜ਼ਾਫਾ ਕਰ ਰਿਹਾ ਹੈ। ਪਟਾਕਿਆਂ ਨੂੰ ਵੱਧ ਤੋਂ ਵੱਧ ਆਵਾਜ਼ ਵਾਲੇ ਬਣਾਉਣ ਦੇ ਨਾਲ-ਨਾਲ ਰੰਗ-ਬਿਰੰਗੀਆਂ ਰੌਸ਼ਨੀਆਂ ਵਾਲੇ ਬਣਾਉਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਪਾਊਡਰ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਦੀ ਸਿਹਤ ਨੂੰ ਵੀ ਬੁਰ੍ਹੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਮਨੁੱਖੀ ਅੱਖ ਵੱਲੋਂ ਸਹਿਣ ਕੀਤੀ ਜਾ ਸਕਣ ਵਾਲੀ ਰੌਸ਼ਨੀ ਤੋਂ ਕਿਤੇ ਜ਼ਿਆਦਾ ਤੇਜ਼ ਰੌਸ਼ਨੀ ਪਟਾਕਿਆਂ ਵੱਲੋਂ ਪੈਦਾ ਕੀਤੀ ਜਾਂਦੀ ਹੈ। ਪਟਾਕੇ ਚਲਾਉਣ ਤੋਂ ਪੈਦਾ ਹੋਈਆਂ ਜ਼ਹਿਰੀਲੀਆਂ ਗੈਸਾਂ ਲੰਬੇ ਸਮੇਂ ਤੱਕ ਵਾਤਾਵਰਨ ਵਿੱਚ ਟਿਕੀਆਂ ਰਹਿੰਦੀਆਂ ਹਨ। ਕਈ ਵਾਰ ਇਹਨਾਂ ਦਾ ਟਿਕਾਅ ਬਰਸਾਤ ਦੀ ਆਮਦ ਤੱਕ ਵੀ ਬਣਿਆ ਰਹਿੰਦਾ ਹੈ। ਬਰਸਾਤ ਉਪਰੰਤ ਵਾਤਾਵਰਨ ’ਚੋਂ ਟਪਕੇ ਇਹ ਜ਼ਹਿਰੀਲੇ ਪਦਾਰਥ ਧਰਤੀ ਪ੍ਰਦੂਸ਼ਣ ਦਾ ਸਬੱਬ ਬਣ ਜਾਂਦੇ ਹਨ। ਪਟਾਕਿਆਂ ਵੱਲੋਂ ਪੈਦਾ ਕੀਤਾ ਜਾਂਦਾ ਆਵਾਜ਼ ਪ੍ਰਦੂਸ਼ਣ ਵੀ ਘੱਟ ਖਤਰਨਾਕ ਨਹੀਂ। ਪਟਾਕਿਆਂ ਦੀ ਆਵਾਜ਼ ਮਨੁੱਖੀ ਕੰਨ੍ਹ ਨੂੰ ਸਿੱਧੇ ਰੂਪ ’ਚ ਪ੍ਰਭਾਵਿਤ ਕਰਦੀ ਹੈ।

ਪਟਾਕੇ ਕੂੜੇ ਦੀ ਸਮੱਸਿਆ ਦਾ ਵੀ ਕਾਰਨ ਬਣਦੇ ਹਨ। ਪਟਾਕਿਆਂ ਦੀ ਰਹਿੰਦ-ਖੂੰਹਦ ਦਾ ਨਿਪਟਾਰਾ ਆਪਣੇ-ਆਪ ’ਚ ਇੱਕ ਵੱਡੀ ਸਮੱਸਿਆ ਹੈ। ਹੌਲੀ-ਹੌਲੀ ਇਸ ਕਰਕਟ ਦੇ ਪਾਣੀ ਵਿੱਚ ਰਲਣ ਨਾਲ ਪਾਣੀ ਪ੍ਰਦੂਸ਼ਣ ਦਾ ਸਬੱਬ ਬਣ ਜਾਂਦਾ ਹੈ। ਦੀਵਾਲੀ ਮਨਾਉਣ ਦਾ ਮਨੋਰਥ ਸਿਰਫ ਰੌਸ਼ਨੀਆਂ ਕਰਕੇ ਚੌਗਿਰਦਾ ਰੁਸ਼ਨਾਉਣ ਨਾਲ ਹੀ ਪੂਰਾ ਨਹੀਂ ਹੋ ਜਾਂਦਾ। ਦੀਵਾਲੀ ਮਨਾਉਣ ਦਾ ਮਨੋਰਥ ਤੋਹਫਿਆਂ ਤੇ ਮਿਠਾਈਆਂ ਦੇ ਆਦਾਨ-ਪ੍ਰਦਾਨ ਜਰੀਏ ਖੁਸ਼ੀਆਂ ਮਨਾਉਣ ਨਾਲ ਵੀ ਪੂਰਾ ਨਹੀਂ ਹੁੰਦਾ। ਦੀਵਾਲੀ ਦਾ ਮਨੋਰਥ ਤਾਂ ਇਸ ਤੋਂ ਕਿਤੇ ਵਿਆਪਕ ਹੈ। ਦੀਵਾਲੀ ਦਾ ਮਨੋਰਥ ਤਾਂ ਦੀਵਾਲੀ ਦੇ ਸੰਦੇਸ਼ ਨੂੰ ਮਨਾਂ ’ਚ ਵਸਾ ਕੇ ਅਮਲੀ ਜਾਮਾ ਦੇਣ ਦੀ ਕੋਸ਼ਿਸ਼ ਨਾਲ ਪੂਰਾ ਹੋਣਾ ਹੈ।

ਦੀਵਾਲੀ ਮਨਾਉਣ ਦਾ ਅਸਲ ਮਨੋਰਥ ਤਾਂ ਚੌਗਿਰਦੇ ਦੇ ਨਾਲ-ਨਾਲ ਮਨਾਂ ਨੂੰ ਰੁਸ਼ਨਾਉਣ ਨਾਲ ਪੂਰਾ ਹੋਣਾ ਹੈ। ਮਨਾਂ ’ਚ ਪਸਰੇ ਹਨ੍ਹੇਰੇ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿੱਚ ਹੀ ਦੀਵਾਲੀ ਮਨਾਉਣ ਦੀ ਸਾਰਥਿਕਤਾ ਛੁਪੀ ਹੈ। ਮਨਾਂ ’ਚ ਹਨ੍ਹੇਰ ਹੁੰਦਿਆਂ ਹੋਇਆਂ ਚੌਗਿਰਦੇ ਦੀ ਰੌਸ਼ਨੀ ਦੇ ਕੋਈ ਮਾਅਨੇ ਨਹੀਂ ਹੁੰਦੇ। ਸਮਾਜ ਦੀ ਬਿਹਤਰੀ ਲਈ ਮਨਾਂ ਦਾ ਰੌਸ਼ਨ ਹੋਣਾ ਬਹੁਤ ਜਰੂਰੀ ਹੈ। ਬਹੁਤ ਜਰੂਰੀ ਹੈ ਮਨਾਂ ’ਚ ਪਸਰੇ ਨਿੱਜਵਾਦ ਦੇ ਹਨ੍ਹੇਰੇ ਨੂੰ ਦੂਰ ਕਰਨਾ। ਆਓ! ਇਸ ਵਾਰ ਦੀ ਦੀਵਾਲੀ ਚੌਗਿਰਦੇ ਦੇ ਨਾਲ-ਨਾਲ ਮਨਾਂ ਨੂੰ ਰੁਸ਼ਨਾਉਣ ਦੇ ਵਾਅਦੇ ਨਾਲ ਮਨਾਉਣ ਦਾ ਪ੍ਰਣ ਕਰੀਏ।
ਸ਼ਕਤੀ ਨਗਰ, ਬਰਨਾਲਾ
ਮੋ. 98786-05965

ਬਿੰਦਰ ਸਿੰਘ ਖੁੱਡੀ ਕਲਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ