ਜ਼ਮੀਨੀ ਵਿਵਾਦ ਕਾਰਨ ਦੋਹਰੇ ਕਤਲ ਮਾਮਲੇ ’ਚ 30 ਜਾਣਿਆਂ ਖਿਲਾਫ਼ ਮਾਮਲਾ ਦਰਜ
(ਸਤਪਾਲ ਥਿੰਦ) ਫਿਰੋਜ਼ਪੁਰ । ਸਰਹੱਦੀ ਪਿੰਡ ਨਵਾਂ ਬਾਰੇ ਕੇ ’ਚ ਬੀਤੇ ਦਿਨ ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਸਕੇ ਭਰਾਵਾਂ ਦੇ ਹੋਏ ਕਤਲ ਦੇ ਮਾਮਲੇ ’ਚ ਥਾਣਾ ਫਿਰੋਜ਼ਪੁਰ ਸਦਰ ’ਚ ਪੁਲਿਸ ਵੱਲੋਂ 26 ਨਾਮਵਰ ਵਿਅਕਤੀਆਂ ਤੇ 4-5 ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ । ਫਿਲਹਾਲ ਅਜੇ ਤੱਕ ਇਸ ਮਾਮਲੇ ’ਚ ਕੋਈ ਗਿ੍ਰਫ਼ਤਾਰੀ ਨਹੀਂ ਹੋਈ ਹੈ । ਪੁਲਿਸ ਨੂੰ ਦਿੱਤੇ ਬਿਆਨਾਂ ਮਿ੍ਰਤਕ ਭਰਾਵਾਂ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਭਗਵਾਨ ਸਿੰਘ ਉਰਫ ਪੱਗਾ ਤੇ ਇਸ ਦੇ ਭਰਾਵਾਂ ਦਾ ਪਿੰਡ ਦੇ ਅੱਡੇ ’ਤੇ 36 ਮਰਲੇ ਜਗ੍ਹਾ ਦਾ ਰੌਲਾ ਪਿੰਡ ਦੇ ਹੀ ਜਰਨੈਲ ਸਿੰਘ ਪੁੱਤਰ ਕਰਤਾਰ ਸਿੰਘ ਨਾਲ ਚੱਲਦਾ ਸੀ।
ਪਰ ਭਗਵਾਨ ਸਿੰਘ ਨੇ ਮਾਣਯੋਗ ਹਾਈਕੋਰਟ ਰਾਹੀਂ ਉਕਤ ਜਗ੍ਹਾਂ ਦਾ ਕਬਜਾ ਲੈ ਲਿਆ ਸੀ ਪਰ ਜਰਨੈਲ ਸਿੰਘ ਇਸ ਜਗ੍ਹਾਂ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਜਿਸ ਦੇ ਚੱਲ ਰਹੇ ਵਿਵਾਦ ਦਾ 2 ਨਵੰਬਰ ਨੂੰ ਸਮਝੌਤੇ ਦਾ ਸਮਾਂ ਰੱਖਿਆ ਗਿਆ ਸੀ। ਮਹਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਚੱਲ ਰਹੀ ਗੱਲਬਾਤ ਦੌਰਾਨ ਤੈਸ਼ ’ਚ ਆ ਕੇ ਹਥਿਆਰਾਂ ਨਾਲ ਲੈਸ ਜਰਨੈਲ ਸਿੰਘ ਅਤੇ ਉਸ ਨਾਲ ਆਏ ਉਸ ਦੇ ਸਾਥੀਆਂ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਦੌਰਾਨ ਗੋਲੀਆਂ ਲੱਗਣ ਕਾਰਨ ਉਸ ਦੇ ਲੜਕੇ ਕਾਬਲ ਸਿੰਘ (46) ਅਤੇ ਬਖਸ਼ੀਸ ਸਿੰਘ (44) ਗੰਭੀਰ ਜ਼ਖਮੀ ਹੋ ਗਏ , ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਦੌਰਾਨੇ ਇਲਾਜ਼ ਉਨ੍ਹਾਂ ਦੀ ਮੌਤ ਹੋ ਗਈ।
ਇਸ ਸਬੰਧੀ ਇੰਸਪੈਕਟਰ ਸਤਪਾਲ ਸਿੰਘ ਨੇ ਦੱਸਿਆ ਕਿ ਮਹਿੰਦਰ ਸਿੰਘ ਦੇ ਬਿਆਨਾਂ ਨੂੰ ਕਲਮਬੰਦ ਕਰਕੇ ਜਰਨੈਲ ਸਿੰਘ ਪੁੱਤਰ ਕਰਤਾਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ, ਅਮਰ ਸਿੰਘ ਪੁੱਤਰ ਕਰਤਾਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ, ਗੁਰਨਾਮ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਅਨ ਬਾਰੇ ਕੇ ਤੋਂ ਇਲਾਵਾ 21 ਹੋਰ ਨਾਮਵਰ ਅਤੇ 4-5 ਅਣਪਛਾਤਿਆਂ ਖਿਲਫ਼ ਮਾਮਲਾ ਦਰਜ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ