ਭਾਰਤ ‘ਚ ਹੋਣ ਵਾਲੀ ਐਨਐਸਏ ਪੱਧਰੀ ਮੀਟਿੰਗ ‘ਚ ਨਹੀਂ ਸ਼ਾਮਲ ਹੋਵੇਗਾ ਪਾਕਿਸਤਾਨ
ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਈਦ ਯੂਸਫ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ਦੇ ਮੁੱਦੇ ‘ਤੇ 10 ਨਵੰਬਰ ਨੂੰ ਹੋਣ ਵਾਲੀ ਐਨਐਸਏ ਪੱਧਰੀ ਖੇਤਰੀ ਬੈਠਕ ਲਈ ਭਾਰਤ ਦੀ ਯਾਤਰਾ ਨਹੀਂ ਕਰਨਗੇ। ਮੀਡੀਆ ਨਾਲ ਗੱਲਬਾਤ ਦੌਰਾਨ ਜਦੋਂ ਯੂਸਫ ਨੂੰ ਪੁੱਛਿਆ ਗਿਆ ਕਿ ਕੀ ਉਹ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੱਲੋਂ ਬੁਲਾਈ ਜਾ ਰਹੀ ਮੀਟਿੰਗ ਲਈ ਭਾਰਤ ਆਉਣਗੇ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ਮੈਂ ਨਹੀਂ ਜਾਵਾਂਗਾ। “ਸ਼ਾਂਤੀ ਤੋੜਨ ਵਾਲਾ ਕਦੇ ਵੀ ਸ਼ਾਂਤੀ ਬਣਾਉਣ ਵਾਲਾ ਨਹੀਂ ਹੋ ਸਕਦਾ। ਭਾਰਤ ਨੇ ਪੰਜ ਖੇਤਰੀ ਦੇਸ਼ਾਂ ਰੂਸ, ਪਾਕਿਸਤਾਨ, ਚੀਨ, ਉਜ਼ਬੇਕਿਸਤਾਨ ਅਤੇ ਤਜ਼ਾਕਿਸਤਾਨ ਨੂੰ 10 ਨਵੰਬਰ ਦੀ ਬੈਠਕ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ।
ਭਾਰਤ ਨੇ ਸੱਦਾ ਦਿੱਤਾ ਸੀ
ਅਫਗਾਨਿਸਤਾਨ ਦੀ ਸਥਿਤੀ ‘ਤੇ ਅਗਲੇ ਮਹੀਨੇ ਦਿੱਲੀ ‘ਚ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਹੋਣੀ ਹੈ। ਭਾਰਤ ਇਸ ਦੀ ਮੇਜ਼ਬਾਨੀ ਕਰੇਗਾ। ਇਸ ਬੈਠਕ ‘ਚ ਕਈ ਹੋਰ ਦੇਸ਼ਾਂ ਦੇ ਨਾਲ ਨਾਲ ਰੂਸ ਅਤੇ ਪਾਕਿਸਤਾਨ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਬੈਠਕ ਦੀ ਪ੍ਰਧਾਨਗੀ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਇਸ ਖੇਤਰੀ ਸੰਮੇਲਨ ‘ਚ ਚੀਨ, ਈਰਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਨੂੰ ਵੀ ਬੁਲਾਇਆ ਗਿਆ ਹੈ। ਇਸ ‘ਚ ਅਫਗਾਨਿਸਤਾਨ ‘ਚ ਮਨੁੱਖੀ ਸੰਕਟ ਦੇ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੁਰੱਖਿਆ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ।
ਏਸ਼ੀਆ ਵਿੱਚ ਵਧਦੇ ਖ਼ਤਰੇ ਨੂੰ ਲੈ ਕੇ ਚਿੰਤਾ
ਅਫਗਾਨਿਸਤਾਨ ਵਿਚ ਤਾਲਿਬਾਨ ਦੇ ਰਾਜ ਨੇ ਭਾਰਤ ਅਤੇ ਰੂਸ ਦੀਆਂ ਚਿੰਤਾਵਾਂ ਵਿਚ ਵੀ ਵਾਧਾ ਕਰ ਦਿੱਤਾ ਹੈ ਕਿਉਂਕਿ ਤਾਲਿਬਾਨ ਦਾ ਰਾਜ ਨਾ ਸਿਰਫ ਮੱਧ ਏਸ਼ੀਆ ਨੂੰ ਅਸਥਿਰ ਕਰੇਗਾ, ਸਗੋਂ ਭਾਰਤ ਨੂੰ ਚਿੰਤਾ ਹੈ ਕਿ ਅਫਗਾਨਿਸਤਾਨ ਅੱਤਵਾਦ, ਤਸਕਰੀ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਪਨਾਹਗਾਹ ਬਣ ਜਾਵੇਗਾ। ਇਸ ਤੋਂ ਪਹਿਲਾਂ ਭਾਰਤ ਨੇ ਬਰਤਾਨੀਆ ਦੇ ਐਮਆਈ 6 ਚੀਫ ਰਿਚਰਡ ਮੂਰ ਅਤੇ ਸੀਆਈਏ ਚੀਫ ਵਿਲੀਅਮ ਬਰਨਜ਼ ਦੇ ਸਾਹਮਣੇ ਵੀ ਅਫਗਾਨਿਸਤਾਨ ਪ੍ਰਤੀ ਆਪਣੀ ਚਿੰਤਾ ਜ਼ਾਹਰ ਕੀਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ