ਝੂਠ ਬੋਲਦਾ ਐ ਉਹ ਬੰਦਾ, ਜਿਹੜਾ ਬੰਦਾ ਕਹਿੰਦੈ ਖਜ਼ਾਨਾ ਭਰਿਆ ਹੋਇਆ, ਸਰਾਸਰ ਝੂਠਾ ਬੰਦਾ
- ਦੀਵਾਲੀ ਗਿਫ਼ਟ, ਫਲਾਣਾ ਗਿਫਟ, ਢਿਮਕਾਣਾ ਗਿਫਟ, ਇਹ ਸਾਰਾ ਕੁਝ ਲਾਲੀਪਾਪ
- ਨਵਜੋਤ ਸਿੱਧੂ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਵੱਡਾ ਹਮਲਾ
(ਅਸ਼ਵਨੀ ਚਾਵਲਾ) ਚੰਡੀਗੜ। ਜਿਹੜਾ ਬੰਦਾ ਤੁਹਾਨੂੰ ਇਹ ਕਹਿੰਦਾ ਹੈ ਕਿ ਖਜਾਨਾ ਭਰਿਆ ਹੋਇਆ ਹੈ। ਉਹ ਬੰਦਾ ਝੂਠਾ ਬੰਦਾ ਹੈ। ਉਹ ਸਰਾਸਰ ਝੂਠ ਬੋਲ ਰਿਹਾ ਹੈ, ਇਹੋ ਜਿਹੇ ਬੰਦੇ ’ਤੇ ਕੋਈ ਵਿਸ਼ਵਾਸ ਵੀ ਨਾ ਕਰੇ। ਜੇਕਰ ਖਜਾਨਾ ਭਰਿਆ ਹੋਇਆ ਹੈ ਤਾਂ ਪੰਜਾਬ ਦੇ ਅਧਿਆਪਕਾਂ ਨੂੰ ਤਨਖ਼ਾਹਾਂ ਕਿਉਂ ਘੱਟ ਦਿੱਤੀਆਂ ਜਾ ਰਹੀਆਂ ਹਨ। ਉਨਾਂ ਨੂੰ 50-50 ਹਜ਼ਾਰ ਤਨਖ਼ਾਹਾਂ ਕਿਉਂ ਨਹੀਂ ਦੇ ਦਿੰਦੇ ਹੋ। ਹੁਣ ਇਹ ਕਹਿੰਦੇ ਫਿਰਦੇ ਹਨ ਕਿ ਦਿਵਾਲੀ ਗਿਫ਼ਟ, ਫਲਾਣਾ ਗਿਫਟ, ਢਿਮਕਾਣਾ ਗਿਫ਼ਟ, ਇਹ ਸਾਰਾ ਕੁਝ ਲਾਲੀਪਾਪ ਹੈ। ਉਹ ਤਾਂ ਲਾਲੀਪਾਪ ਹੀ ਵੰਡਣ ਵਿੱਚ ਲੱਗਿਆ ਹੋਇਆ ਹੈ। ਤੁਸੀਂ ਉਸ ਦੀਆਂ ਗੱਲਾਂ ਵਿੱਚ ਨਾ ਆ ਜਾਈਓ।
ਇਹ ਤਿੱਖਾ ਹਮਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਕੀਤਾ ਹੈ। ਹਾਲਾਂਕਿ ਨਵਜੋਤ ਸਿੱਧੂ ਨੇ ਕਿਤੇ ਵੀ ਚਰਨਜੀਤ ਸਿੰਘ ਚੰਨੀ ਦਾ ਨਾਅ ਨਹੀਂ ਲਿਆ ਪਰ ਉਹ ਲਗਾਤਾਰ ਮੁੱਖ ਮੰਤਰੀ ’ਤੇ ਹੀ ਹਮਲੇ ਕਰਦੇ ਰਹੇ। ਨਵਜੋਤ ਸਿੱਧੂ ਚੰਡੀਗੜ ਵਿਖੇ ਹਿੰਦੂ ਜਾਟ ਮਹਾ ਸੰਮੇਲਨ ਵਿੱਚ ਸੰਬੋਧਨ ਕਰ ਰਹੇ ਸਨ, ਜਿਥੇ ਕਿ ਉਨਾਂ ਨੇ ਕਾਫ਼ੀ ਕੁਝ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਬੋਲ ਦਿੱਤਾ।
ਪੌਣੇ 5 ਸਾਲ ਤੱਕ ਇਹ ਲੋਕ ਮੌਜ ਕਰਦੇ ਰਹੇ : ਸਿੱਧੂ
ਨਵਜੋਤ ਸਿੱਧੂ ਨੇ ਇਥੇ ਕਿਹਾ ਕਿ ਪੌਣੇ 5 ਸਾਲ ਤੱਕ ਇਹ ਲੋਕ ਮੌਜ ਕਰਦੇ ਰਹੇ ਤਾਂ ਹੁਣ ਲਾਲੀਪਾਪ ਵੰਡੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਕੋਲ ਖਜਾਨੇ ਵਿੱਚ ਪੈਸਾ ਨਹੀਂ ਹੈ ਪਰ ਤੁਸੀਂ ਵੱਡੇ ਵੱਡੇ ਐਲਾਨ ਕਰਨ ਲੱਗੇ ਹੋਏ ਹੋ। ਇਨਾਂ ਨੂੰ ਪੂਰਾ ਕਿਥੋਂ ਕਰੋਗੇ। ਪੰਜਾਬ ਵਿੱਚ ਜੇਕਰ ਤੁਹਾਡੇ ਕੋਲ ਖਜਾਨਾ ਭਰਿਆ ਹੋਇਆ ਹੈ ਤਾਂ ਉਸ ਨੂੰ ਵੰਡਿਆ ਕਿਉਂ ਨਹੀਂ ਜਾ ਰਿਹਾ ਹੈ, ਕਿਉਂਕਿ ਸਰਕਾਰ ਦਾ ਖਜਾਨਾ ਤਾਂ ਕਤਾਰ ਵਿੱਚ ਖੜੇ ਆਖਰੀ ਬੰਦੇ ਤੱਕ ਲਈ ਹੈ। ਉਨਾਂ ਕਿਹਾ ਕਿ ਇਥੇ ਕਤਾਰ ਵਿੱਚ ਖੜੇ ਪਹਿਲੇ ਬੰਦੇ ਨੂੰ ਖਜਾਨਾ ਲੁਟਾਇਆ ਜਾ ਰਿਹਾ ਹੈ ਕਿਉਂਕਿ ਵਿਚਕਾਰ ਇਹ ਖ਼ੁਦ ਖੜੇ ਹਨ। ਇਹ ਲੋਕ ਲੁੱਟਣਾ ਚਾਹੁੰਦੇ ਹਨ, ਖ਼ੁਦ ਕਮਾਈ ਕਰਨਾ ਚਾਹੁੰਦੇ ਹਨ ।
ਨਵਜੋਤ ਸਿੱਧੂ ਨੇ ਪੁੱਛਿਆ ਕਿ ਇਹ ਸਬਸਿਡੀ ਕਿਥੋਂ ਦੇਓਗੇ, ਇਹ ਪੈਸਾ ਕਿਥੋਂ ਆਏਗਾ। ਤੁੁਹਾਡਾ ਵਿਕਾਸ ਲਈ ਰੋਡ ਮੈਪ ਕੀ ਹੈ ? ਇਹ ਲੀਡਰਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ। ਪੰਜਾਬ ਦਾ ਕਲਿਆਣ ਕਿਵੇਂ ਹੋਏਗਾ, ਇਸ ਬਾਰੇ ਕੋਈ ਨਾ ਹੀ ਦੱਸਣਾ ਚਾਹੁੰਦਾ ਹੈ ਅਤੇ ਨਾ ਹੀ ਕੋਈ ਗੱਲ ਕਰਨਾ ਚਾਹੁੰਦਾ ਹੈ। ਹੁਣ 2 ਮਹੀਨੇ ਰਹਿ ਗਏ ਹਨ ਤਾਂ ਤੁਸੀਂ ਆਸਮਾਨ ਨੂੰ ਜਮੀਨ ’ਤੇ ਲੈ ਕੇ ਆ ਰਹੇ ਹੋ। ਨਵਜੋਤ ਸਿੱਧੂ ਨੇ ਕਿਹਾ ਕਿ ਕੀ ਪੰਜਾਬ ਵਿੱਚ ਸਿਰਫ਼ ਸਰਕਾਰ ਬਣਾਉਣਾ ਹੀ ਮੁੱਖ ਮਕਸਦ ਰਹਿ ਗਿਆ ਹੈ ? ਸੱਤਾ ਵਿੱਚ ਆਉਣ ਲਈ ਹਰ ਝੂਠ ਬੋਲਿਆ ਜਾ ਰਿਹਾ ਹੈ।, ਇਹ ਕੋਈ ਨਹੀਂ ਦੱਸ ਰਿਹਾ ਹੈ ਕਿ ਜਿਹੜੇ ਐਲਾਨ ਕੀਤੇ ਜਾ ਰਹੇ ਹਨ, ਉਹ ਕਿਥੋਂ ਪੂਰੇ ਕਰੋਗੇ।
ਆਖਰ ਵਿੱਚ ਇਹੋ ਹੀ ਕਹਿੰਦਾ ਹਾਂ ‘‘ਮੈ ਹੂੰ ਨਾ’’
ਨਵਜੋਤ ਸਿੱਧੂ ਨੇ ਅੱਧਾ ਘੰਟੇ ਤੋਂ ਜਿਆਦਾ ਆਪਣੀ ਹੀ ਕਾਂਗਰਸ ਸਰਕਾਰ ’ਤੇ ਹਮਲੇ ਕਰਨ ਤੋਂ ਬਾਅਦ ਕਿਹਾ ਕਿ ਉਹ ਆਖਰ ਵਿੱਚ ਇਹੋ ਹੀ ਕਹਿਣਾ ਚਾਹੁੰਦੇ ਹਨ ਕਿ ‘‘ਮੈ ਹੰੂ ਨਾ’’। ਨਵਜੋਤ ਸਿੱਧੂ ਨੇ ਕਿਹਾ ਕਿ ਆਮ ਜਨਤਾ ਦੀ ਅਦਾਲਤ ਹੀ ਸਾਰੇ ਫੈਸਲੇ ਕਰਦੀ ਹੈ। ਪੰਜਾਬ ਵਿੱਚ ਸਰਕਾਰਾਂ ਹੀ ਉਲਟ ਜਾਂਦੀਆਂ ਹਨ। ਇੱਕ ਸਰਕਾਰ ਮੁੱਖ ਮੰਤਰੀ ਠਾਹ, ਰਾਜੇ ਤੋਂ ਰੰਕ ਤਾਂ ਦੂਜਾ ਬਣਾ ਦਿੱਤਾ ਗਿਆ। ਜਿਹੜਾ ਰੱਬ ਹੈ ਉਹ ਇਸੇ ਅੱਗ ਵਿੱਚੋਂ ਕਿਸੇ ਇੱਕ ਨੂੰ ਕੱਢੂ, ਉਹ ਤਾਂ ਦੇਖਦਾ ਹੈ ਕਿ ਕਿਹੜਾ ਸੋਨਾ ਹੈ ਅਤੇ ਕਿਹੜਾ ਮਿੱਟੀ ਹੈ। ਬਾਕੀ ਆਖਰ ਵਿੱਚ ਇਹੋ ਹੀ ਕਹਿਣਾ ਚਾਹੁੰਦੇ ਕਿ ਮੈ ਹੂੰ ਨਾ। ਇਹ ਕਹਿੰਦੇ ਹੋਏ ਨਵਜੋਤ ਸਿੱਧੂ ਨੇ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਹੋਣ ਦਾ ਇਸ਼ਾਰਾ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ