ਕਰੀਅਰ ਦੇ ਮੌਕੇ ਆਯੁਰਵੇਦ ਡਾਕਟਰੀ ਪ੍ਰਣਾਲੀ ’ਚ

ਕਰੀਅਰ ਦੇ ਮੌਕੇ ਆਯੁਰਵੇਦ ਡਾਕਟਰੀ ਪ੍ਰਣਾਲੀ ’ਚ

ਆਯੁਰਵੇਦ ਵਿਸ਼ਵ ਦੀ ਪੁਰਾਣੀ ਡਾਕਟਰੀ ਪ੍ਰਣਾਲੀ ਹੈ। ਇਹ ਪ੍ਰਣਾਲੀ ਨਾ ਸਿਰਫ਼ ਇਲਾਜ ਮੁਹੱਈਆ ਕਰਵਾਉਂਦੀ ਹੈ ਸਗੋਂ ਬਿਮਾਰੀਆਂ ਦੀ ਮੁੜ ਹੋਣ ਦੀ ਸੰਭਾਵਨਾ ਨੂੰ ਖ਼ਤਮ ਕਰਦੀ ਹੈ। ਆਯੁਰਵੇਦ ਅਨੁਸਾਰ ਮਨੁੱਖੀ ਸਰੀਰ ’ਚ ਤਿੰਨ ਕਿਸਮਾਂ ਦੇ ਵਿਕਾਰ ਹਨ ਕਫ, ਪਿੱਤ ਤੇ ਵਾਅ। ਇਨ੍ਹਾਂ ਵਿਕਾਰਾਂ ਨੂੰ ਆਮ ਤੌਰ ’ਤੇ ਆਯੁਰਵੈਦਿਕ ਸ਼ਬਦਾਵਲੀ ’ਚ ਦੋਸ਼ ਕਿਹਾ ਜਾਂਦਾ ਹੈ। ਡਾਕਟਰੀ ਦੇਖਭਾਲ ਦੀ ਆਯੁਰਵੈਦਿਕ ਪ੍ਰਣਾਲੀ ਇਸ ਧਾਰਨਾ ’ਤੇ ਆਧਾਰਿਤ ਹੈ ਕਿ ਇਸ ਨਾਲ ਸਰੀਰ ਦੀ ਕੁਦਰਤੀ ਇਲਾਜ ਦੀ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ। ਆਯੁਰਵੈਦਿਕ ਇਲਾਜ ’ਚ ਲੱਛਣਾਂ ਨੂੰ ਘਟਾਉਣਾ, ਅਸ਼ੁੱਧੀਆਂ ਦੂਰ ਕਰਨਾ ਤੇ ਚਿੰਤਨ ਕਰਨਾ ਆਦਿ ਸ਼ਾਮਿਲ ਹਨ।

ਬੈਚਲਰ ਆਫ ਆਯੁਰਵੈਦਿਕ ਮੈਡੀਸਨ ਤੇ ਸਰਜਰੀ ਕੋਰਸ:

ਬੈਚਲਰ ਆਫ ਆਯੁਰਵੈਦਿਕ ਮੈਡੀਸਨ ਤੇ ਸਰਜਰੀ ਕੋਰਸ ਗ੍ਰੈਜੂਏਟ ਡਿਗਰੀ ਕੋਰਸ ਹੈ। ਇਸ ਦੀ ਮਿਆਦ ਪੰਜ ਸਾਲ ਛੇ ਮਹੀਨੇ ਹੁੰਦੀ ਹੈ, ਜਿਸ ’ਚ ਚਾਰ ਸਾਲ ਦਾ ਕੋਰਸ ਹੁੰਦਾ ਹੈ ਅਤੇ ਡੇਢ ਸਾਲ ਦੀ ਇੰਟਰਨਸ਼ਿਪ ਹੁੰਦੀ ਹੈ। ਇਸ ਕੋਰਸ ’ਚ ਥਿਊਰੀ ਅਤੇ ਪ੍ਰੈਕਟੀਕਲ ਨਾਲ-ਨਾਲ ਚੱਲਦੇ ਹਨ। ਇਹ ਅੰਡਰ ਗ੍ਰੈਜੂਏਟ ਕੋਰਸ ਹੈ, ਜਿਸ ਨੂੰ ਤਿੰਨ ਬਰਾਬਰ ਹਿੱਸਿਆਂ ’ਚ ਵੰਡਿਆ ਜਾ ਸਕਦਾ ਹੈ। ਹਰ ਸੈਸ਼ਨ ਡੇਢ ਸਾਲ ਦਾ ਹੁੰਦਾ ਹੈ, ਇਨ੍ਹਾਂ ਸੈਸ਼ਨਾਂ ਨੂੰ ਅਸੀਂ ਪ੍ਰੋਫੈਸ਼ਨਲ  ਕੋਰਸ ਕਹਿ ਸਕਦੇ ਹਾਂ। ਪਹਿਲੇ ਕੋਰਸ ’ਚ ਵਿਦਿਆਰਥੀ ਨੂੰ ਆਯੁਰਵੈਦਿਕ ਸਿਸਟਮ ਦੀ ਐਨਾਟੋਮੀ, ਫਿਜ਼ੀਓਲੋਜੀ ਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਦੂਸਰੇ ਕੋਰਸ ’ਚ ਵਿਦਿਆਰਥੀਆਂ ਨੂੰ ਟਾਕਸੀਓਲੋਜੀ ਅਤੇ ਫਾਰਮਾਕੋਲੋਜੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਤੀਸਰੇ ਤੇ ਆਖ਼ਰੀ ਕੋਰਸ ’ਚ ਵਿਦਿਆਰਥੀਆਂ ਨੂੰ ਸਰਜਰੀ, ਈਐੱਨਟੀ, ਚਮੜੀ ਅਤੇ ਗਾਇਨਕੋਲੋਜੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

ਯੋਗਤਾ ਤੇ ਦਾਖ਼ਲਾ

ਬੀਏਐੱਮਐੱਸ ’ਚ ਦਾਖ਼ਲਾ ਲੈਣ ਲਈ ਵਿਦਿਆਰਥੀ ਨੇ ਬਾਰ੍ਹਵੀਂ ਜਮਾਤ ਸਾਇੰਸ ਸਟ੍ਰੀਮ ’ਚ ਪਾਸ ਕੀਤੀ ਹੋਵੇ। ਉਮੀਦਵਾਰ ਕੋਲ ਬਾਰ੍ਹਵੀਂ ਜਮਾਤ ’ਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਤੇ ਜੀਵ ਵਿਗਿਆਨ ਹੋਣਾ ਲਾਜ਼ਮੀ ਹੈ। ਉਮੀਦਵਾਰ ਨੂੰ ਰਾਸ਼ਟਰੀ ਪੱਧਰ ਦੀ ਦਾਖ਼ਲਾ ਪ੍ਰੀਖਿਆ (ਜਿਵੇਂ ਨੈਸ਼ਲਨ ਯੋਗਤਾ ਦਾਖ਼ਲਾ ਟੈਸਟ) ਨੀਟ ਵਿੱਚੋਂ ਲੰਘਣਾ ਪੈਂਦਾ ਹੈ। ਉਹ ਕੌਮੀ ਪੱਧਰੀ ਇਮਤਿਹਾਨਾਂ ਲਈ ਵੀ ਬਿਨੈ ਕਰ ਸਕਦੇ ਹਨ ਜਿਵੇਂ:-

  • ਕੇਰਲਾ ਇੰਜੀਨੀਅਰਿੰਗ, ਐਗਰੀਕਲਚਰਲ ਅਤੇ ਮੈਡੀਕਲ।
  • ਗੋਆ ਕਾਮਨ ਐਂਟਰੈਂਸ ਟੈਸਟ।
  • ਭਾਰਤੀ ਵਿੱਦਿਆਪੀਠ ਕਾਮਨ ਐਂਟਰੈਂਸ ਟੈਸਟ।
  • ਇੰਦਰਪ੍ਰਸਥ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ।

ਵਿਦਿਆਰਥੀਆਂ ਦੀ ਚੋਣ:

ਵਿਦਿਆਰਥੀਆਂ ਦੀ ਚੋਣ ਮੈਰਿਟ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਮੈਰਿਟ ਤੈਅ ਕਰਨ ਲਈ ਵਿਦਿਆਰਥੀਆਂ ਦੇ ਬਾਰ੍ਹਵੀਂ ਜਮਾਤ ਦੇ ਅੰਕ ਤੇ ਐਂਟਰੈਂਸ ਟੈਸਟ ’ਚ ਪ੍ਰਾਪਤ ਅੰਕਾਂ ਨੂੰ ਜੋੜਨ ਤੋਂ ਬਾਅਦ ਸੂਚੀ ਤਿਆਰ ਕੀਤੀ ਜਾਂਦੀ ਹੈ।

ਤਨਖ਼ਾਹ

ਆਯੁਰਵੈਦਿਕ ਦੇ ਵਿਦਿਆਰਥੀਆਂ ਨੂੰ ਕੁਝ ਯੂਨੀਵਰਸਿਟੀਆਂ ਕੋਰਸ ਦੌਰਾਨ ਹਰ ਮਹੀਨੇ 40,000 ਤੋਂ 50,000 ਰੁਪਏ ਵਜ਼ੀਫ਼ਾ ਦਿੰਦੀਆਂ ਹਨ। ਕੋਰਸ ਤੋਂ ਬਾਅਦ ਇੱਕ ਆਯੁਰਵੈਦਿਕ ਗ੍ਰੈਜੂਏਟ ਵਿਦਿਆਰਥੀ ਪ੍ਰਤੀ ਮਹੀਨਾ 20,000 ਤੋਂ 50,000 ਰੁਪਏ ਤੱਕ ਤਨਖ਼ਾਹ ਪ੍ਰਾਪਤ ਕਰ ਸਕਦਾ ਹੈ। ਨਿੱਜੀ ਕਲੀਨਕ ’ਚ ਇਹ ਕਮਾਈ 50,000 ਤੋਂ ਵੱਧ ਵੀ ਹੋ ਸਕਦੀ ਹੈ। ਬੀਏਐੱਮਐੱਸ ਪ੍ਰੋਗਰਾਮ ਪੂਰਾ ਕਰਨ ਤੋਂ ਬਾਅਦ ਨੌਕਰੀ ਦੀ ਪ੍ਰੋਫਾਈਲ:-

  • ਲੈਕਚਰਾਰ।
  • ਵਿਗਿਆਨੀ।
  • ਡਾਕਟਰ।
  • ਸ਼੍ਰੇਣੀ ਪ੍ਰਬੰਧਕ।
  • ਵਪਾਰ ਵਿਕਾਸ ਅਧਿਕਾਰੀ।
  • ਵਿਕਰੀ ਪ੍ਰਤੀਨਿਧ।
  • ਉਤਪਾਦ ਮੈਨੇਜਰ।
  • ਫਾਰਮਾਸਿਸਟ।
  • ਜੂਨੀਅਰ ਕਲੀਨੀਕਲ ਟ੍ਰਾਇਲ ਕੋਆਰਡੀਨੇਟਰ।
  • ਮੈਡੀਕਲ ਪ੍ਰਤੀਨਿਧੀ।
  • ਮੈਨੇਜਰ ਅੰਦਰੂਨੀ ਆਡਿਟ।

ਆਯੁਰਵੈਦਿਕ ਗ੍ਰੈਜੂਏਟ ਵਿਦਿਆਰਥੀਆਂ ਲਈ ਬਹੁਤ ਸਾਰੀਆਂ ਸੰਸਥਾਵਾਂ ਹਨ, ਜਿਨ੍ਹਾਂ ’ਚ ਉਹ ਕੰਮ ਕਰ ਸਕਦੇ ਹਨ। ਇਨ੍ਹਾਂ ’ਚ ਆਮ ਤੌਰ ’ਤੇ ਹੈਲਥ ਕੇਅਰ ਸੈਂਟਰ, ਨਰਸਿੰਗ ਹੋਮ, ਲਾਈਫ ਸਾਇੰਸ ਇੰਡਸਟਰੀ, ਸਪਾ ਰਿਜੋਰਟ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲ, ਕਾਲਜ, ਰਿਸਰਚ ਇੰਸਟੀਚਿਊਟ ਆਦਿ ਸ਼ਾਮਿਲ ਹਨ
ਵਿਜੈ ਗਰਗ, ਸਾਬਕਾ ਪ੍ਰਿੰਸੀਪਲ, ਮਲੋਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ