ਪੀ.ਐਸ.ਪੀ.ਸੀ.ਐਲ. ਵੱਲੋਂ 500 ਮੈਗਾਵਾਟ ਸੂਰਜੀ ਊਰਜਾ ਦੀ ਖ਼ਰੀਦ ਲਈ ਦੋ ਟੈਂਡਰ ਜਾਰੀ

2.33 ਰੁਪਏ ਪ੍ਰਤੀ ਯੂਨਿਟ ਦੀ ਰਿਕਾਰਡ ਘੱਟ ਕੀਮਤ ’ਤੇ 250 ਮੈਗਾਵਾਟ ਸੋਲਰ ਪਾਵਰ ਦੀ ਕੀਤੀ ਪੇਸ਼ਕਸ਼

ਪੀ.ਐਸ.ਪੀ.ਸੀ.ਐਲ. ਕਿਫ਼ਾਇਤੀ, ਮਿਆਰੀ ਅਤੇ ਸਾਫ਼-ਸੁਥਰੀ ਬਿਜਲੀ ਪ੍ਰਦਾਨ ਕਰਨ ਲਈ ਵਚਨਬੱਧ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ ’ਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਕੁੱਲ 500 ਮੈਗਾਵਾਟ ਸੂਰਜੀ ਊਰਜਾ ਦੀ ਖਰੀਦ ਲਈ ਦੋ ਟੈਂਡਰ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ 250-250 ਮੈਗਾਵਾਟ ਦੀ ਸਮਰੱਥਾ ਵਾਲੇ ਇਹ ਦੋ ਸੂਰਜੀ ਊਰਜਾ ਪ੍ਰੋਜੈਕਟ ਵਿੱਚੋਂ ਇਕ-ਇਕ ਭਾਰਤ ਅਤੇ ਪੰਜਾਬ ਵਿੱਚ ਕਿਤੇ ਬਣਨਗੇ ਤਾਂ ਜੋ ਸੂਬੇ ਵਿੱਚ ਬਿਜਲੀ ਦੀ ਵੱਧ ਰਹੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਦੇਸ ਭਰ ਦੇ ਬੋਲੀਕਾਰਾਂ ਨੇ ਟੈਂਡਰ ਪ੍ਰਕਿਰਿਆ ਵਿੱਚ ਹਿੱਸਾ ਲਿਆ।

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ. ਵੇਣੂ ਪ੍ਰਸਾਦ ਦੇ ਅਨੁਸਾਰ ਭਾਰਤ ਵਿੱਚ ਕਿਤੇ ਵੀ ਸਥਿਤ ਪ੍ਰੋਜੈਕਟਾਂ ਤੋਂ 250 ਮੈਗਾਵਾਟ ਸੋਲਰ ਪਾਵਰ ਦੀ ਖਰੀਦ ਸਬੰਧੀ ਟੈਂਡਰ ਦੇ ਤਹਿਤ ‘ਰੀਨਿਊ ਦਿਨਕਰ ਜੋਤੀ ਪ੍ਰਾਈਵੇਟ ਲਿਮਟਿਡ’ ਨੇ 2.33 ਰੁਪਏ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 250 ਮੈਗਾਵਾਟ ਸੋਲਰ ਪਾਵਰ ਦੀ ਪੇਸਕਸ ਕੀਤੀ ਹੈ। ਪੰਜਾਬ ਵਿੱਚ ਕਿਤੇ ਵੀ ਸਥਿਤ ਪ੍ਰੋਜੈਕਟਾਂ ਤੋਂ 250 ਮੈਗਾਵਾਟ ਸੋਲਰ ਪਾਵਰ ਦੀ ਖਰੀਦ ਸਬੰਧੀ ਟੈਂਡਰ ਦੇ ਤਹਿਤ ‘ਐਸ.ਜੇ.ਵੀ.ਐਨ. ਲਿਮਟਿਡ’ ਨੇ 2.69 ਰੁਪਏ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 100 ਮੈਗਾਵਾਟ ਸੂਰਜੀ ਊਰਜਾ ਅਤੇ ‘ਐਸ.ਏ.ਈ.ਐਲ. ਲਿਮਿਟਿਡ’ ਨੇ 2.69 ਰੁਪਏ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 50 ਮੈਗਾਵਾਟ ਸੋਲਰ ਪਾਵਰ ਦੀ ਪੇਸਕਸ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ