ਕੀ ਅਸੀਂ ਇਮਾਨਦਾਰ ਹਾਂ ?
ਅੱਜ-ਕੱਲ੍ਹ ਹਰ ਪਾਸੇ ਬੜਾ ਸ਼ੋਰ ਏ, ਹਰ ਕੋਈ ਕਹਿ ਰਿਹਾ ਏ ਕਿ ਵੱਡੀਆਂ ਰਾਜਨੀਤਿਕ ਪਾਰਟੀਆਂ, ਵੱਡੇ-ਵੱਡੇ ਸਿਆਸਤਦਾਨ, ਵੱਡੇ-ਵੱਡੇ ਉਦਯੋਗਪਤੀ, ਨੌਕਰਸ਼ਾਹ, ਪੁਲਿਸ, ਹੋਰ ਸਰਕਾਰੀ ਮੁਲਾਜ਼ਮ, ਸਭ ਭਿ੍ਰਸ਼ਟਾਚਾਰੀ ਨੇ, ਤੇ ਇਹ ਗੱਲ ਹਰੇਕ ਲਈ ਤਾਂ ਨਹੀਂ ਪਰ ਜ਼ਿਆਦਾਤਰ ਲਈ ਠੀਕ ਵੀ ਜਾਪਦੀ ਏ । ਭਿ੍ਰਸ਼ਟਾਚਾਰ ਦਾ ਅਰਥ ਏ, ਕਿਸੇ ਵੀ ਤਰ੍ਹਾਂ ਦਾ ਅਨੈਤਿਕ ਜਾਂ ਅਨੁਚਿਤ ਆਚਰਣ, ਤਾਂ ਫੇਰ ਇਸ ਸਭ ਦੇ ਵਿਚਾਲੇ, ਸਾਡੇ ਸਭ ਲਈ ਵੀ ਇੱਕ ਬਹੁਤ ਈ ਵੱਡਾ ਸਵਾਲ ਪੈਦਾ ਹੋ ਜਾਂਦਾ ਏ, ਜਿਸ ਦਾ ਜਵਾਬ ਮਿਲਣਾ ਬੇਹੱਦ ਜਰੂਰੀ ਏ, ਉਹ ਅਹਿਮ ਸਵਾਲ ਏ ਕਿ, ਕੀ ਅਸੀਂ ਸਾਰੇ ਇਮਾਨਦਾਰ ਹਾਂ? ਕੀ ਅਸੀਂ ਭਿ੍ਰਸ਼ਟ ਨਹੀਂ ਹਾਂ? ਪਿਛਲੇ ਮਹੀਨੇ ਹੀ ਇੱਕ ਵਿਦਿਆਰਥੀ ਬੱਚੇ ਦਾ ਪਿਤਾ ਉਸ ਨੂੰ ਸਕੂਲ ’ਚ ਮੇਰੇ ਕੋਲ ਲੈ ਕੇ ਆਇਆ ਤੇ ਮੈਨੂੰ ਕਹਿੰਦਾ, ‘ਮਾਸਟਰ ਜੀ, ਇਹਦੇ ਦੋ ਲਾਓ ਕੰਨਾਂ ਹੇਠ, ਮੇਰੀ ਤਾਂ ਮੰਨਦਾ ਨਹੀਂ ਜੇ, ਇਹ ਨਹਿਰ ’ਚ ਨਹਾਉਂਦਾ ਏ।’ ਮੈਂ ਸੋਚਾਂ ’ਚ ਪੈ ਗਿਆ ਤੇ ਫੇਰ ਬੱਚੇ ਨੂੰ ਚੁੱਪਚਾਪ ਕਲਾਸ ਵਿੱਚ ਭੇਜ ਦਿੱਤਾ। ‘ਮਾਸਟਰ ਜੀ, ਥੋੜ੍ਹਾ ਝਿੜਕ ਤਾਂ ਦਿੰਦੇ!’ ਬੱਚੇ ਦੇ ਪਿਤਾ ਨੇ ਕਿਹਾ ਤਾਂ ਮੈਂ ਜਵਾਬ ਦਿੱਤਾ, ‘ਮਾਫ ਕਰਨਾ ਜੀ, ਮੈਂ ਤਾਂ ਆਪ ਵੀ ਹਜੇ ਨਹਿਰ ’ਚ ਨਹਾਉਂਦਾ ਹਾਂ, ਜਦੋਂ ਮੈਂ ਆਪ ਛੱਡਾਂਗਾ ਤਾਂ ਹੀ ਮੈਂ ਬੱਚੇ ਨੂੰ ਰੋਕ ਸਕਾਂਗਾ।’
ਕੋਈ ਵੀ ਸਿਆਸਤਦਾਨ, ਸਰਕਾਰੀ ਅਧਿਕਾਰੀ ਜਾਂ ਉਦਯੋਗਪਤੀ, ਸਿੱਧਾ ਅਸਮਾਨ ਤੋਂ ਨਹੀਂ ਡਿੱਗਦਾ। ਉਹ ਸਾਡੇ ਆਮ ਘਰਾਂ ਵਿੱਚ ਜਨਮ ਲੈ ਕੇ, ਆਮ ਮਾਹੌਲ ’ਚ ਈ ਵੱਡੇ ਹੁੰਦੇ ਹਨ। ਉਹ ਵੀ ਇਸੇ ਸਮਾਜ ਦਾ ਹੀ ਹਿੱਸਾ ਹਨ, ਜਿਸ ਸਮਾਜ ਦੀ ਵਿਡੰਬਨਾ ਇਹ ਹੈ ਕਿ ਸਾਨੂੰ ਆਪਣੇ ਘਰਾਂ ਵਿੱਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਹਮੇਸ਼ਾ ਈ, ਇਹੋ ਸਿੱਖਿਆ ਦਿੱਤੀ ਜਾਂਦੀ ਏ ਜਾਂ ਪ੍ਰੇਰਿਤ ਕੀਤਾ ਜਾਂਦਾ ਏ ਕਿ ਸਰਕਾਰੀ ਚੀਜ਼ ਕਿਸੇ ਵੀ ਤਰੀਕੇ ਨਾਲ ਪ੍ਰਾਪਤ ਕਰਨਾ ਜਾਂ ਉਸ ਨੂੰ ਨਿੱਜੀ ਹਿੱਤ ’ਚ ਵਰਤਣਾ ਅਨੈਤਿਕ ਨਹੀਂ ਹੈ, ਸਗੋਂ ਉਹ ਸਾਡੀ ਪ੍ਰਾਪਤੀ ਏ। ਜਦੋਂ ਅਸੀਂ ਅਜਿਹੇ ਸੰਸਕਾਰਾਂ ਦੇ ਵਾਰਸ ਹੁੰਦੇ ਹਾਂ ਤਾਂ ਭਿ੍ਰਸ਼ਟਾਚਾਰ ਦਾ ਮੌਕਾ ਮਿਲਦੇ ਹੀ, ਇਹੀ ਸੌੜੀ ਮਾਨਸਿਕਤਾ, ਸਾਡੇ ’ਤੇ ਭਾਰੂ ਹੋ ਜਾਂਦੀ ਹੈ। ਛੋਟੇ-ਛੋਟੇ ਬੱਚੇ, ਆਪਣੇ ਬਜ਼ੁਰਗ ਦਾਦਾ ਜੀ ਨੂੰ ਜਦੋਂ ਬਿਜਲੀ ਦੀ ਕੁੰਡੀ ਨਿੱਤ ਲਾਉਂਦੇ ਵੇਖਦੇ ਨੇ, ਉਹੀ ਬੱਚੇ ਨਕਲ ਕਰਵਾਉਣ ਲਈ ਮਾਪਿਆਂ ਨੂੰ ਤੇ ਆਪਣੇ ਹੀ ਆਦਰਸ਼ ਅਧਿਆਪਕਾਂ ਨੂੰ ਸੁਪਰਡੈਂਟ ਦੀਆਂ ਲੇਲੜੀਆਂ ਕੱਢਦੇ ਵੇਖਦੇ ਨੇ ਤਾਂ ਵੱਡੇ ਹੋ ਕੇ ਉਹਨਾਂ ਬੱਚਿਆਂ ’ਚੋਂ ਪਾਕ ਸਾਫ, ਨਿੱਗਰ ਸ਼ਖਸੀਅਤ ਦਾ ਨਿਰਮਾਣ ਹੋਣਾ ਕਿਵੇਂ ਮੁਮਕਿਨ ਹੈ।
ਸਾਡੇ ਦੇਸ਼ ਵਿੱਚ ਵੀ ਇਮਾਨਦਾਰ ਲੋਕਾਂ ਦੀ ਕੋਈ ਕਮੀ ਨਹੀਂ ਹੈ, ਪਰ ਅਸਲ ਇਮਾਨਦਾਰ ਤਾਂ ਸਿਰਫ ਉਹ ਹਨ, ਜਿੰਨ੍ਹਾਂ ਨੂੰ ਭਿ੍ਰਸ਼ਟਾਚਾਰ ਦਾ ਮੌਕਾ ਮਿਲਦਾ ਹੈ ਪਰ ਫੇਰ ਵੀ ਉਹ ਨੈਤਿਕਤਾ ’ਤੇ ਕਾਇਮ ਰਹਿੰਦੇ ਨੇ। ਸਾਡੇ ਦੇਸ਼ ਦੇ ਵੱਡੇ ਲੀਡਰ, ਅਫਸਰਸ਼ਾਹ, ਸਰਕਾਰੀ ਅਧਿਕਾਰੀ ਵੱਡੇ ਘੋਟਾਲੇ ਕਰਦੇ ਨੇ ਪਰ ਕੀ ਆਪਾਂ ਘੱਟ ਗੁਜ਼ਾਰਦੇ ਆਂ? ਆਪਣੇ ਵਿਚੋਂ ਇਮਾਨਦਾਰ ਕਹਾਉਣ ਵਾਲੇ ਜ਼ਿਆਦਾਤਰ ਸਾਥੀਆਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ, ਆਪਾਂ ਬਿਜਲੀ ਚੋਰੀ ਕਰਦੇ ਹਾਂ, ਘਰ ਭਾਵੇਂ ਸਾਡਾ ਦੋ ਕਨਾਲ ’ਚ ਹੋਵੇ ਪਰ ਗਲੀ ਵਿੱਚ ਕਬਜਾ ਕਰਨ ਲਈ ਅਸੀਂ ਥੜਾ ਪੂਰਾ ਵਧਾ ਕੇ ਗਲੀ ਦੇ ਵਿੱਚ ਨਜਾਇਜ਼ ਕਬਜ਼ਾ ਕਰਦੇ ਹਾਂ, ਇੱਥੋਂ ਤੱਕ ਕਿ ਦਰਵਾਜਾ ਵੀ ਗਲੀ ’ਚ ਖੁੱਲ੍ਹਣ ਵਾਲਾ ਈ ਬਣਵਾਉਂਦੇ ਹਾਂ, ਪਾਣੀ ਦੇ ਕੁਨੈਕਸ਼ਨ ਨੂੰ ਮਿਆਰੀ ਪੈਮਾਨੇ ਤੋਂ ਵੱਡਾ ਰੱਖਦੇ ਹਾਂ ਤੇ ਫੇਰ ਅਮਿ੍ਰਤ ਰੂਪੀ ਪੀਣ ਵਾਲਾ ਪਾਣੀ ਫਲਸ਼ਾਂ ’ਚ ਛੱਡਦੇ ਹੋਏ ਪਾਣੀ ਦੀ ਸ਼ਰੇਆਮ ਬਰਬਾਦੀ ਕਰਦੇ ਹਾਂ, ਅਸੀਂ ਗਲੀ ਵਿੱਚ ਛੱਤ ਦੇ ਬਾਹਰ ਬਨੇਰੇ ਕੱਢਦੇ ਆਂ, ਜਨਤਕ ਥਾਵਾਂ ਅਤੇ ਜਨਤਕ ਆਵਾਜਾਈ ਦੇ ਸਾਧਨਾਂ ਵਿੱਚ ਆਪਾਂ ਖੁੱਲ੍ਹ ਕੇ ਗੰਦਗੀ ਫੈਲਾਉਂਦੇ ਆਂ, ਚੋਣਾਂ ਵੇਲੇ ਆਪਾਂ ਜਾਤ-ਪਾਤ ਜਾਂ ਕੋਈ ਹੋਰ ਕੌੜਾ-ਮਿੱਠਾ ਲਾਲਚ ਦੇਖ ਕੇ ਵੋਟਾਂ ਪਾਵਾਂਗੇ, ਕੀ-ਕੀ ਲਿਖਾਂਗੇ, ਮੂਲ ਗੱਲ ਤਾਂ ਇਹ ਹੈ ਕਿ ਸਾਡੇ ’ਚੋਂ ਜਿਆਦਾਤਰ ਉਦੋਂ ਤੱਕ ਈ ਇਮਾਨਦਾਰ ਹਨ, ਜਦੋਂ ਤੱਕ ਬੇਈਮਾਨੀ ਦਾ ਮੌਕਾ ਨਹੀਂ ਮਿਲਦਾ। ਹਰ ਕੋਈ ਇਸ ਹਮਾਮ ’ਚ ਨੰਗਾ ਏ, ਕਿਉਂਕਿ ਇਹ ਸਾਡੀ ਮਾਨਸਿਕਤਾ ’ਚ ਏ ਕਿ ਕਿਸੇ ਵੀ ਤਰੀਕੇ ਨਾਲ, ਭੌਤਿਕ ਸੰਸਾਧਨ, ਵੱਧ ਤੋਂ ਵੱਧ ਜੁਟਾਏ ਜਾਣ। ਗੱਲ ਕੌੜੀ ਏ ਪਰ ਸੱਚੀ ਏ ਕਿ ਆਪਣੇ ਆਮ ਇਨਸਾਨਾਂ ਵਿੱਚੋਂ ਵੀ ਜਿਆਦਾਤਰ ਭਿ੍ਰਸ਼ਟ ਨੇ ਕੋਈ ਰੱਤੀ ਵੱਧ ਤੇ ਕੋਈ ਭੋਰਾ ਘੱਟ ਮੇਰਾ ਆਵਦਾ ਦਾਦਾ, ਮੇਰੇ ਪਿਓ ਤੋਂ ਇਸ ਗੱਲ ’ਤੇ ਕਈ ਦਿਨ ਨਾਰਾਜ ਰਿਹਾ ਕਿ ਮੇਰੇ ਪਿਓ ਨੇ ਮੇਰੇ ਦਾਦੇ ਨੂੰ ਨਜਾਇਜ਼ ਬੁਢਾਪਾ ਪੈਨਸ਼ਨ ਲਵਾਉਣ ਤੋਂ ਰੋਕ ਦਿੱਤਾ ਸੀ।
ਅਸਲ ’ਚ ਭਿ੍ਰਸਟਾਚਾਰ ਨੂੰ ਖਤਮ ਕਰਨ ਲਈ ਸਾਡੀ ਸਿੱਖਿਆ ਪ੍ਰਣਾਲੀ ਨੂੰ ਬਦਲਣ ਦੀ ਜਰੂਰਤ ਹੈ। ਭਿ੍ਰਸ਼ਟਾਚਾਰ ਦੇਸ਼ ਨੂੰ ਸਿਉਕ ਵਾਂਗ ਲਗਾਤਾਰ ਚੱਟਦਾ ਜਾ ਰਿਹਾ ਏ, ਜੋ ਆਉਣ ਵਾਲੇ ਸਮੇਂ ਲਈ ਬਹੁਤ ਖਤਰਨਾਕ ਰੁਝਾਨ ਹੈ। ਸਾਨੂੰ ਤੁਰੰਤ, ਨੈਤਿਕ ਸਿੱਖਿਆ ਨੂੰ ਪਾਠਕ੍ਰਮ ਵਿੱਚ ਲਾਜਮੀ ਵਿਸ਼ੇ ਵਜੋਂ ਸ਼ਾਮਲ ਕਰਕੇ, ਪ੍ਰਾਇਮਰੀ ਪੱਧਰ ਤੋਂ ਈ ਪੜ੍ਹਾਇਆ ਜਾਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਆਪਣੀ ਸੋਚ, ਵਿਹਾਰ ਤੇ ਆਪਣੇ ਦਾਇਰੇ ਨੂੰ ਬਦਲਣਾ ਪਵੇਗਾ। ਮੇਰੇ ਇੱਕ ਅਧਿਆਪਕ ਮਿੱਤਰ ਨੇ, ਆਪਣੇ ਵੱਡੇ ਭਰਾ ਵੱਲੋਂ ਗਲੀਆਂ ਦੇ ਠੇਕੇਦਾਰ ਦਾ ਚੋਰੀ ਨਾਲ ਨੱਪਿਆ ਪਾਇਪ ਦਾ ਟੁਕੜਾ ਠੇਕੇਦਾਰ ਨੂੰ ਵਾਪਸ ਮੋੜਤਾ, ਇਸ ਚੋਰੀ ’ਤੇ ਸ਼ਰਮਿੰਦਾ ਹੋਣ ਦੀ ਬਜਾਏ ਮਾਸਟਰ ਦੇ ਭਰਾ ਦਾ ਕਹਿਣਾ ਸੀ, ‘ਤੂੰ ਮੇਰੀ ਬੇਇੱਜ਼ਤੀ ਕੀਤੀ ਏ, ਤੈਨੂੰ ਚੜ੍ਹੇ ਮਹੀਨੇ 50 ਹਜ਼ਾਰ ਆਉਂਦਾ ਤਾਂ ਇਮਾਨਦਾਰੀ ਜ਼ਿਆਦਾ ਆਉਂਦੀ ਏ, ਠੇਕੇਦਾਰ ਨੂੰ ਬੜਾ ਫਰਕ ਪੈਣਾ ਸੀ!’ ਇਸ ਗੱਲ ਤੋਂ ਬਾਅਦ ਵੱਡੇ ਭਰਾ ਵੱਲੋਂ, ਮਾਸਟਰ ਨਾਲ ਬੋਲ-ਚਾਲ ਨਾ-ਮਾਤਰ ਦੀ ਈ ਰਹਿ ਗਈ ਏ।
ਭਿ੍ਰਸ਼ਟਾਚਾਰ ਨੂੰ ਗਰੀਬੀ ਦੇ ਬਹਾਨੇ ਨਾਲ ਜਾਂ ਕਿਸੇ ਦੂਜੇ ਦੀ ਅਮੀਰੀ ਦੀ ਔਹਲੇ ਨਾਲ, ਕਿਸੇ ਵੀ ਤਰ੍ਹਾਂ ਜਾਇਜ ਨਹੀਂ ਠਹਿਰਾਇਆ ਜਾ ਸਕਦਾ। ਜੇਕਰ ਤੁਸੀਂ ਉੱਪਰਲੇ ਸਿਖਰ ਤੱਕ ਵਿਵਸਥਾ ਨੂੰ ਸਾਫ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਹੇਠਾਂ ਤੋਂ ਈ ਸਫਾਈ ਸ਼ੁਰੂ ਕਰਨੀ ਪਵੇਗੀ । ਸਾਡੇ ਬੱਚੇ ਹਮੇਸ਼ਾ ਸਾਡਾ ਹੀ ਅਨੁਸਰਣ ਕਰਦੇ ਨੇ, ਜਿਹਾ ਵੇਖਣਗੇ, ਉਹੀ ਕਰਨਗੇ, ਉਹੀ ਬਣਨਗੇ ਹੁਣ ਅਸੀਂ ਤੈਅ ਕਰਨਾ ਏ ਕਿ ਭਵਿੱਖ ’ਚ ਕਿਹੋ-ਜਿਹੇ ਸਮਾਜ ਦਾ ਨਿਰਮਾਣ ਕਰਨਾ ਏ।
ਅਸ਼ੋਕ ਸੋਨੀ, ਹਿੰਦੀ ਅਧਿਆਪਕ,
ਪਿੰਡ ਖੂਈ ਖੇੜਾ , ਫਾਜ਼ਿਲਕਾ।
ਮੋ. 98727-05078
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ