ਸੂਬੇ ਭਰ ਅੰਦਰ 32 ਕਿਸਾਨ ਜਥੇਬੰਦੀਆਂ ਵੱਲੋਂ ਡੀਸੀ ਤੇ ਐਸਡੀਐਮ ਦਫਤਰਾਂ ਮੂਹਰੇ ਧਰਨੇ ਤੇ ਪ੍ਰਦਰਸ਼ਨ

Farmers Protest Sachkahoon

ਸੂਬੇ ਭਰ ਅੰਦਰ 32 ਕਿਸਾਨ ਜਥੇਬੰਦੀਆਂ ਵੱਲੋਂ ਡੀਸੀ ਤੇ ਐਸਡੀਐਮ ਦਫਤਰਾਂ ਮੂਹਰੇ ਧਰਨੇ ਤੇ ਪ੍ਰਦਰਸ਼ਨ

ਬੇਮੌਸਮੀ ਬਾਰਿਸ਼ ਕਾਰਨ ਖੜ੍ਹੀ ਤੇ ਮੰਡੀ ’ਚ ਪਈ ਫਸਲ ਅਤੇ ਗੁਲਾਬੀ ਸੁੰਡੀ ਕਾਰਨ ਤਬਾਹ ਨਰਮੇ ਦੇ ਮੁਆਵਜ਼ੇ ਲਈ ਮੰਗ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੰਯੁਕਤ ਕਿਸਾਨ ਮੋਰਚਾ ’ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਅੱਜ ਪੰਜਾਬ ਭਰ ਅੰਦਰ 108 ਥਾਵਾਂ ਤੇ ਜਾਰੀ ਧਰਨਿਆਂ ’ਚ ਵੱਡੇ ਇਕੱਠ ਵੇਖਣ ਨੂੰ ਮਿਲੇ। ਇਸ ਦੇ ਨਾਲ ਹੀ ਪੂਰੇ ਸੂਬੇ ਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਵੀ ਕੇਂਦਰ-ਸਰਕਾਰ ਖ਼ਿਲਾਫ਼ ਮੁਜ਼ਾਹਰੇ ਕੀਤੇ ਗਏ ਅਤੇ ਰਾਸਟਰਪਤੀ ਦੇ ਨਾਂਅ ਮੰਗ ਪੱਤਰ ਭੇਜੇ ਗਏ। ਇਸਦੇ ਨਾਲ ਹੀ ਪਿਛਲੇ ਦਿਨੀ ਪਏ ਭਾਰੀ ਮੀਂਹ ਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਗਈ। ਕਿਸਾਨ ਆਗੂਆਂ ਬੂਟਾ ਸਿੰਘ ਬੁਰਜ਼ਗਿੱਲ, ਹਰਮੀਤ ਸਿੰਘ ਕਾਦੀਆਂ, ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਨਿਹਾਲਗੜ੍ਹ ਆਦਿ ਨੇ ਲਖੀਮਪੁਰ-ਖੀਰੀ ਕਾਂਡ ਦੇ ਮੁਲਜ਼ਮ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਬਰਖਾਸਤ ਅਤੇ ਗਿ੍ਰਫਤਾਰ ਕਰਨ ਦੀ ਮੰਗ ਕੀਤੀ।

ਆਗੂਆਂ ਨੇ ਕਿਹਾ ਕਿ ਜਿਹੜੀ ਪੁਲਿਸ ਇਸ ਦੋਸ਼ੀ ਮੰਤਰੀ ਦੇ ਅਧੀਨ ਕੰਮ ਕਰ ਰਹੀ ਹੈ, ਉਸ ਪੁਲਿਸ ਤੋਂ ਇਹ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਸ ਦੇ ਕਾਤਲ ਪੁੱਤਰ ਵਿਰੁੱਧ ਨਿਰਪੱਖ ਜਾਂਚ ਕਰੇਗੀ। ਇਹ ਸਿਆਸੀ ਅਨੈਤਿਕਤਾ ਦਾ ਸ਼ਿਖਰ ਹੈ ਕਿ ਕਤਲ ਦੇ ਕੇਸ ਦਾ ਸਾਜ਼ਿਸ਼-ਕਰਤਾ ਦੇਸ਼ ਦਾ ਗ੍ਰਹਿ ਮੰਤਰੀ ਵੀ ਹੈ। ਇਸ ਗ੍ਰਹਿ ਰਾਜ ਮੰਤਰੀ ਨੇ ਖੂਨੀ ਕਾਂਡ ਤੋਂ ਇੱਕ ਹਫਤਾ ਪਹਿਲਾਂ ਹੀ ਆਪਣੀ ਖੂਨੀ ਮਨਸ਼ਾ ਦਾ ਸ਼ਰੇਆਮ ਇਜ਼ਹਾਰ ਕਰ ਦਿੱਤਾ ਸੀ। ਅਸੀਂ ਉਸ ਦੀ ਬਰਖਾਸਤਗੀ ਤੇ ਗਿ੍ਰਫਤਾਰੀ ਤੱਕ ਸੰਘਰਸ਼ ਕਰਦੇ ਰਹਾਂਗੇ।

ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਹੋਈ ਬੇਮੌਸਮੀ ਬਾਰਿਸ਼ ਕਾਰਨ ਖੜ੍ਹੀਆਂ ਅਤੇ ਮੰਡੀਆਂ ਵਿੱਚ ਪਈ ਫਸਲ ਦਾ ਬਹੁਤ ਨੁਕਸਾਨ ਹੋਇਆ। ਇਸ ਤੋਂ ਇਲਾਵਾ ਪੰਜਾਬ ਦੀ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨੇ ਪੂਰੀ ਫਸਲ ਬਰਬਾਦ ਕਰ ਦਿੱਤੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਕੁਝ ਮੰਡੀਆਂ ’ਚੋਂ ਖਬਰਾਂ ਆ ਰਹੀਆਂ ਹਨ ਕਿ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਨਮੀ ਚੈਕ ਕਰਨ ਤੋਂ ਬਾਅਦ ਸ਼ੈਲਰ ਮਾਲਕ ਫਿਰ ਤੋਂ ਉਸੇ ਢੇਰੀ ਦੀ ਨਮੀ ਚੈਕ ਕਰਦੇ ਹਨ। ਇਹ ਬਿਲਕੁੱਲ ਗੈਰ-ਕਾਨੂੰਨੀ ਅਤੇ ਕਿਸਾਨਾਂ ਦੇ ਸਿਰ ਤੇ ਇੱਕ ਹੋਰ ਪਰਾਈਵੇਟ ਏਜੰਸੀ ਥੋਪਣ ਦੇ ਤੁੱਲ ਹੈ। ਅਸੀਂ ਅਜਿਹੀ ਅਪਮਾਨ-ਜਨਕ ਕਾਰਵਾਈ ਬਿਲਕੁੱਲ ਬਰਦਾਸ਼ਤ ਨਹੀਂ ਕਰਾਂਗੇ ਅਤੇ ਸਰਕਾਰ ਨੂੰ ਇਸ ਕੋਝੀ ਕਾਰਵਾਈ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਕਰਦੇ ਹਾਂ।

ਐਨਆਰਆਈ ਦਰਸ਼ਨ ਧਾਲੀਵਾਲ ਨੂੰ ਏਅਰਪੋਰਟ ਤੋਂ ਵਾਪਸ ਭੇਜਣ ਦੀ ਨਿਖੇਧੀ

ਕਿਸਾਨ ਆਗੁੂਆਂ ਨੇ ਪਿਛਲੇ ਦਿਨੀਂ ਕਿਸਾਨ ਅੰਦੋਲਨ ਦੇ ਸਰਗਰਮ ਸਮਰਥਕ ਅਤੇ ਉਘੇ ਐਨਆਰਆਈ ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਲੀ ਏਅਰਪੋਰਟ ਤੋਂ ਹੀ ਅਮਰੀਕਾ ਵਾਪਸ ਭੇਜਣ ਦੇ ਸਰਕਾਰੀ ਫੈਸਲੇ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਇੰਨੀਆਂ ਕੋਝੀਆਂ ਤੇ ਅਨੈਤਿਕ ਕਾਰਵਾਈਆਂ ‘ਤੇ ਉੱਤਰ ਆਈ ਹੈ ਕਿ ਕਿਸਾਨ ਅੰਦੋਲਨ ਦੇ ਐਨਆਰਆਈ ਸਮੱਰਥਕਾਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ। ਸਰਕਾਰ ਅਜਿਹੀਆਂ ਕਾਰਵਾਈਆਂ ਨਾਲ ਕਿਸਾਨ ਅੰਦੋਲਨ ਨੂੰ ਮਿਲ ਰਹੀ ਕੌਮਾਂਤਰੀ ਹਮਾਇਤ ਨੂੰ ਘਟਾ ਨਹੀਂ ਕਰ ਸਕਦੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ