ਕਾਲਜ ਦੀ ਛੋਟੀ ਜਿਹੀ ਲੜਾਈ ਨੂੰ ਵੱਡੀ ਸਿਆਸੀ ਰੰਗਤ ਦੇਣ ਦੀ ਕੀਤੀ ਗਈ ਕੋਸ਼ਿਸ਼
ਸੋਸ਼ਲ ਮੀਡੀਆ ’ਚ ਵਾਇਰਲ ਵੀਡੀਓ ਨੂੰ ਤੋੜ-ਮਰੋੜ ਕੇ ਕਾਲਜ ਨਾਲ ਜੋੜਿਆ ਗਿਆ
(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਇੰਜੀਨੀਅਰਿੰਗ ਕਾਲਜ ਵਿੱਚ ਬਹੁਤ ਹੀ ਸ਼ਾਂਤ ਮਾਹੌਲ ਵਿੱਚ ਪੜ੍ਹਾਈ ਹੋ ਰਹੀ ਹੈ, ਕਿਸੇ ਤਰ੍ਹਾਂ ਦਾ ਕੋਈ ਤਣਾਅ ਨਹੀਂ ਹੈ ਪਰ ਰਾਜਨੀਤੀ ਕਰਨ ਵਾਲੇ ਵਿਦਿਆਰਥੀਆਂ ਦੀ ਆਪਸੀ ਲੜਾਈ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਪ੍ਰਗਟਾਵਾ ਭਾਈ ਗੁਰਦਾਸ ਗਰੁੱਪ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਕੈਂਪਸ ’ਚ ਬੁਲਾਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਡਾ. ਜਵੰਧਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕੇਟ ਟੀਮਾਂ ਦਾ ਮੈਚ ਦੌਰਾਨ ਕਾਲਜ ਦੇ ਦੋ ਵਿਦਿਆਰਥੀਆਂ ਗਰੁੱਪ ਵਿੱਚ ਥੋੜਾ ਝਗੜਾ ਹੋ ਗਿਆ ਸੀ ਤੇ ਇਸ ਦੌਰਾਨ ਸਿਰਫ਼ ਇੱਕ ਟੀਵੀ ਟੁੱਟ ਗਿਆ ਸੀ ਪਰ ਇਸ ਛੋਟੀ ਜਿਹੀ ਘਟਨਾ ਨੂੰ ਸੋਸ਼ਲ ਮੀਡੀਆ ’ਤੇ ਫਿਰਕੂ ਤੇ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਹੇਠ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓ ਆਡਿਟ ਕਰਕੇ ਵਾਇਰਲ ਕਰ ਦਿੱਤੀਆ ਗਈਆਂ। ਡਾ. ਜਵੰਧਾ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਜਿਹੜੇ ਕਾਲਜ ਦੀਆਂ ਫੋਟੋਆਂ ਦਿਖਾਈਆਂ ਜਾ ਰਹੀਆਂ ਹਨ, ਉਹ ਸਾਡਾ ਕਾਲਜ ਨਹੀਂ ਅਤੇ ਨਾ ਹੀ ਕਿਸੇ ਵਿਦਿਆਰਥੀ ਦੇ ਕੋਈ ਸੱਟ ਲੱਗੀ। ਲੜਾਈ ਝਗੜਾ ਕਰਨ ਵਾਲੇ ਕਾਲਜ ਦੇ ਦੋਵੇਂ ਲੜਕਿਆਂ ਨੂੰ ਬਿਠਾ ਕੇ ਸਮਝਾ ਦਿੱਤਾ ਗਿਆ ਅਤੇ ਉਹ ਕਹਿਣਾ ਮੰਨ ਕੇ ਆਪਣੀ ਪੜ੍ਹਾਈ ਵਿੱਚ ਲੱਗ ਗਏ ਹਨ। ਡਾ. ਜਵੰਧਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਭਾਈ ਗੁਰਦਾਸ ’ਚ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਕਾਲਜ ਦੇ ਨਾਂਅ ’ਤੇ ਰਾਜਨੀਤੀ ਕਰਨ ਵਾਲਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਇੱਥੇ ਪੜਨ ਵਾਲੇ ਵਿਦਿਆਰਥੀ ਕਸ਼ਮੀਰੀ, ਯੂ.ਪੀ. ਦੇ ਨਹੀਂ ਬਲਕਿ ਭਾਈ ਗੁਰਦਾਸ ਗਰੁੱਪ ਦੇ ਵਿਦਿਆਰਥੀ ਹਨ ਅਤੇ ਸਿਆਸੀ ਆਗੂ ਸਿਆਸੀ ਲਾਹਾ ਲੈਣ ਖ਼ਾਤਰ ਇਸ ਮਾਮਲੇ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਨਾ ਕਰਨ।
ਡਾ. ਜਵੰਧਾ ਨੇ ਕਿਹਾ ਕਿ ਇਹ ਸਾਰੇ ਮਾਮਲੇ ਦੀ ਉਪਜ ਸੋਸ਼ਲ ਮੀਡੀਆ ਹੀ ਹੈ ਜਿਸ ਨੇ ਬੜੇ ਗਲਤ ਤਰੀਕੇ ਨਾਲ ਐਡਿਟ ਕਰ ਕਰ ਵੀਡੀਓ ਵਾਇਰਲ ਕਰਕੇ ਸਮਾਜਿਕ ਭਾਈਚਾਰੇ ਦੀ ਏਕਤਾ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਜਿਹੀਆਂ ਕੋਈ ਵੀ ਸ਼ਕਤੀਆਂ ਨੂੰ ਉਨਾਂ ਦੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਉਨਾਂ ਦੇ ਨਾਲ ਭਾਈ ਗੁਰਦਾਸ ਗਰੁੱਪ ਦੇ ਡਾਇਰੈਕਟਰ ਤਨੂਜਾ ਸ੍ਰੀਵਾਸਤਵ ਤੇ ਹੋਰ ਕਾਲਜ ਅਧਿਕਾਰੀ ਵੀ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ