ਮੰਡੀਆਂ ‘ਚ ਭਿੱਜਦੇ ਝੋਨੇ ਨੇ ਮਾਰਕੀਟ ਕਮੇਟੀ ਅਮਰਗੜ੍ਹ ਦੇ ਦਾਅਵਿਆਂ ਦੀ ਖੋਲ੍ਹੀ ਪੋਲ
(ਸੁਰਿੰਦਰ ਸਿੰਗਲਾ) ਅਮਰਗੜ੍ਹ। ਬੀਤੀ ਰਾਤ ਤੋਂ ਹੋ ਰਹੀ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ’ਤੇ ਆੜ੍ਹਤੀਆਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਪਹਿਲਾਂ ਹੀ ਪਿਛਲੇ ਕਈ ਦਿਨਾਂ ਤੋਂ ਮੰਡੀਆਂ ‘ਚ ਝੋਨਾ ਵੇਚਣ ਆਏ ਕਿਸਾਨਾਂ ਨੂੰ ਮਾਰਕੀਟ ਕਮੇਟੀ ਅਤੇ ਖਰੀਦ ਏਜੰਸੀਆਂ ਵੱਲੋਂ ਨਮੀ ਦੀ ਮਾਤਰਾ ਵੱਧ ਦੱਸਦੇ ਹੋਏ ਮੌਸਚਰ ਮੀਟਰਾਂ ਦੇ ਭੰਬਲਭੂਸੇ ‘ਚ ਪਾ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਸੀ ਪਰ ਹੁਣ ਪਏ ਬੇਮੌਸਮੀ ਮੀਂਹ ਨਾਲ ਜਿੱਥੇ ਝੋਨੇ ਦੀ ਵਾਢੀ ਬਿਲਕੁਲ ਹੀ ਰੁਕ ਗਈ ਹੈ ਉਥੇ ਹੀ ਖੁੱਲ੍ਹੇ ਅਸਮਾਨ ਥੱਲੇ ਮੰਡੀਆਂ ‘ਚ ਪਿਆ ਹਜ਼ਾਰਾਂ ਕੁਇੰਟਲ ਝੋਨਾ ਮਾਰਕੀਟ ਕਮੇਟੀ ਅਮਰਗੜ੍ਹ ਵੱਲੋਂ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਬਿਲਕੁਲ ਹੀ ਭਿੱਜ ਗਿਆ ਹੈ। ਮੰਡੀਆਂ ‘ਚ ਫਸਲ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਬੇਮੌਸਮੀ ਮੀਂਹ ਕਾਰਨ ਜਿੱਥੇ ਉਨ੍ਹਾਂ ਦਾ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਪੱਕੀ ਹੋਈ ਫਸਲ ਨੂੰ ਨੁਕਸਾਨ ਹੋਇਆ ਹੈ, ਉਥੇ ਹੀ ਮਾਰਕੀਟ ਕਮੇਟੀ ਵੱਲੋਂ ਝੋਨੇ ਦੀਆਂ ਬੋਰੀਆਂ ਅਤੇ ਢੇਰੀਆਂ ਨੂੰ ਢਕਣ ਲਈ ਕੋਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਗਏ।
ਜਿਸ ਕਾਰਨ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਖੁੱਲ੍ਹੇ ਅਸਮਾਨ ਹੇਠਾਂ ਮੰਡੀਆਂ ‘ਚ ਰੁਲ ਰਹੀ ਹੈ, ਪਰ ਮਾਰਕੀਟ ਕਮੇਟੀ ਅਮਰਗੜ੍ਹ ਜਾਂ ਸੂਬਾ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਵੱਲੋਂ ਖਰੀਦਿਆ ਹੋਇਆ ਝੋਨਾ ਵੀ ਲਵਾਰਸਾਂ ਵਾਂਗੂੰ ਮੰਡੀਆਂ ‘ਚ ਰੁਲ ਰਿਹਾ ਹੈ। ਪੱਤਰਕਾਰਾਂ ਵੱਲੋਂ ਜਦੋਂ ਮਾਰਕੀਟ ਕਮੇਟੀ ਅਮਰਗੜ੍ਹ ਅਧੀਨ ਪੈਂਦੀ ਮੰਡੀਆਂ ਦਾ ਦੌਰਾ ਕੀਤਾ ਗਿਆ ਤਾਂ ਤਕਰੀਬਨ ਸਾਰੀਆਂ ਹੀ ਮੰਡੀਆਂ ‘ਚ ਝੋਨੇ ਦੀਆਂ ਬੋਰੀਆਂ ਅਤੇ ਢੇਰੀਆਂ ਖੁੱਲ੍ਹੇ ਅਸਮਾਨ ਹੇਠਾਂ ਭਿੱਜ ਰਹੀਆਂ ਸਨ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਅਮਰਗੜ੍ਹ ’ਤੇ ਤੋਲੇਵਾਲ ਮੰਡੀ ਦਾ ਦੌਰਾ ਕਰਨ ’ਤੇ ਪਾਇਆ ਗਿਆ ਕਿ ਵਰ੍ਹਦੇ ਮੀਂਹ ‘ਚ ਝੋਨਾ ਭਿੱਜ ਰਿਹਾ ਹੈ ਜਿਸਦੇ ਚਲਦਿਆਂ ਦਰਜਨ ਦੇ ਕਰੀਬ ਆੜ੍ਹਤੀਆਂ ਨੂੰ ਨੋਟਿਸ ਕੱਢੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ