ਤਰੱਕੀ ਲਈ ਨੈਤਿਕ ਸਿੱਖਿਆ ਨੂੰ ਆਪਣ ਵਿਹਾਰ ’ਚ ਸ਼ਾਮਿਲ ਕੀਤਾ ਜਾਵੇ

Ethical Education Sachkahoon

ਤਰੱਕੀ ਲਈ ਨੈਤਿਕ ਸਿੱਖਿਆ ਨੂੰ ਆਪਣ ਵਿਹਾਰ ’ਚ ਸ਼ਾਮਿਲ ਕੀਤਾ ਜਾਵੇ

ਆਦਿ ਕਾਲ ਤੋਂ ਜਦੋਂ ਵੀ ਮਨੁੱਖ ਨੇ ਅਸੱਭਿਅਕ ਤੋਂ ਸੱਭਿਅਕ ਜਗਤ ਵਿਚ ਕਦਮ ਰੱਖਿਆ, ਉਸ ਦੀ ਦਿਲੀ ਇੱਛਾ ਰਹੀ ਕਿ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨੂੰ ਸਦਾਚਾਰਕ ਵਿੱਦਿਆ ਵਜੋਂ ਕੁਝ ਨਾ ਕੁਝ ਸੌਂਪਿਆ ਜਾਵੇ। ਦਾਰਸ਼ਨਿਕ ਪੱਖ ਤੋਂ ਸਦਾਚਾਰ ਦੀ ਥਾਂ ਅਰਥ ਵੀ ਨੈਤਿਕਤਾ ਹੀ ਹੈ। ਆਧੁਨਿਕ ਯੁੱਗ ਦੇ ਪੱਛਮੀ ਚਿੰਤਕਾਂ ਹਾਵਜ, ਕਲਾਰਕ, ਬਟਲਰ, ਹਯੂਮ, ਕਾਂਟ, ਸਪੈਂਸਰ, ਜੇਮਸ, ਸੋਪੇਨਹਾਵਰ, ਨੀਤਸੇ, ਮਾਰਕਸ ਆਦਿ ਨੇ ਆਪਣੇ-ਆਪਣੇ ਦਿ੍ਰਸ਼ਟੀਕੋਣ ਤੋਂ ਨੈਤਿਕਤਾ ਨੂੰ ਮਨੁੱਖੀ ਸਮਾਜ ਲਈ ਪ੍ਰਮੁੱਖ ਮੰਨਿਆ ਹੈ। ਕਿਉਂਕਿ ਨੈਤਿਕਤਾ ਸਾਨੂੰ ਚੰਗੇ ਅਤੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਉਂਦੀ ਹੈ।

ਪੁਰਾਤਨ ਸਮੇਂ ਤੋਂ ਹੀ ਨੈਤਿਕ ਸਿੱਖਿਆ ਨੂੰ ਵਿੱਦਿਆ ਦੇ ਪ੍ਰਧਾਨ ਅੰਗਾਂ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਦਾ ਅਧਾਰ ਪਵਿੱਤਰਤਾ, ਨਿਆਂ, ਇਮਾਨਦਾਰੀ ਤੇ ਸੱਚ ਨਾਲ ਜੁੜਿਆ ਹੋਇਆ ਹੈ। ਨੈਤਕਿਤਾ ਪਰਿਵਰਤਨਸ਼ੀਲ ਹੈ, ਇਸ ਦੇ ਨਿਯਮ ਦੇਸ਼, ਕਾਲ ਤੇ ਹਾਲਾਤਾਂ ਅਨੁਸਾਰ ਬਦਲਦੇ ਰਹਿੰਦੇ ਹਨ। ਇਸ ਦਾ ਸਬੰਧ ਨਾ ਕਿਸੇ ਜਾਤ, ਧਰਮ ਤੇ ਨਾ ਮਜ਼੍ਹਬ ਨਾਲ ਹੈ। ਮਾਤਾ-ਪਿਤਾ ਤੇ ਵੱਡਿਆਂ ਦਾ ਸਤਿਕਾਰ ਕਰਨਾ ਵੀ ਨੈਤਿਕਤਾ ਹੀ ਹੈ। ਦੇਸ਼ ਨੂੰ ਅੱਜ ਚੰਗੇ ਡਾਕਟਰਾਂ, ਇੰਜੀਨੀਅਰਾਂ, ਪ੍ਰੋਫੈਸਰਾਂ, ਨੇਤਾਵਾਂ, ਅਧਿਆਪਕਾਂ, ਲੇਖਕਾਂ ਤੇ ਦੇਸ਼ ਦੀ ਲੋਕਤੰਤਰ ਪ੍ਰਕਿਰਿਆ ਰਾਹੀਂ ਚੁਣ ਕੇ ਦੇਸ਼ ਨੂੰ ਵਿਕਾਸ ਦੇ ਰਾਹ ’ਤੇ ਲਿਜਾਣ ਵਾਲੇ ਖਾਸਕਰ ਨੈਤਿਕਤਾ ਨੂੰ ਅਧਾਰ ਮੰਨ ਕੇ ਚੱਲਣ ਵਾਲੇ ਰਾਜਨੀਤੀਵਾਨਾਂ ਦੀ ਸਖ਼ਤ ਜਰੂਰਤ ਹੈ। ਅਜਿਹੇ ਇਨਸਾਨ ਜੋ ਪਰਿਵਾਰ, ਸਮਾਜ ਤੇ ਦੇਸ਼ ਦੀ ਸੇਵਾ ਲਈ ਆਪਣਾ ਅਹੁਦਾ ਸੰਭਾਲਣ ਵੇਲੇ ਚੁੱਕੀ ਗਈ ਸਹੁੰ ਦੀ ਲਾਜ ਰੱਖਦੇ ਹੋਏ ਆਪਣੇ ਫਰਜਾਂ ਨੂੰ ਇਮਾਨਦਾਰੀ ਨਾਲ ਨਿਭਾਉਣ, ਇਹ ਨੈਤਿਕਤਾ ਦੀ ਘਾਟ ਹੀ ਹੈ ਜੋ ਦੇਸ਼ ਅੰਦਰ ਆਏ ਦਿਨ ਸਰਮਾਏਦਾਰ ਅਮੀਰ ਵਰਗ ਵੱਲੋਂ ਗਰੀਬ ਵਰਗ ਦੇ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਨੂੰ ਸਖ਼ਤੀ ਨਾਲ ਰੋਕਿਆ ਨਹੀਂ ਜਾ ਰਿਹਾ।

ਅੱਜ ਦੇ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਕਿੱਤੇ ਅਤੇ ਕਾਮਯਾਬੀ ਦੀ ਦੌੜ ਵਿਚ ਸ਼ਾਮਲ ਹੋਣ ਲਈ ਸਾਇੰਸ, ਹਿਸਾਬ, ਅੰਗਰੇਜੀ, ਕੰਪਿਊਟਰ ਆਦਿ ਪੜ੍ਹਾਉਣ ’ਤੇ ਤਾਂ ਜੋਰ ਦਿੱਤਾ ਜਾ ਰਿਹਾ ਹੈ। ਪਰੰਤੂ ਨੈਤਿਕ ਸਿੱਖਿਆ, ਜਿਸ ਦੀ ਮਨੁੱਖ ਦੀ ਜਿੰਦਗੀ ਵਿਚ ਅਹਿਮ ਜਰੂਰਤ ਹੈ, ਉਸ ਵੱਲ ਸਾਡਾ ਉੱਕਾ ਹੀ ਧਿਆਨ ਨਹੀਂ। ਸਿੱਖਿਆ ਨੂੰ ਪ੍ਰਾਪਤ ਕਰਕੇ ਤਾਂ ਅਸੀਂ ਸਿਰਫ ਨੌਕਰੀ ਹਾਸਲ ਕਰਕੇ ਪੈਸੇ ਕਮਾ ਸਕਦੇ ਹਾਂ, ਜਦੋਂਕਿ ਸਿੱਖਿਆ ਦਾ ਅਸਲੀ ਮਨੋਰਥ ਇਨਸਾਨ ਦੀ ਸਰਵਪੱਖੀ ਸ਼ਖ਼ਸੀਅਤ ਵਿਚ ਨਿਖਾਰ ਲਿਆਉਣਾ ਵੀ ਹੈ। ਅੱਜ ਦੇ ਦੌਰ ਵਿਚ ਵਿੱਦਿਆ ਪ੍ਰਾਪਤ ਕਰਨ ਵਾਲੀ ਨੌਜਵਾਨ ਪੀੜ੍ਹੀ ਦੇ ਦਿਲ ’ਚ ਆਪਣੇ ਮਾਪਿਆਂ ਤੇ ਸਕੂਲਾਂ ਜਾਂ ਕਾਲਜਾਂ ਵਿਚ ਆਪਣੇ ਗੁਰੂ ਰੂਪੀ ਅਧਿਆਪਕਾਂ, ਲੈਕਚਰਾਰਾਂ ਤੇ ਪੋ੍ਰਫੈਸਰਾਂ ਵਾਸਤੇ ਉਹ ਸਤਿਕਾਰ ਨਜ਼ਰ ਨਹੀਂ ਆੳਂਦਾ, ਜੋ ਕਿ ਆਉਣਾ ਚਾਹੀਦਾ। ਸਕੂਲਾਂ ਜਾਂ ਕਾਲਜਾਂ ’ਚ ਵਿਦਿਆਰਥੀਆਂ ਵੱਲੋਂ ਅਧਿਆਪਕਾਂ, ਪ੍ਰੋਫੈਸਰਾਂ ਤੇ ਲੈਕਚਰਾਰਾਂ ਦੀ ਹੁਕਮ ਅਦੂਲੀ ਕਰਨਾ ਤੇ ਚੰਗੇ ਵਿਹਾਰ ਦਾ ਨਾ ਹੋਣਾ ਆਮ ਜਿਹੀ ਗੱਲ ਬਣ ਗਈ ਹੈ।

ਇਸ ਤਰ੍ਹਾਂ ਦਾ ਵਿਹਾਰ ਕਰਨ ਵਾਲੇ ਵਿਦਿਆਰਥੀ ਸਮਾਜ ’ਚ ਉਤਪੰਨ ਹੋ ਰਹੀਆਂ ਨਵੀਆਂ ਸਮੱਸਿਆਵਾਂ ਦਾ ਕਾਰਨ ਬਣ ਰਹੇ ਹਨ। ਜਦੋਂ ਕਿ ਪੁਰਾਣੇ ਸਮਿਆਂ ਵਿਚ ਗੁਰੂ ਰੂਪੀ ਅਧਿਆਪਕ ਤੇ ਬੱਚੇ ਰੂਪੀ ਚੇਲਿਆਂ ਵਿਚ ਆਪਸੀ ਪ੍ਰੇਮ-ਪਿਆਰ ਬਹੁਤ ਹੁੰਦਾ ਸੀ। ਉਸ ਸਮੇਂ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਕੰਮ ਅਚਾਰੀਆ ਕਰਿਆ ਕਰਦੇ ਸਨ। ਬੱਚੇ ਸਿੱਖਿਆ ਪ੍ਰਾਪਤੀ ਲਈ ਆਸ਼ਰਮਾਂ ਵਿਚ ਜਾ ਕੇ ਰਹਿੰਦੇ ਸਨ। ਬੱਚੇ ਚਾਹੇ ਰਾਜੇ ਦੇ ਜਾਂ ਰੰਕ ਦੇ ਹੁੰਦੇ ਸਿੱਖਿਆ ਦੇਣ ਵਿਚ ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ ਕੀਤਾ ਜਾਂਦਾ। ਸਾਰੇ ਬੱਚੇ ਪੜ੍ਹਾਈ ਦੇ ਨਾਲ-ਨਾਲ ਗੁਰੂ ਦੀ ਸੇਵਾ ਕਰਦੇ, ਆਸ਼ਰਮ ਵਿਚ ਪਾਣੀ ਭਰਦੇ, ਲੱਕੜਾਂ ਇਕੱਠੀਆਂ ਕਰਦੇ ਤੇ ਗੁਰੂ ਮਾਂ ਸਭ ਲਈ ਸਾਂਝੇ ਚੁੱਲ੍ਹੇ ’ਤੇ ਖਾਣਾ ਤਿਆਰ ਕਰਦੀ ਸੀ। ਉਸ ਸਮੇਂ ਬੱਚਿਆਂ ਨੂੰ ਸਿੱਖਿਆ ਦੇਣਾ ਚੰਗੇ ਇਨਸਾਨ ਬਣਾਉਣਾ ਹੁੰਦਾ ਸੀ। ਉਨ੍ਹਾਂ ਵਿਚ ਮਾਨਵੀ ਕਦਰਾਂ-ਕੀਮਤਾਂ ਭਰਨਾ, ਜਿਨ੍ਹਾਂ ’ਤੇ ਆਦਮੀ ਦੀ ਜਿੰਦਗੀ ਤੇ ਸਮਾਜ ਦਾ ਸੁਹੱਪਣ ਨਿਰਭਰ ਕਰਦਾ ਸੀ। ਇਸ ਦੇ ਨਾਲ-ਨਾਲ ਬੱਚਿਆਂ ਨੂੰ ਯੁੱਧ ਕਲਾ ਤੇ ਸ਼ਾਸਤਰ ਵਿੱਦਿਆ ਵੀ ਦਿੱਤੀ ਜਾਂਦੀ ਸੀ, ਜੋ ਕਿ ਉਸ ਸਮੇਂ ਦੀ ਮੁੱਖ ਲੋੜ ਸੀ। ਉਦੋਂ ਗੁਰੂ ਤੇ ਚੇਲੇ ਦਾ ਰਿਸ਼ਤਾ ਪਿਆਰ ਤੇ ਕਦਰ ਭਰਿਆ ਹੋਇਆ ਕਰਦਾ ਸੀ।

ਸਮੇਂ ਅਨੁਸਾਰ ਸਿੱਖਿਆ ਖੇਤਰ ਵਿਚ ਤਬਦੀਲੀਆਂ ਆੳਂਦੀਆਂ ਗਈਆਂ, ਤੇ ਹੁਣ ਦੇ ਸਮੇਂ ਵਿਚ ਸਿੱਖਿਆ ਵਿਦਿਆਰਥੀਆਂ ਲਈ ਸਿਰਫ ਸਿਲੇਬਸ ਪੜ੍ਹਨ ਤੱਕ ਹੀ ਸੀਮਤ ਰਹਿ ਗਈ ਹੈ। ਸਿੱਖਿਆ ਦਾ ਮੁੱਖ ਮੰਤਵ ਸਿਰਫ ਤੇ ਸਿਰਫ ਪੈਸਾ ਕਮਾਉਣਾ ਹੋ ਗਿਆ ਹੈ। ਸਮਾਜ ਵਿਚੋਂ ਸੇਵਾ ਭਾਵ, ਰਿਸ਼ਤਿਆਂ ਦੀ ਕਦਰ, ਮੋਹ-ਮੁਹੱਬਤ ਵਰਗੀਆਂ ਭਾਵਨਾਵਾਂ ਇੱਕ ਤਰ੍ਹਾਂ ਖੰਭ ਲਾ ਕੇ ਉੱਡ ਗਈਆਂ ਹਨ। ਕੋਈ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਸਮਝਾਉਣ ਦੀ ਜਰੂਰਤ ਹੀ ਨਹੀਂ ਸਮਝਦਾ। ਸਕੂਲਾਂ ਤੇ ਕਾਲਜਾਂ ਵਿਚ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਵਾਸਤੇ ਨੈਤਿਕ ਸਿੱਖਿਆ ਦਾ ਵਿਸ਼ਾ ਵੀ ਲਾਜ਼ਮੀ ਕੀਤਾ ਜਾਣਾ ਚਾਹੀਦਾ। ਕਿਉਂਕਿ ਨੈਤਿਕ ਸਿੱਖਿਆ ਨਾ ਸਿਰਫ ਵਿਦਿਆਰਥੀਆਂ ਨੂੰ ਚੰਗੀ ਸ਼ਖ਼ਸੀਅਤ ਦਾ ਮਾਲਕ ਬਣਾਉਂਦੀ ਹੈ, ਸਗੋਂ ਸਮਾਜ ਪ੍ਰਤੀ ਆਪਣੀਆਂ ਬਣਦੀਆਂ ਜਿੰਮੇਵਾਰੀਆਂ ਨਿਭਾਉਣ ਤੇ ਸਮਝਣ ਦੇ ਯੋਗ ਬਣਾਉਂਦੀ ਹੈ।

ਅੱਜ ਅਸੀਂ ਟੈਕਨਾਲੋਜੀ ਦੀ ਤਰੱਕੀ ਨਾਲ ਟੈਕਨੀਕਲ ਸਿੱਖਿਆ ਤੇ ਕਿਤਾਬੀ ਸਿੱਖਿਆ ਵਿਚ ਇੰਨਾ ਰੱੁਝ ਗਏ ਹਾਂ ਕਿ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਵਾਸਤੇ ਨੈਤਿਕ ਸਿੱਖਿਆ ਦੀ ਜੀਵਨ ਵਿਚ ਅਹਿਮੀਅਤ ਨੂੰ ਵਿਸਾਰ ਬੈਠੇ ਹਾਂ। ਜਿਸ ਦਾ ਨਤੀਜਾ ਸਾਡੀ ਨੌਜਵਾਨ ਪੀੜ੍ਹੀ ਦਾ ਬੁਰੀ ਸੰਗਤ ਅਤੇ ਮਾੜੀਆਂ ਆਦਤਾਂ ਨੂੰ ਧਾਰਨ ਕਰਨ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। ਨੈਤਿਕ ਸਿੱਖਿਆ ਤੇ ਅਨੁਸ਼ਾਸਨ ਦੀ ਮਹੱਤਤਾ ਨੂੰ ਸਮਝਣਾ ਤੇ ਵਿਦਿਆਰਥੀਆਂ ਨੂੰ ਇਸ ਦੀ ਅਹਿਮੀਅਤ ਦਾ ਅਹਿਸਾਸ ਕਰਾਉਣਾ ਹੀ ਚੰਗੇ ਸਮਾਜ ਦੀ ਸਿਰਜਣਾ ਵੱਲ ਪੁੱਟੀ ਇੱਕ ਪੁਲਾਂਘ ਦੇਸ਼ ਤੇ ਸਮਾਜ ਲਈ ਵੀ ਕਲਿਆਣਕਾਰੀ ਸਾਬਤ ਹੋ ਸਕਦੀ ਹੈ।

ਜੇਕਰ ਮੌਕੇ ਦੀਆਂ ਸਰਕਾਰਾਂ ਨੈਤਿਕਤਾ ਨੂੰ ਅਧਾਰ ਮੰਨ ਕੇ ਦੇਸ਼ ਵਿਚੋਂ ਭਿ੍ਰਸ਼ਟਾਚਾਰੀ, ਰਿਸ਼ਵਤਖੋਰੀ, ਸਾਜਿਸ਼ਾਂ, ਕਾਤਲਾਂ, ਬਦਕਲਾਮੀ ਕਰਨ ਵਾਲਿਆਂ ਤੇ ਕਿਸੇ ਵੀ ਹੋਰ ਜ਼ੁਰਮ ਨਾਲ ਜੁੜੇ ਲੋਕਾਂ ਖਿਲਾਫ ਉਹ ਭਾਵੇਂ ਦੇਸ਼ ਦੇ ਕਿਸੇ ਉੱਚੇ ਆਹੁਦੇ, ਵਿਧਾਇਕ ਜਾਂ ਮੈਂਬਰ ਪਾਰਲੀਮੈਂਟ ਵੀ ਕਿਉਂ ਨਾ ਹੋਣ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਐਲਾਨ ਸਰਕਾਰ ਮਿੰਟ ਵਿਚ ਗੌਰ, ਨੋਟਬੰਦੀ ਅਤੇ ਲਾਕਡਾਊਨ ਦੇ ਐਲਾਨਾਂ ਵਾਂਗ ਤੁਰੰਤ ਕਰੇ ਤਾਂ ਫਿਰ ਆਮ ਲੋਕਾਂ ਲਈ ਇਨਸਾਫ ਦਾ ਰਾਹ ਵੀ ਖੁੱਲ੍ਹ ਸਕਦਾ। ਪਰੰਤੂ ਅਜਿਹਾ ਹੋਣ ਦੀ ਤਾਂ ਛੋਟੀ ਜਿਹੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸਰਕਾਰਾਂ ਤਾਂ ਦੇਸ਼ ਤੇ ਸਮਾਜ ਨੂੰ ਵਿਕਾਸ ਦੇ ਰਾਹ ’ਤੇ ਲਿਜਾਣ ਦੀ ਬਜਾਏ ਹਮੇਸ਼ਾ ਆਪਣੀ ਰਾਜਗੱਦੀ ’ਤੇ ਕਾਬਜ ਰਹਿਣ ਲਈ ਆਪਣੇ ਸਿਆਸੀ ਵਿਰੋਧੀਆਂ ਨੂੰ ਦਬਾ ਕੇ ਰੱਖਣ ਤੋਂ ਅੱਗੇ ਨਹੀਂ ਵਧ ਰਹੀਆਂ।

ਜਦੋਂ ਵੀ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਹਨ, ਤਾਂ ਦੇਸ਼ ਜਾਂ ਸਮਾਜ ਅੰਦਰ ਕਿਸ ਤਰ੍ਹਾਂ ਦਾ ਵਿਕਾਸ ਕੀਤਾ ਜਾਵੇਗਾ, ਬਾਰੇ ਗੱਲ ਤਾਂ ਆਟੇ ਵਿਚ ਲੂਣ ਬਰਾਬਰ ਹੀ ਕੀਤੀ ਜਾਂਦੀ ਹੈ, ਬਹੁਤਾ ਜੋਰ ਤਾਂ ਇਸ ਗੱਲ ’ਤੇ ਹੀ ਲਾਇਆ ਜਾਂਦਾ ਹੈ ਕਿ ਸਾਹਮਣੇ ਵਾਲੇ ਸਿਆਸੀ ਪਾਰਟੀਆਂ ਦੇ ਵਿਰੋਧੀਆਂ ਨੂੰ ਠਿੱਬੀ ਲਾ ਕੇ ਦੁਬਾਰਾ ਤੋਂ ਜਿੱਤ ਹਾਸਲ ਕਰਕੇ ਕੁਰਸੀ ਕਿਵੇਂ ਹਾਸਲ ਕਰਨੀ ਹੈ। ਇੱਕ ਗੱਲ ਹੋਰ ਇੱਥੇ ਲਿਖਣੀ ਬਣਦੀ ਹੈ, ਇਹ ਸਿਆਸੀ ਪਾਰਟੀਆਂ ਜਿੰਨਾ ਵਿਰੋਧੀਆਂ ਖਿਲਾਫ ਚੋਣ ਲੜਦੀਆਂ ਹਨ, ਤੇ ਜੇਕਰ ਉਹੀ ਵਿਰੋਧੀ ਬਾਅਦ ਵਿਚ ਉਨ੍ਹਾਂ ਦੀ ਪਾਰਟੀ ਵਿਚ ਰਲਣਾ ਚਾਹੁਣ ਤਾਂ ਫਿਰ ਇਹ ਸਿਆਸੀ ਲੋਕ ਆਪਣੀ ਜਮੀਰ ਦੀ ਅਵਾਜ ਨੂੰ ਮਾਰ ਕੇ ਅਤੇ ਨੈਤਿਕਤਾ ਤੋਂ ਪਾਸਾ ਵੱਟਦਿਆਂ ਵਿਰੋਧੀਆਂ ਨਾਲ ਜੱਫੀਆਂ ਪਾ ਕੇ ਲੋਕਾਂ ਨੂੰ ਮਿੰਟਾਂ ਵਿਚ ਮੂਰਖ ਬਣਾ ਜਾਂਦੇ ਹਨ।

ਇਸ ਲਈ ਇਕੱਲਾ ਸਿਆਸੀ ਪਾਰਟੀਆਂ ਨੂੰ ਗਲਤ ਕਹਿਣਾ ਵੀ ਠੀਕ ਨਹੀਂ ਹੋਵੇਗਾ, ਕਿਉਂਕਿ ਅਸੀਂ ਖੁਦ ਦੇਸ਼ ਦੇ ਵੋਟਰ ਵੀ ਤਾਂ ਉਨੇ ਹੀ ਜਿੰਮੇਵਾਰ ਹਾਂ, ਜੋ ਨਸ਼ਿਆਂ ਤੇ ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਵਿਚ ਆਪਣੀ ਨੈਤਿਕਤਾ ਨੂੰ ਨਾ ਸਮਝਦੇ ਹੋਏ ਅਜਿਹੇ ਉਮੀਦਵਾਰਾਂ ਨੂੰ ਵੋਟਾਂ ਪਾ ਦਿੰਦੇ ਹਾਂ ਜੋ ਚੋਣਾਂ ਤੋਂ ਬਾਅਦ ਹਲਕੇ ਵਿਚ ਕਿਤੇ ਨਜ਼ਰ ਹੀ ਨਹੀਂ ਆਉਂਦੇ।

ਮੇਵਾ ਸਿੰਘ, ਪ੍ਰਤੀਨਿਧ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
ਮੋ. 98726-00923

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ