ਅੰਤਰਰਾਸ਼ਟਰੀ ਸ਼ੈੱਫ ਡੇਅ ਨੂੰ ਸਮਰਪਿਤ ਖਾਣੇ ਬਣਾਉਣ ਦੇ ਮੁਕਾਬਲੇ ਕਰਵਾਏ
(ਸੁਖਨਾਮ) ਬਠਿੰਡਾ। ਅੰਤਰਰਾਸ਼ਟਰੀ ਸੈੱਫ ਡੇ ਨੂੰ ਸਮਰਪਿਤ ਮਿੱਤਲ ਇੰਸਟੀਚਿਊਟ ਆਫ਼ ਹੌਸਪੀਟੈਲਿਟੀ ਮੈਨੇਜਮੈਂਟ ਵੱਲੋਂ ਕਰਵਾਏ ਗਏ ਖਾਣਾ ਪਕਾਉਣ ਦੇ ਮੁਕਾਬਲਿਆਂ ’ਚ ਵੱਖ-ਵੱਖ ਸਕੂਲਾਂ, ਇੰਸਟੀਚਿਊਟਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੀਆਂ ਕੁੱਲ 21 ਟੀਮਾਂ ਨੇ ਹਿੱਸਾ ਲਿਆ। ਹੋਟਲ ਕੰਫਟ ਇੰਨ ਵਿਖੇ ਹੋਏ ਇਨ੍ਹਾਂ ਵੱਖ-ਵੱਖ ਕੈਟਾਗਰੀਜ਼ ਦੇ ਮੁਕਾਬਲਿਆਂ ’ਚ ਡਾਇਰੈਕਟਰ ਮੈਡਮ ਸੁਨੀਤਾ ਮਿੱਤਲ ਤੋਂ ਇਲਾਵਾ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਹੋਟਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਤੀਸ਼ ਅਰੋੜਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇਸ ਮੌਕੇ ਮੌਜੂਦ ਜੱਜਮੈਂਟ ਟੀਮ ਦੀ ਅਗਵਾਈ ਆਈਐੱਚਐੱਮ ਬਠਿੰਡਾ ਦੇ ਪਿ੍ਰੰਸੀਪਲ ਰਾਜਨੀਤ ਕੋਹਲੀ ਅਤੇ ਦਸ਼ਮੇਸ਼ ਸਕੂਲ ਦੇ ਡਾਇਰੈਕਟਰ ਤਸ਼ਵਿੰਦਰ ਸਿੰਘ ਮਾਨ ਵੱਲੋਂ ਕੀਤੀ ਗਈ।
ਇਹ ਮੁਕਾਬਲੇ ਕੁੱਲ ਪੰਜ ਵੱਖ-ਵੱਖ ਕੈਟਾਗਰੀਜ਼ ਮੁਤਾਬਿਕ ਕਰਵਾਏ ਗਏ ਜਿਸ ’ਚ ਦਿੱਲੀ ਪਬਲਿਕ ਸਕੂਲ ਦੀ ਵਿਦਿਆਰਥਣ ਮੋਲੀ ਆਹੂਜਾ ਨੇ ਬੈਸਟ ਕੇਕ ਡੈਕੋਰੇਸ਼ਨ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਬੈਸਟ ਰਿਜ਼ਨਲ ਸਟਾਰਟਰ ਰੈਸਪੀ ਦੇ ਮੁਕਾਬਲੇ ’ਚ ਐਮਆਈਐੱਚਐੱਮ ਦੇ ਵਿਦਿਆਰਥੀ ਸੋਨੀਆ ਅਤੇ ਅਨੁਰਾਗ ਜੇਤੂ ਰਹੇ। ਇਸੇ ਤਰ੍ਹਾਂ ਬੈਸਟ ਇੰਡੀਅਨ ਡਿਜਰਟ ਰੈਸਪੀ ਮੁਕਾਬਲੇ ’ਚ ਹੇਮਾਨਤੀ ਬਾਰਿਕ ਅਤੇ ਭਾਗਿਆ ਸ਼੍ਰੀ ਦਿਵਾਕਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬੈਸਟ ਅੰਤਰਰਾਸ਼ਟਰੀ ਰੈਸਪੀ ’ਚ ਐੱਮਆਈਐੱਚਐੱਮ ਦੀ ਟੀਮ ਰਿਤੇਸ਼ ਅਤੇ ਅਰਨਵ ਨੇ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਬੈਸਟ ਫਿਊਸ਼ਨ ਸਟਾਰਟਰ ਰੈਸਪੀ ’ਚ ਆਈਐੱਚਐੱਮ ਦੇ ਵਿਦਿਆਰਥੀ ਸੰਦੀਪ ਕੁਮਾਰ ਅਤੇ ਜਤਿਨ ਨੇ ਮੁਕਾਬਲਾ ਜਿੱਤਿਆ। ਜੇਤੂ ਰਹੇ ਵਿਅਕਤੀਆਂ ਨੂੰ ਐਮਆਈਐੱਚਐੱਮ ਦੀ ਤਰਫੋਂ ਸਾਰਟੀਫਿਕੇਟ ਤੋਂ ਇਲਾਵਾ ਹੋਰ ਇਨਾਮ ਵੀ ਦਿੱਤੇ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ