ਫਸਲਾਂ ਦੇ ਮੁਆਵਜੇ ਸਬੰਧੀ ਸਰਕਾਰ ਤੇ ਕਿਸਾਨਾਂ ’ਚ ਮੀਟਿੰਗ ਅੱਜ

 ਬਾਦਲ ਮੋਰਚੇ ਦੌਰਾਨ ਪਿੰਡ ਬਾਦਲ ਦੀ ਸੱਥ ’ਚ ਖਜ਼ਾਨਾ ਮੰਤਰੀ ਦਾ ਪੂਤਲਾ ਫੂਕਿਆ 

(ਮੇਵਾ ਸਿੰਘ) ਲੰਬੀ/ਕਿੱਲਿਆਂਵਾਲੀ ਮੰਡੀ। ਨਰਮਾ ਤੇ ਹੋਰ ਫਸਲਾਂ ਦਾ ਮੁਆਵਜ਼ਾ ਲੈਣ ਲਈ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਪਿੰਡ ਬਾਦਲ ਮੂਹਰੇ ਚੱਲ ਰਹੇ ਅੱਠਵੇਂ ਦਿਨ ਮੋਰਚੇ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਲਖੀਮਪੁਰ ਖੀਰੀ ਉਤਰ ਪ੍ਰਦੇਸ਼ ਦੇ ਸ਼ਹੀਦਾਂ ਨਛੱਤਰ ਸਿੰਘ, ਦਲਜੀਤ ਸਿੰਘ, ਗੁਰਬਿੰਦਰ ਸਿੰਘ, ਲਵਪ੍ਰੀਤ ਸਿੰਘ ਅਤੇ ਰਮਨ ਕਸ਼ਯਪ ਦੇ ਭੋਗ ਸਮਾਗਮ ਮੌਕੇ 2 ਮਿੰਟ ਦਾ ਮੌਨ ਧਾਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਖਜ਼ਾਨਾ ਮੰਤਰੀ ਦੀ ਕੋਠੀ ਦਾ ਘਿਰਾਉ ਕਰਕੇ ਬੈਠੇ ਕਿਸਾਨਾਂ ਪ੍ਰਤੀ ਖਜ਼ਾਨਾ ਮੰਤਰੀ ਦੀ ਚੁੱਪ ਵਿਰੁੱਧ ਪਿੰਡ ਬਾਦਲ ਦੀ ਸੱਥ ਵਿੱਚ ਵਿੱਤ ਮੰਤਰੀ ਦੀ ਅਰਥੀ ਸਾੜੀ ਗਈ।

ਸ਼ਹੀਦਾਂ ਲਈ ਰੱਖਿਆ ਮੌਨ

ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ, ਜਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਗੁਰਬਾਜ ਸਿੰਘ ਜਨ: ਸਕੱਤਰ ਜਿਲ੍ਹਾ ਫਾਜ਼ਿਲਕਾ, ਨੱਥਾ ਸਿੰਘ ਰੋੜੀਕਪੂਰਾ ਜਿਲ੍ਹਾ ਫਰੀਦਕੋਟ ਅਤੇ ਇਸਤਰੀ ਕਿਸਾਨ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਕੱਲ 13 ਅਕਤੂਬਰ ਨੰੂ ਮੁੱਖ ਮੰਤਰੀ ਦੇ ਪਿ੍ਰੰਸੀਪਲ ਸਕੱਤਰ ਹੁਸਨ ਲਾਲ ਅਤੇ ਵਿੱਤ ਵਿਭਾਗ ਦੇ ਸਕੱਤਰਾਂ ਨਾਲ 11 ਵਜੇ ਚੰਡੀਗੜ ਵਿਖੇ ਕਿਸਾਨ ਆਗੂਆਂ ਨਾਲ ਫਸਲਾਂ ਦੇ ਖਰਾਬ ਦੇ ਮੁਆਵਜੇ ਸਬੰਧੀ ਮੀਟਿੰਗ ਤੈਅ ਹੋਈ ਹੈ।

ਕਿਸਾਨਾਂ ਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਭਲਕੇ 13 ਅਕਤੂਬਰ ਨੂੰ ਵੱਧ ਤੋਂ ਵੱਧ ਬਾਦਲ ਮੋਰਚੇ ਵਿੱਚ ਪਹੁੰਚਿਆ ਜਾਵੇ

ਕਿਸਾਨ ਆਗੂਆਂ ਕਿਹਾ ਕਿ ਪਿਛਲੇ ਅੱਠ ਦਿਨਾਂ ਤੋਂ ਪਿੰਡ ਬਾਦਲ ਵਿੱਚ ਰੁਲ ਰਹੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਜਿਲ੍ਹਾ ਪ੍ਰਸਾਸ਼ਨ ਤੇ ਸਰਕਾਰ ਦੇ ਰਵੱਈਏ ਤੋਂ ਲਗਦਾ ਹੈ ਕਿ ਭਲਕੇ ਹੋਣ ਵਾਲੀ ਮੀਟਿੰਗ ਦੇ ਨਤੀਜੇ ਵੀ ਚੰਗੇ ਨਹੀਂ ਨਿਕਲਣਗੇ। ਉਨ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਭਲਕੇ 13 ਅਕਤੂਬਰ ਨੂੰ ਵੱਧ ਤੋਂ ਵੱਧ ਬਾਦਲ ਮੋਰਚੇ ਵਿੱਚ ਪਹੁੰਚਿਆ ਜਾਵੇ, ਕਿਉਂਕਿ ਜੇਕਰ ਭਲਕੇ ਹੋਣ ਵਾਲੀ ਮੀਟਿੰਗ ਦੇ ਨਤੀਜੇ ਚੰਗੇ ਨਾ ਨਿੱਕਲੇ ਤਾਂ ਫਿਰ ਜਥੇਬੰਦੀ ਸੂਬਾ ਕਮੇਟੀ ਦੇ ਸੱਦੇ ’ਤੇ ਤਿੱਖੇ ਸੰਘਰਸ਼ ਦਾ ਐਲਾਨ ਕਰੇਗੀ। ਕਿਸਾਨ ਆਗੂੂਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ 15 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਮੋਦੀ, ਅਮਿਤ ਸ਼ਾਹ ਅਤੇ ਸਾਮਰਾਜ ਦੇ ਬੁੱਤ ਸਾੜੇ ਜਾਣਗੇ ਅਤੇ 18 ਅਕਤੂਬਰ ਨੂੰ ਰੇਲਾਂ ਰੋਕੀਆਂ ਜਾਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ