14 ਨੂੰ ਦਿੱਲੀ ਵਿਖੇ ਸ਼ਾਮ ਨੂੰ ਹੋਏਗੀ ਮੀਟਿੰਗ, ਕੇ.ਸੀ. ਵੇਣੂ ਗੋਪਾਲ ਵੀ ਰਹਿਣਗੇ ਹਾਜ਼ਰ
ਨਵਜੋਤ ਸਿੱਧੂ ਦੀ ਨਰਾਜ਼ਗੀ ਦੂਰ ਕਰਨ ਦੀ ਕੀਤੀ ਜਾਏਗੀ ਕੋਸ਼ਿਸ਼, ਚੋਣਾਂ ਨੂੰ ਲੈ ਕੇ ਚਿੰਤਤ ਐ ਕਾਂਗਰਸ ਹਾਈ ਕਮਾਨ
- ਹਰੀਸ਼ ਰਾਵਤ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਕਾਂਗਰਸ ਪ੍ਰਧਾਨ ਦੀ ਕੁਰਸੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਪਿਛਲੇ 15 ਦਿਨਾਂ ਤੋਂ ਕਾਂਗਰਸ ਭਵਨ ਹੀ ਨਹੀਂ ਆਏ ਹਨ। ਜਿਸ ਕਾਰਨ ਹੁਣ ਉਨਾਂ ਨੂੰ ਹਾਈ ਕਮਾਨ ਨੇ ਦਿੱਲੀ ਤਲਬ ਕਰ ਲਿਆ ਹੈ ਤਾ ਕਿ ਇਸ ਮਸਲੇ ਦਾ ਹਲ ਕੱਢਿਆ ਜਾਵੇ, ਕਿਉਂਕਿ ਨਵਜੋਤ ਸਿੱਧੂ ਦੀ ਇਸ ਨਰਾਜ਼ਗੀ ਵਿੱਚ ਕਾਂਗਰਸ ਪਾਰਟੀ ਦਾ ਸਾਰਾ ਕੰਮ ਹੀ ਪੰਜਾਬ ਵਿੱਚ ਠੱਪ ਹੋ ਕੇ ਰਹਿ ਗਿਆ ਹੈ। ਜਿਸ ਕਾਰਨ ਨਵਜੋਤ ਸਿੱਧੂ ਨੂੰ ਦਿੱਲੀ ਵਿਖੇ 14 ਅਕਤੂਬਰ ਨੂੰ ਤਲਬ ਕੀਤਾ ਗਿਆ ਹੈ। ਜਿਥੇ ਕਿ ਹਰੀਸ਼ ਰਾਵਤ ਅਤੇ ਕੇ.ਸੀ. ਵੇਣੂ ਗੋਪਾਲ ਸ਼ਾਮ 6 ਵਜੇ ਨਵਜੋਤ ਸਿੱਧੂ ਨਾਲ ਮੀਟਿੰਗ ਕਰਨਗੇ। ਇਸ ਸਬੰਧੀ ਨਵਜੋਤ ਸਿੱਧੂ ਨੂੰ ਵੀ ਜਾਣਕਾਰੀ ਹਰੀਸ਼ ਰਾਵਤ ਵਲੋਂ ਭੇਜ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਡੀ.ਜੀ.ਪੀ. ਅਤੇ ਐਡਵੋਕੇਟ ਜਰਨਲ ਦੀ ਨਿਯੁਕਤੀ ਨੂੰ ਲੈ ਕੇ ਸੁਆਲ ਚੁੱਕਦੇ ਹੋਏ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਨਵਜੋਤ ਸਿੱਧੂ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਵਿੱਚ ਕਾਫ਼ੀ ਜਿਆਦਾ ਹੰਗਾਮਾ ਹੋਇਆ ਤਾਂ ਕਾਂਗਰਸ ਦੀ ਪੰਜਾਬ ਸੀਨੀਅਰ ਲੀਡਰਸ਼ਿਪ ਨੇ ਵੀ ਨਵਜੋਤ ਸਿੱਧੂ ਦੀ ਇਸ ਹਰਕਤ ਨੂੰ ਕਾਫ਼ੀ ਜਿਆਦਾ ਮਾੜਾ ਕਰਾਰ ਦਿੰਦੇ ਹੋਏ ਕਈ ਤਰਾਂ ਦੇ ਗੰਭੀਰ ਦੋਸ਼ ਵੀ ਲਗਾ ਦਿੱਤੇ। ਨਵਜੋਤ ਸਿੱਧੂ ਵਲੋਂ 28 ਸਤੰਬਰ ਨੂੰ ਅਸਤੀਫ਼ਾ ਦਿੱਤਾ ਗਿਆ ਸੀ ਤਾਂ ਉਸ ਤੋਂ 2 ਦਿਨ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਉਨਾਂ ਦੀ ਚੰਡੀਗੜ ਵਿਖੇ 30 ਸਤੰਬਰ ਨੂੰ ਮੀਟਿੰਗ ਵੀ ਹੋਈ ਸੀ। ਇਸ ਮੀਟਿੰਗ ਦੌਰਾਨ ਇੰਝ ਲਗ ਰਿਹਾ ਸੀ ਕਿ ਸਾਰਾ ਕੁਝ ਠੀਕ ਹੋ ਜਾਏਗਾ ਪਰ ਨਵਜੋਤ ਸਿੱਧੂ ਅਜੇ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਨਰਾਜ਼ ਚਲਦੇ ਨਜ਼ਰ ਆ ਰਹੇ ਹਨ।
ਨਵਜੋਤ ਸਿੱੱਧੂ ਪਿਛਲੇ 15 ਦਿਨ ਤੋਂ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਹੀ ਨਹੀਂ ਗਏ ਹਨ। ਹਾਲਾਂਕਿ ਲਖੀਮਪੁਰ ਖੀਰੀ ਵਾਲੀ ਅਹਿਮ ਘਟਨਾ ਦੌਰਾਨ ਨਵਜੋਤ ਸਿੱਧੂ ਨੇ ਚੰਡੀਗੜ ਵਿਖੇ ਪ੍ਰਦਰਸ਼ਨ ਕੀਤਾ ਤਾਂ ਲਖੀਮਪੂਰ ਖੀਰੀ ਵੀ ਪੀੜਤ ਪਰਿਵਾਰ ਨੂੰ ਮਿਲਣ ਲਈ ਗਏ ਪਰ ਪੰਜਾਬ ਵਿੱਚ ਬਤੌਰ ਪ੍ਰਧਾਨ ਉਨਾਂ ਨੇ ਕਾਂਗਰਸ ਭਵਨ ਵਿੱਚ ਆਮ ਕੇ ਕੰਮ ਮੁੜ ਤੋਂ ਸ਼ੁਰੂ ਨਹੀਂ ਕੀਤਾ ਹੈ।
ਜਿਸ ਕਰਕੇ ਪਾਰਟੀ ਦੇ ਸਾਰੇ ਹੀ ਕੰਮ ਰੁਕਦੇ ਨਜ਼ਰ ਆ ਰਹੇ ਹਨ। ਨਵਜੋਤ ਸਿੱਧੂ ਦੀ ਇਸ ਨਰਾਜ਼ਗੀ ਨੂੰ ਦੇਖਦੇ ਹੋਏ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਉਨਾਂ ਨੂੰ 14 ਅਕਤੂਬਰ ਸ਼ਾਮ ਦਿੱਲੀ ਆਉਣ ਲਈ ਕਿਹਾ ਹੈ। ਜਿਥੇ ਕਿ ਨਵਜੋਤ ਸਿੱਧੂ ਨਾਲ ਮੀਟਿੰਗ ਕੀਤੀ ਜਾਏਗੀ। ਇਸ ਮੀਟਿੰਗ ਵਿੱਚ ਕੇ.ਸੀ. ਵੇਣੂ ਗੋਪਾਲ ਵੀ ਮੌਜੂਦ ਰਹਿਣਗੇ। ਹਰੀਸ਼ ਰਾਵਤ ਨੇ ਖ਼ੁਦ ਟਵੀਟ ਕਰਦੇ ਹੋਏ ਇਸ ਦੀ ਜਾਣਕਾਰੀ ਵੀ ਦਿੱਤੀ ਹੈ ਕਿ ਨਵਜੋਤ ਸਿੱਧੂ ਨੂੰ ਦਿੱਲੀ ਸੱਦਿਆ ਗਿਆ ਹੈ। ਹਾਲਾਂਕਿ ਇਸ ਨਾਲ ਹੀ ਹਰੀਸ਼ ਰਾਵਤ ਨੇ ਸਾਫ਼ ਕੀਤਾ ਹੈ ਕਿ ਨਵਜੋਤ ਸਿੱਧੂ ਨੂੰ ਦਿੱਲੀ ਸੰਗਠਨ ਨੂੰ ਲੈ ਕੇ ਚਰਚਾ ਲਈ ਹੀ ਸੱਦਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ