‘ਮੌਜੂਦਾ ਸੀਜ਼ਨ ’ਚ ਹਰ ਹਾਲ ਪਰਾਲੀ ਸਾੜਾਂਗੇ, ਪਰਚੇ ਦਰਜ ਕਰੋ, ਭਾਵੇਂ ਜੇਲ੍ਹ ’ਚ ਸੁੱਟੋ’

ਭਾਕਿਯੂ ਏਕਤਾ ਸਿੱਧੂਪੁਰ ਨੇ ਬਰਨਾਲਾ ’ਚ ‘ਕਿਸਾਨ ਸਰਕਾਰ ਚੇਤਾਵਨੀ ਰੈਲੀ’ ਕਰਕੇ ਸਰਕਾਰ ਨੂੰ ਲਲਕਾਰਿਆ

  • ਰੈਲੀ ’ਚ ਸੂਬੇ ਭਰ ਦੇ ਹਜ਼ਾਰਾਂ ਕਿਸਾਨਾਂ ਨੇ ਕੀਤੀ ਸ਼ਿਰਕਤ

(ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਇੱਥੇ ਅਨਾਜ਼ ਮੰਡੀ ’ਚ ‘ਕਿਸਾਨ ਸਰਕਾਰ ਚੇਤਾਵਨੀ ਰੈਲੀ’ ਕੀਤੀ, ਜਿਸ ਦੌਰਾਨ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਹਰ ਹਾਲ ਝੋਨੇ ਦੀ ਪਰਾਲੀ ਸਾੜਨਗੇ। ਫ਼ਿਰ ਚਾਹੇ ਉਨ੍ਹਾਂ ’ਤੇ ਸਰਕਾਰ ਪਰਚੇ ਕਰੇ ਜਾਂ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟੇ। ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਆਗੂ ਜਗਜੀਤ ਸਿੰਘ ਡੱਲੇਵਾਲ, ਪੰਜਾਬ ਕਿਸਾਨ ਬਚਾਓ ਮੋਰਚਾ ਦੇ ਕ੍ਰਿਪਾ ਸਿੰਘ, ਮਹਿਲਾ ਕਿਸਾਨ ਮੋਰਚਾ ਦੀ ਗੁਰਜੀਤ ਕੌਰ ਫਤਿਹਗੜ੍ਹ ਸਾਹਿਬ, ਨਿਰਮਲ ਸਿੰਘ, ਐਡਵੋਕੇਟ ਅਮਿੱਤ ਸਾਗਵਾਨ ਤੇ ਅਮਿਤੋਜ਼ ਮਾਨ ਆਦਿ ਨੇ ਕਿਹਾ ਕਿ ਸਰਕਾਰ ਕਿਸਾਨ ਹਿਤੈਸ਼ੀ ਹੋਣ ਦਾ ਦਿਖਾਵਾ ਕਰਕੇ ਆਗਾਮੀ ਚੋਣਾਂ ’ਚ ਮੁੜ ਵੋਟਾਂ ਵਟੋਰਨ ਦੀ ਆੜ ’ਚ ਹੈ, ਜਿਸ ਨੂੰ ਆਪਣੀਆਂ ਚਾਲਾਂ ਵਿੱਚ ਇਸ ਵਾਰ ਕਿਸੇ ਵੀ ਕੀਮਤ ’ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ, ਕਿਉਂਕਿ ਕੇਂਦਰ ਤੇ ਪੰਜਾਬ ਦੀ ਸੱਤਾ ’ਤੇ ਕਾਬਜ਼ ਕ੍ਰਮਵਾਰ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਆਪਣੇ ਕਾਰਜਕਾਲ ਦੌਰਾਨ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਹੈ ਤੇ ਕਿਸਾਨਾਂ ਨੂੰ ਲਗਾਤਾਰ ਅੱਖੋਂ-ਪਰੋਖੇ ਕੀਤਾ ਹੈ। ਖੇਤੀ ਕਾਨੂੰਨ ਵੀ ਇਸੇ ਦਾ ਹੀ ਹਿੱਸਾ ਹਨ, ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਤੇ ਪੰਜਾਬ ਅੰਦਰ ਚੱਲ ਰਹੇ ਕਿਸਾਨੀ ਘੋਲਾਂ ਤੋਂ ਆਪਣਾ ਘਰਾਂ ਨੂੰ ਵਾਪਸ ਮੁੜਨਾ ਅਸੰਭਵ ਹੈ।

ਆਗੂਆਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਵੱਲੋਂ 2019 ਦੇ ਪੈਡੀ ਸੀਜ਼ਨ ਦੌਰਾਨ ਪਰਾਲੀ ਸਾੜਨ ਦੇ ਦੋਸ਼ ’ਚ ਕਿਸਾਨਾਂ ’ਤੇ ਮੁਕੱਦਮੇ ਦਰਜ਼ ਕਰਕੇ ਲਾਲ ਐਂਟਰੀਆਂ ਅਤੇ ਜ਼ੁਰਮਾਨੇ ਕੀਤੇ ਸਨ। ਜਿਸ ਸਬੰਧੀ ਕਿਸਾਨਾਂ ਨੇ ਜਥੇਬੰਦੀ ਦੀ ਅਗਵਾਈ ਹੇਠ ਜੈਤੋ ਵਿਖੇ ਕਰੜਾ ਸੰਘਰਸ਼ ਕਰਕੇ ਸਰਕਾਰ ਨੂੰ ਪਰਾਲੀ ਸਾੜਨ ਦੇ ਮੁੱਦੇ ’ਤੇ ਆਪਣੇ ਫੈਸਲੇ ਨੂੰ ਰੱਦ ਕਰਨ ਲਈ ਮਜ਼ਬੂਰ ਕੀਤਾ ਸੀ, ਜਿਸ ’ਤੇ ਸਰਕਾਰ ਨੇ ਇੱਕ ਮਹੀਨੇ ਦੇ ਅੰਦਰ ਪਰਾਲੀ ਸਾੜਨ ਸਬੰਧੀਆਪਣੇ ਫੈਸਲੇ ਨੂੰ ਰੱਦ ਕਰਨ ਦਾ ਵਾਅਦਾ ਕੀਤਾ ਸੀ, ਜੋ ਹਾਲੇ ਤੱਕ ਵਫ਼ਾ ਨਹੀ ਹੋਇਆ। ਜਿਸ ਨੂੰ ਤੁਰੰਤ ਰੱਦ ਨਾ ਕੀਤਾ ਗਿਆ ਤਾਂ ਕਿਸਾਨ ਮੌਜੂਦਾ ਝੋਨੇ ਦੀ ਸੀਜ਼ਨ ਦੌਰਾਨ ਹਰ ਹਾਲ ’ਚ ਪਰਾਲੀ ਨੂੰ ਅੱਗ ਲਗਾ ਕੇ ਸਾੜਨਗੇ। ਫ਼ਿਰ ਚਾਹੇ ਸਰਕਾਰ ਉਨਾਂ ’ਤੇ ਮੁਕੱਦਮੇ ਦਰਜ ਕਰੇ, ਭਾਵੇਂ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕਰੇ।

ਆਗੂਆਂ ਕਾਂਗਰਸ ਸਰਕਾਰ ਵੱਲੋਂ ਸੱਤਾ ’ਚ ਆਉਣ ਤੋਂ ਪਹਿਲਾਂ ਕੀਤੇ ਚੋਣ ਵਾਅਦਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੀ ਜਨਤਾ ਨਾਲ ਆਪਣੀ ਸਰਕਾਰ ਬਣਨ ’ਤੇ ਕਿਸਾਨਾਂ ਦੇ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਤੇ ਆੜ੍ਹਤੀਆਂ ਦੇ ਸਮੁੱਚੇ ਕਰਜੇ ਖਤਮ ਕਰਨ, ਰੁਜਗਾਰ ਭੱਤਾ, ਘਰ-ਘਰ ਰੁਜ਼ਗਾਰ ਦੇਣ, ਨਸ਼ੇ ਖਤਮ ਕਰਨ, ਫਸਲਾਂ ਦਾ ਪੂਰਾ ਮੁੱਲ ਦੇਣ ਤੇ ਕਾਲਾ ਬਾਜ਼ਾਰੀ ਨੂੰ ਖਤਮ ਕਰਨ ਆਦਿ ਸਮੇਤ ਅਨੇਕਾਂ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਸਾਢੇ ਸਾਲ ਚਾਰ ਬੀਤ ਜਾਣ ਦੇ ਬਾਵਜੂਦ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ। ਜਿਸ ਤੋਂ ਖਫ਼ਾ ਪੰਜਾਬ ਦੇ ਲੋਕ ਅਗਾਮੀ ਵਿਧਾਨ ਸਭਾ ਚੋਣਾਂ ’ਚ ਪਿੰਡ- ਪਿੰਡ ਸਿਆਸੀ ਆਗੂਆਂ ਨੂੰ ਘੇਰ ਕੇ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਸਬੰਧੀ ਸਵਾਲ ਕਰਨਗੇ।

ਆਗੂਆਂ ਬਿਜਲੀ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਪਿਛੇਤੇ ਝੋਨੇ, ਬਾਸਮਤੀ ਅਤੇ ਅਗੇਤੀਆਂ ਸਬਜ਼ੀਆਂ ਆਦਿ ਨੂੰ ਬਿਜਲੀ ਦੀ ਵੱਡੀ ਜ਼ਰੂਰਤ ਹੈ। ਇਸ ਲਈ ਬਿਜਲੀ ਸਪਲਾਈ ਯਕੀਨੀ ਅਤੇ ਤੁਰੰਤ ਬਹਾਲ ਕੀਤੀ ਜਾਵੇ ਕਿਉਂਕਿ ਮੌਜੂਦਾ ਸਮੇਂ ’ਚ ਖੇਤੀ ਸੈਕਟਰ ਲਈ ਸਿਰਫ਼ 1-2 ਘੰਟੇ ਹੀ ਬਿਜਲੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸਤਨਾਮ ਸਿੰਘ, ਸ਼ਿਵ ਕੁਮਾਰ ਪੱਕਾ, ਮੁਕੇਸ ਸ਼ਰਮਾ, ਅਭਿਮੰਨਿਊ ਕੁਹਾੜ, ਜੰਗਵੀਰ ਸਿੰਘ ਚੌਹਾਨ, ਬਲਵੰਤ ਸਿੰਘ ਬਹਿਰਾਮਕੇ, ਬਾਬਾ ਕੰਵਰਜੀਤ ਸਿੰਘ, ਕੁਲਦੀਪ ਸਿੰਘ ਵਜੀਰਕੇ, ਗੁਰਵਿੰਦਰ ਬਰਾੜ, ਸ਼ੰਕਰ ਤੇ ਡਾ. ਸਵੈਮਾਨ ਸਿੰਘ ਆਦਿ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਰਦ, ਔਰਤਾਂ ਤੇ ਨੌਜਵਾਨ ਹਾਜ਼ਰ ਸਨ।

ਨਸ਼ੇ ’ਤੇ ਦੋਗਲੀ ਨੀਤੀ ਆਈ ਸਾਹਮਣੇ

ਭਾਕਿਯੂ ਏਕਤਾ ਸਿੱਧੂਪੁਰ ਵੱਲੋਂ ਰੈਲੀ ਸਬੰਧੀ ਜਾਰੀ ਕੀਤੇ ਗਏ ਪੈ੍ਰਸ ਨੋਟ ’ਚ ਭਾਵੇਂ ਪੰਜਾਬ ਸਰਕਾਰ ਨੂੰ ਸੂਬੇ ਅੰਦਰ ਨਸ਼ੇ ਦੇ ਵਧ ਰਹੇ ਪਸਾਰੇ ਨੂੰ ਰੋਕਣ ਦੀ ਮੰਗ ਕੀਤੀ ਹੈ, ਪਰ ਰੈਲੀ ਦੌਰਾਨ ਮਹਿਲਾ ਆਗੂ ਗੁਰਜੀਤ ਕੌਰ ਨੇ ਸਰਕਾਰ ਨੂੰ ਸੂਬੇ ’ਚ ਪੋਸਤ ਦੀ ਖੇਤੀ ਕਰਨ ਦੀ ਵਕਾਲਤ ਕੀਤੀ। ਮਹਿਲਾ ਕਿਸਾਨ ਆਗੂ ਨੇ ਇੱਥੋਂ ਤੱਕ ਵੀ ਕਿਹਾ ਕਿ ਬੇਸ਼ੱਕ ਉਸ ਕੋਲ ਆਪਣੀ ਜ਼ਮੀਨ ਨਹੀਂ ਹੈ ਪਰ ਉਹ ਇਸ ਵਾਰ ਠੇਕੇ ’ਤੇ ਜ਼ਮੀਨ ਲੈ ਕੇ ਪੋਸਤ ਦੀ ਖੇਤੀ ਜ਼ਰੂਰ ਕਰੇਗੀ, ਇਸ ਲਈ ਭਾਵੇਂ ਉਸ ਨੂੰ ਜੇਲ੍ਹ ਕਿਉਂ ਨਾ ਕੱਟਣੀ ਪਵੇ। ਸਵਾਲ ਇਹ ਉਠਦਾ ਹੈ ਕਿ ਇੱਕ ਪਾਸੇ ਜਥੇਬੰਦੀ ਦੇ ਆਗੂ ਸੱਤਾਧਾਰੀ ਧਿਰ ’ਤੇ ਨਸ਼ਿਆਂ ਨੂੰ ਖ਼ਤਮ ਨਾ ਕਰਨ ਦੇ ਦੋਸ਼ ਲਗਾ ਰਹੇ ਹਨ, ਦੂਜੇ ਪਾਸੇ ਪੋਸਤ ਦੀ ਖੇਤੀ ਕਰਨ ਦੀ ਇਜ਼ਾਜਤ ਮੰਗ ਕੇ ਅਸਿੱਧੇ ਤੌਰ ’ਤੇ ਨਸ਼ੇ ਦੀ ਵਕਾਲਤ ਵੀ ਕਰ ਰਹੇ ਹਨ, ਜਿਸ ਤੋਂ ਆਗੂਆਂ ਦੀਆਂ ਦੋਗਲੀ ਨੀਤੀ ਪ੍ਰਤੱਖ ਸਪੱਸ਼ਟ ਹੋ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ