‘ਰਾਜੇ’ ਤੋਂ ਲੱਗ ਰਿਹੈ ਟਰਾਂਸਪੋਰਟ ਅਧਿਕਾਰੀਆਂ ਨੂੰ ਡਰ, ਬਣਾਉਣ ਲਗੇ ਨਾਜਾਇਜ਼ ਚਲਣ ਵਾਲੀ ਬੱਸਾਂ ਦੀ ਲਿਸਟਾਂ

ਪਾਸ ਰੂਟ ਦੀ ਲਿਸਟ ਹੱਥਾਂ ‘ਚ ਲੈ ਸੜਕਾਂ ’ਤੇ ਚੈਕਿੰਗ ਕਰਦੇ ਨਜ਼ਰ ਆ ਰਹੇ ਹਨ ਟਰਾਂਸਪੋਰਟ ਅਧਿਕਾਰੀ

  • ਲੁਧਿਆਣਾ ਤੋਂ ਬਾਅਦ ਫਿਰੋਜ਼ਪੁਰ ’ਚ 5 ਨਾਜਾਇਜ਼ ਬੱਸਾਂ ਦਾ ਕੀਤਾ ਚੱਕਾ ਜਾਮ, ਜਲੰਧਰ ’ਚ ਕਾਰਵਾਈ ਜਲਦ

(ਅਸ਼ਵਨੀ ਚਾਵਲਾ) ਚੰਡੀਗੜ। ਕੈਪਟਨ ਦੇ ਰਾਜ ਵਿੱਚ ਨਾਜਾਇਜ਼ ਬੱਸਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਨ ਵਾਲੇ ਜਿਲਾ ਟਰਾਂਸਪੋਰਟ ਅਧਿਕਾਰੀਆਂ ਨੂੰ ਹੁਣ ‘ਰਾਜੇ’ ਦੇ ਰਾਜ ਵਿੱਚ ਡਰ ਸਤਾਉਣ ਲੱਗ ਪਿਆ ਹੈ। ਜਿਸ ਕਾਰਨ ਪਿਛਲੇ 2-3 ਦਿਨਾਂ ਤੋਂ ਪੰਜਾਬ ਭਰ ਦੇ ਟਰਾਂਸਪੋਰਟ ਅਧਿਕਾਰੀ ਆਪਣੇ ਆਪਣੇ ਜ਼ਿਲ੍ਹੇ ’ਚ ਚੱਲਣ ਵਾਲੀਆਂ ਨਜਾਇਜ ਬੱਸਾਂ ਦੀ ਲਿਸਟ ਬਣਾਉਣ ਲਗ ਪਏ ਹਨ । ਇਨਾਂ ਲਿਸਟਾਂ ਨੂੰ ਹੀ ਸਿਰਫ਼ ਤਿਆਰ ਨਹੀਂ ਕੀਤਾ ਜਾ ਰਿਹਾ ਹੈ, ਸਗੋਂ ਇਨਾਂ ਲਿਸਟਾਂ ਨੂੰ ਹੱਥਾ ਵਿੱਚ ਫੜ ਅਧਿਕਾਰੀ ਖ਼ੁਦ ਸੜਕਾਂ ’ਤੇ ਬੱਸਾਂ ਦੀ ਗਿਣਤੀ ਮਿਣਤੀ ਵੀ ਕਰਦੇ ਨਜ਼ਰ ਆ ਰਹੇ ਹਨ। ਜਿਹੜੀ ਵੀ ਬੱਸ ਬਿਨਾਂ ਰੂਟ ਜਾਂ ਨਾਜਾਇਜ਼ ਚੱਲਦੀ ਨਜ਼ਰ ਆ ਰਹੀ ਹੈ, ਉਸ ਨੂੰ ਤੁਰੰਤ ਕਬਜ਼ੇ ਵਿੱਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਆਦੇਸ਼ ਜਾਰੀ

ਲੁਧਿਆਣਾ ਸਣੇ 3 ਜ਼ਿਲ੍ਹਿਆਂ ਵਿਖੇ ਵੱਡੀ ਗਿਣਤੀ ਵਿੱਚ ਨਾਜਾਇਜ਼ ਬੱਸਾਂ ਦੇ ਖ਼ਿਲਾਫ਼ ਕਾਰਵਾਈ ਹੋਣ ਤੋਂ ਬਾਅਦ ਹੁਣ ਬਾਕੀ ਜ਼ਿਲ੍ਹੇ ’ਤੇ ਵੀ ਦਬਾਅ ਵੱਧ ਗਿਆ ਹੈ, ਜਿਸ ਕਾਰਨ ਹੁਣ ਬਾਕੀ ਜ਼ਿਲ੍ਹਿਆਂ ਦੇ ਟਰਾਂਸਪੋਰਟ ਅਧਿਕਾਰੀ ਇਸ ਕੰਮ ਵਿੱਚ ਜੁਟੇ ਹੋਏ ਹਨ। ਪੰਜਾਬ ਟਰਾਂਸਪੋਰਟ ਵਿਭਾਗ ਦਾ ਚਾਰਜ ਸੰਭਾਲਨ ਤੋਂ ਤੁਰੰਤ ਬਾਅਦ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਆਦੇਸ਼ ਜਾਰੀ ਕੀਤੇ ਗਏ ਸਨ ਕਿ ਕਿਸੇ ਵੀ ਜ਼ਿਲੇ ਵਿੱਚ ਨਾਜਾਇਜ਼ ਬੱਸ ਨਹੀਂ ਚੱਲਣੀ ਚਾਹੀਦੀ ਹੈ। ਕਈ ਟਰਾਂਸਪੋਰਟ ਕੰਪਨੀਆਂ ਵਲੋਂ ਇੱਕ ਰਜਿਸਟ੍ਰੇਸ਼ਨ ਨੰਬਰ ’ਤੇ ਕਈ ਬੱਸਾਂ ਜਾਂ ਫਿਰ ਇੱਕ ਰੂਟ ’ਤੇ ਕਈ ਕਈ ਬੱਸਾਂ ਚਲ ਰਹੀਆਂ ਹਨ, ਇਨਾਂ ਨੂੰ ਤੁਰੰਤ ਰੋਕਿਆ ਜਾਵੇ। ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਇਹ ਵੀ ਆਦੇਸ਼ ਸਨ ਕਿ ਜਿਹੜੇ ਜ਼ਿਲੇ ਵਿੱਚ ਨਾਜਾਇਜ਼ ਬੱਸਾਂ ਖ਼ਿਲਾਫ਼ ਕਾਰਵਾਈ ਨਹੀਂ ਹੋਏਗੀ ਤਾਂ ਉਨਾਂ ਜ਼ਿਲੇ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰ ਦਿੱਤੀ ਜਾਏਗੀ। ਇਸ ਤੋਂ ਬਾਅਦ ਅਧਿਕਾਰੀਆਂ ਵਿੱਚ ਡਰ ਪੈਦਾ ਹੋ ਗਿਆ ਹੈ ਅਤੇ ਲਗਾਤਾਰ ਪੰਜਾਬ ਦੇ ਕਈ ਜ਼ਿਲ੍ਹੇ ਵਿੱਚ ਨਾਜਾਇਜ਼ ਬੱਸਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿਆਦਾ ਨਜ਼ਰ ਜਲੰਧਰ ਅਤੇ ਅੰਮਿ੍ਰਤਸਰ ਜ਼ਿਲ੍ਹੇ ’ਤੇ ਹੈ, ਕਿਉਂਕਿ ਇਥੋਂ ਹੀ ਜ਼ਿਆਦਾਤਰ ਨਾਜਾਇਜ਼ ਬੱਸਾਂ ਦੀ ਸ਼ਿਕਾਇਤ ਵੀ ਸਾਹਮਣੇ ਆਉਂਦੀ ਹੈ ਪਰ ਇਨਾਂ ਦੋਵਾਂ ਜ਼ਿਲ੍ਹਿਆਂ ਵਿੱਚ ਕੋਈ ਵੱਡੀ ਕਾਰਵਾਈ ਨਜ਼ਰ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਨਾਂ ਦੋਵਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਵੀ ਕਮਾਨ ਸੰਭਾਲਦੇ ਹੋਏ ਲਿਸਟਾਂ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ‘ਰਾਜੇ’ ਵਲੋਂ ਕੋਈ ਕਾਰਵਾਈ ਕੀਤੇ ਜਾਣ ਤੋਂ ਪਹਿਲਾਂ ਉਨਾਂ ਵਲੋਂ ਨਾਜਾਇਜ਼ ਬੱਸਾਂ ਖ਼ਿਲਾਫ਼ ਕਾਰਵਾਈ ਕਰ ਦਿੱਤੀ ਜਾਵੇ। ਇਸ ਨਾਲ ਹੀ ਪੰਜਾਬ ਦੇ ਹੋਰ ਜ਼ਿਲੇ ਵਿੱਚੋਂ ਵੀ ਇਹੋ ਜਿਹੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਜਿਲਾ ਅਧਿਕਾਰੀ ਲਿਸਟਾਂ ਨੂੰ ਹੱਥਾਂ ਵਿੱਚ ਫੜ ਕੇ ਖ਼ੁਦ ਸੜਕਾਂ ‘ਤੇ ਉੱਤਰੇ ਹੋਏ ਹਨ।

ਫਿਰੋਜ਼ਪੁਰ ਜ਼ਿਲੇ ਵਿੱਚ 5 ਬੱਸਾਂ ਨੂੰ ਕੀਤਾ ਗਿਆ ਜ਼ਬਤ

ਸ਼ੱੁਕਰਵਾਰ ਨੂੰ ਨਾਜਾਇਜ਼ ਬੱਸਾਂ ਦੇ ਖ਼ਿਲਾਫ਼ ਚਲ ਰਹੀ ਕਾਰਵਾਈ ਦੌਰਾਨ ਫ਼ਿਰੋਜਪੁਰ ਜ਼ਿਲੇ ਵਿੱਚ 5 ਬੱਸਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਇਹ ਸਾਰੀ ਬੱਸਾਂ ਬਿਨਾਂ ਟੈਕਸ ਤੋਂ ਹੀ ਸੜਕਾਂ ’ਤੇ ਦੌੜ ਰਹੀਆਂ ਹਨ ਅਤੇ ਇਨਾਂ ਕੋਲ ਕਾਗ਼ਜ਼ ਵੀ ਪੂਰੇ ਨਹੀਂ ਸਨ। ਜਿਸ ਕਾਰਨ ਚੈਕਿੰਗ ਦੌਰਾਨ ਵਧੀਕ ਟਰਾਂਸਪੋਰਟ ਅਧਿਕਾਰੀ ਵਲੋਂ ਮੌਕੇ ‘ਤੇ ਹੀ ਇਨਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਫਿਰੋਜ਼ਪੁਰ ਵਿਖੇ ਹੋਈ ਇਸ ਕਾਰਵਾਈ ਵਿੱਚ ਨਿਊ ਦੀਪ ਬੱਸ ਸਰਵਿਸ ਦੀਆਂ 2, ਨਾਗਪਾਲ ਬੱਸ ਸਰਵਿਸ ਦੀ 1, ਰਾਜ ਬੱਸ ਸਰਵਿਸ ਦੀ 1 ਅਤੇ ਜੁਝਾਰ ਬੱਸ ਸਰਵਿਸ ਦੀ ਇੱਕ ਬੱਸ ਸ਼ਾਮਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ