ਇੱਕ ਸਵੇਰ ਇੱਕ ‘ਮਿਹਨਤੀ’ ਦਫਤਰ ’ਚ
ਹਰ ਇਨਸਾਨ ਦੇ ਜਿੰਮੇ ਕੋਈ ਨਾ ਕੋਈ ਕਿਰਤ ਉਸ ਪਰਮਾਤਮਾ ਨੇ ਲਾ ਕੇ ਧਰਤੀ ’ਤੇ ਭੇਜਿਆ ਹੈ। ਹੁਣ ਉਹ ਇਸ ਨੂੰ ਕਿਵੇਂ ਨਿਭਾਉਂਦਾ ਹੈ, ਇਹ ਉਸ ’ਤੇ ਮੁਨਸਰ ਹੈ। ਕੋਈ ਸਮਾਂ ਸੀ ਜਦੋਂ ਖੇਤੀਬਾੜੀ ਨੂੰ ਉੱਤਮ ਮੰਨਿਆ ਜਾਂਦਾ ਸੀ, ਪਰ ਅੱਜ ਦੇ ਸਮੇਂ ਨੌਕਰੀ ਨੂੰ ਤਰਜੀਹ ਦਿੱਤੀ ਜਾਂਦੀ ਹੈ। ਜੇ ਇਹ ਨੌਕਰੀ ਸਰਕਾਰੀ ਹੋਵੇ ਤਾਂ ਕਿਆ ਬਾਤਾਂ!
ਇਨਸਾਨ ਜਿਹੋ-ਜਿਹਾ ਖੁਦ ਹੋਵੇ, ਉਹੋ-ਜਿਹਾ ਹੀ ਦੂਸਰੇ ਨੂੰ ਸਮਝਦਾ ਹੈ। ਮਸਲਨ ਇੱਕ ਸਰਕਾਰੀ ਕਰਮਚਾਰੀ ਦੀ ਮਿਸਾਲ ਹੀ ਲਓ। ਜੇ ਉਹ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦਾ ਹੈ, ਆਪਣੀ ਡਿਊਟੀ ਦੌਰਾਨ ਲੋਕਾਂ ਦੀਆਂ ਦੁੱਖ-ਤਕਲੀਫਾਂ ਦੂਰ ਕਰਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਹੈ ਤਾਂ ਉਹ ਦੂਸਰੇ ਮੁਲਾਜਮਾਂ ਤੋਂ ਵੀ ਇਹੋ ਤਵੱਕੋਂ ਕਰਦਾ ਹੈ ਕਿ ਜਦ ਉਸਨੂੰ ਕਿਸੇ ਦੂਸਰੇ ਮਹਿਕਮੇ ਵਿੱਚ ਲੋੜ ਪਵੇ ਤਾਂ ਉੁਥੋਂ ਦੇ ਮੁਲਾਜਮ ਵੀ ਉਸ ਨਾਲ ਉਸ ਤਰ੍ਹਾਂ ਦਾ ਰਵੱਈਆ ਅਖਤਿਆਰ ਕਰਨ, ਜਿਹੋ-ਜਿਹਾ ਉਹ ਖੁਦ ਆਪਣੀ ਡਿਊਟੀ ਦੌਰਾਨ ਕਰਦਾ ਹੈ।
ਮੈਨੂੰ ਮੇਰੇ ਅਫਸਰਾਂ ਨੇ ਇਹ ਸਿਖਾਇਆ ਹੈ ਕਿ ਆਪਣੇ ਰੋਜਮਰ੍ਹਾ ਦੇ ਦਫਤਰੀ ਕੰਮ ਕਰਨ ਤੋਂ ਪਹਿਲਾਂ ਪਬਲਿਕ ਨੂੰ ਫਾਰਗ ਕਰੋ। ਤੇ ਮੇਰਾ ਅਸੂਲ ਵੀ ਇਹੋ ਹੈ। ਮੈਂ ਸਭ ਤੋਂ ਪਹਿਲਾਂ ਉਸ ਸ਼ਖਸ ਨੂੰ ਉਸ ਦਾ ਕੰਮ ਪੁੱਛਦਾ ਹਾਂ, ਜੋ ਮੇਰੇ ਕੋਲ ਖੜ੍ਹਾ ਹੈ। ਉਸ ਦਾ ਵਾਜਿਬ ਹੱਲ ਕਰਕੇ ਹੀ ਮੈਂ ਆਪਣਾ ਰੋਜਮਰ੍ਹਾ ਦਾ ਕੰਮ ਕਰਦਾ ਹਾਂ। ਪਰ ਦੂਸਰੇ ਦਫਤਰਾਂ ਵਿੱਚ ਇਸ ਤਰ੍ਹਾਂ ਦਾ ਰਵੱਈਆ ਘੱਟ ਹੀ ਦੇਖਣ ਨੂੰ ਮਿਲਦਾ ਹੈ। ਬੰਦਾ ਖੜ੍ਹਾ ਰਹਿੰਦਾ ਹੈ ਤੇ ਕਈ ਮੁਲਾਜ਼ਮ ਜਾਂ ਤਾਂ ਕੰਪਿਊਟਰ ਜਾਂ ਮੋਬਾਈਲ ’ਤੇ ਰੁੱਝੇ ਰਹਿਣਗੇ ਜਾਂ ਆਪਸ ਵਿੱਚ ਗੱਲਾਂ ਮਾਰਦੇ ਰਹਿਣਗੇ।
ਇਸ ਤਰ੍ਹਾਂ ਦੀ ਇੱਕ ਘਟਨਾ ਮੇਰੇ ਨਾਲ ਪਿਛਲੇ ਦਿਨੀਂ ਵਾਪਰੀ। ਮੈਂ ਇੱਕ ਦਫਤਰ ਵਿੱਚ ਆਪਣਾ ਕੰਮ ਕਰਵਾਉਣ ਲਈ ਆਪਣੀ ਡਿਊਟੀ ਤੋਂ ਉਚੇਚੇ ਤੌਰ ’ਤੇ ਛੁੱਟੀ ਲਈ। ਮੈਂ ਆਪਣੇ ਕੰਮ ਦੀ ਕਾਹਲ ਵਿੱਚ ਸਵੇਰੇ ਘਰੋਂ ਨਾਸ਼ਤਾ ਕਰਕੇ ਵੀ ਨਹੀਂ ਗਿਆ। ਸੋਚਿਆ ਕਿ ਅੱਧੇ-ਪੌਣੇ ਘੰਟੇ ਵਿਚ ਵਾਪਿਸ ਆ ਕੇ ਨਾਸ਼ਤਾ ਕਰਾਂਗਾ। ਲਓ ਜੀ, ਮੈਂ 9.30 ਵਜੇ ਉਸ ਦਫਤਰ ਪਹੁੰਚ ਗਿਆ (ਨਾਂਅ ਨਹੀਂ ਲਿਖਾਂਗਾ) ਜਿਸ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਹੈ। ਸਾਢੇ ਕੁ ਨੌਂ ਵਜੇ ਤੱਕ ਕੁੱਝ ਕੁ ਬਾਬੂ ਤਸ਼ਰੀਫ ਲਿਆਏ ਸਨ ਤੇ ਕੁੱਝ ਲਿਆ ਰਹੇ ਸਨ। ਜਿਹੜੇ ਬੈਠੇ ਸਨ ਉਹ ਹੌਲੀ-ਹੌਲੀ ਆਪਣੇ ਕੰਪਿਊਟਰ ਆਨ ਕਰ ਰਹੇ ਸਨ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸ਼ਾਇਦ ਇਹ ਕੰਪਿਊਟਰ ਹੀ ਇਸ ਤਰ੍ਹਾਂ ਦੇ ਹਨ ਕਿ ਸਾਢੇ ਨੌਂ ਪੌਣੇ ਦਸ ਵਜੇ ਤੋਂ ਪਹਿਲਾਂ ਇਹ ਆਨ ਨਾ ਹੁੰਦੇ ਹੋਣ।
ਚਾਰ ਬੀਬੀਆਂ ਆਪੋ-ਆਪਣੀਆਂ ਸੀਟਾਂ ਛੱਡ ਕੇ ਇੱਕ ਸੀਟ ’ਤੇ ਖੜ੍ਹੀਆਂ ਗੱਲਾਂ ਕਰ ਰਹੀਆਂ ਸਨ। ਦੋ ਇੱਕ ਸੀਟ ’ਤੇ ਬੈਠੀਆਂ ਗੱਲਾਂ ਕਰ ਰਹੀਆਂ ਸਨ। ਇੱਕ ਮੇਰਾ ਵੀਰ ਪੌਣੇ ਕੂ ਦਸ ਵਜੇ ਆਇਆ। ਕੁਰਸੀ ’ਤੇ ਬੈਠ ਕੇ ਉਸ ਨੇ ਦਰਾਜ ਖੋਲ੍ਹਿਆ ਤੇ ਉਸ ਵਿੱਚੋਂ ਇੱਕ ਪਲਾਸਟਿਕ ਦੀ ਡੱਬੀ ਕੱਢ ਕੇ ਉਸ ਵਿਚੋਂ ਭੁੱਜੇ ਹੋਏ ਛੋਲੇ ਖਾਣ ਲੱਗਾ। ਇੱਕ ਭੈਣ ਜੀ ਕੰਪਿਊਟਰ ਚਲਾ ਕਿ ਦੋਨਾਂ ਹੱਥਾਂ ਦੀ ਕੜ੍ਹੰਘੜੀ ਬਣਾ ਕਿ ਦੂਸਰੀ ਮੈਡਮ ਵੱਲ ਨਿਰਖ ਨਾਲ ਦੇਖ ਰਹੀ ਸੀ। ਮੈਂ ਉੱਥੇ ਖੜ੍ਹਾ ਆਸੇ-ਪਾਸੇ ਦੇਖ ਰਿਹਾ ਸਾਂ। ਮੈਂ ਹੈਰਾਨ-ਪ੍ਰੇਸ਼ਾਨ ਕਿ ਇਹ ਕਿਸ ਤਰ੍ਹਾਂ ਦਾ ਦਫਤਰ ਹੈ। ਕੋਈ ਪੁੱਛ ਹੀ ਨਹੀਂ ਰਿਹਾ ਕਿ ਕਿੱਦਾਂ ਆਏ ਹੋ?
ਕੁੱਲ ਮਿਲਾ ਕੇ ਦਸ ਵਜੇ ਤੱਕ ਹੌਲੀ-ਹੌਲੀ 12-13 ਮੁਲਾਜਮ ਆ ਗਏ ਸਨ, ਪਰ ਦਫਤਰ ਵਿੱਚ ਹਾਲੇ ਤੱਕ ਚਾਰ-ਪੰਜ ਬੰਦੇ ਹੀ ਆਪਣਾ ਕੰਮ ਕਰਵਾਉਣ ਆਏ ਸਨ। ਜਿਸ ਸੀਟ ਤੋਂ ਮੈਂ ਆਪਣਾ ਕੰਮ ਕਰਵਾਉਣਾ ਸੀ, ਉਹ ਬੇਟੀ ਕੁਝ ਸੰਜੀਦਾ ਕਿਸਮ ਦੀ ਸੀ। ਉਸਨੇ ਮੈਨੂੰ ਦੋ-ਤਿੰਨ ਮਿੰਟ ਵੀ ਨਾ ਖੜ੍ਹਨ ਦਿੱਤਾ ਤੇ ਮੈਨੂੰ ਪੁੱਛਣ ਲੱਗੀ ਕਿ ਤੁਸੀਂ ਆਪਣੇ ਨਾਲ ਬੈਂਕ ਦੀ ਪਾਸਬੁੱਕ ਲੈ ਕੇ ਆਏ ਹੋ?
ਵੱਡੇ ਬਾਬੂ ਜੀ ਪਾਸਬੁੱਕ ਦੇਖਣਗੇ। ਮੈਂ ਉਸਨੂੰ ਕਿਹਾ ਕਿ ਬੇਟਾ ਜੀ, ਮੈਂ ਬੈਂਕ ਦੀ ਪਾਸਬੁੱਕ ਦੀ ਫੋਟੋ ਕਾਪੀ ਨਾਲ ਲਾਈ ਹੈ। ਮੇਰਾ ਘਰ ਬਹੁਤ ਦੂਰ ਹੈ ਤੇ ਏਨੀ ਗਰਮੀ ਵਿੱਚ ਵਾਪਿਸ ਜਾਣਾ ਬੜਾ ਮੁਸ਼ਕਲ ਹੈ। ਉਹ ਕਹਿਣ ਲੱਗੀ ਕਿ ਨਾ ਜੀ, ਅਸਲੀ ਪਾਸਬੁੱਕ ਲੈ ਕੇ ਆਓ। ਮੈਂ ਉਸ ਨੂੰ ਆਪਣੇ ਮੋਬਾਈਲ ਵਿੱਚ ਖਿੱਚੀ ਹੋਈ ਆਪਣੀ ਬੈਂਕ ਦੀ ਪਾਸਬੁੱਕ ਦੀ ਫੋਟੋ ਵੀ ਦਿਖਾਈ। ਪਰ ਉਹ ਕਹਿਣ ਲੱਗੀ ਕਿ ਨਾ ਜੀ ਅਸਲ ਪਾਸਬੁੱਕ ਹੀ ਲੈ ਕੇ ਆਓ। ਤੇ ਮੈਨੂੰ ਅਸਲ ਪਾਸਬੁੱਕ ਲੈਣ ਘਰ ਜਾਣਾ ਹੀ ਪਿਆ।
ਜਦ ਮੈਂ ਘੰਟੇ ਕੁ ਬਾਅਦ ਪਸੀਨੇ ਨਾਲ ਗੱਚ ਹੋਇਆ ਅਸਲ ਪਾਸਬੁੱਕ ਸਮੇਤ ਦਫਤਰ ਆਇਆ ਤੇ ‘ਵੱਡੇ ਬਾਬੂ ਜੀ’ ਦੀ ਖਿਦਮਤ ਵਿੱਚ ਆਪਣੀ ਦਰਖਾਸਤ ਪੇਸ਼ ਕੀਤੀ ਤੇ ਉਹਨਾਂ ਨੇ ਕੰਪਿਊਟਰ ਤੋਂ ਕੁੱਝ ਮਿਲਾਨ ਕਰਕੇ ਮੈਨੂੰ ਜਾਣ ਲਈ ਇਜਾਜਤ ਦੇ ਦਿੱਤੀ। ਉਹ ਅਸਲ ਪਾਸਬੁੱਕ ਮੈਂ ਖੁਦ ਉਹਨਾਂ ਦੇ ਪੇਸ਼ ਕੀਤੀ।
ਸਾਨੂੰ ਰੁਤਬਿਆਂ ’ਤੇ ਬੈਠਿਆਂ ਨੂੰ ਇਹ ਜਰੂਰ ਸੋਚਣਾ ਚਾਹੀਦਾ ਹੈ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਪਰਮਾਤਮਾ ਨੇ ਸਾਨੂੰ ਇਸ ਕਾਬਿਲ ਬਣਾਇਆ ਹੈ ਕਿ ਅਸੀਂ ਦੂਸਰਿਆਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਸਕੀਏ। ਇਸ ਦਾ ਲੁਤਫ ਉਹ ਹੀ ਮਾਣ ਸਕਦਾ ਹੈ ਜੋ ਇਸ ਤਰ੍ਹਾਂ ਲੋਕਾਂ ਦੀ ਸੇਵਾ ਜਾਂ ਮੱਦਦ ਕਰਦਾ ਹੈ।
ਬਠਿੰਡਾ ਮੋ. 99889-95533
ਜਗਸੀਰ ਸਿੰਘ ਤਾਜੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ