ਨਿੱਜੀਕਰਨ, ਠੇਕੇਦਾਰੀ ਸਿਸਟਮ ਵਿਰੁੱਧ ਸੰਘਰਸ਼ ਕਰਦੇ ਡਿਸਮਿਸ ਕੀਤੇ ਬਿਜਲੀ ਮੁਲਾਜ਼ਮ ਆਗੂ ਬਹਾਲ ਕਰਾਉਣ ਦੀ ਕੀਤੀ ਗਈ ਮੰਗ
ਜੇਕਰ ਮੰਗਾਂ ਦਾ ਜਲਦ ਹੱਲ ਨਾ ਹੋਇਆ ਤਾਂ ਹਾਕਮਾਂ ਦਾ ਪਿੰਡਾਂ, ਸ਼ਹਿਰਾਂ ’ਚ ਘਿਰਾਓ ਕਰਕੇ ਮੰਗਿਆ ਜਾਵੇਗਾ ਜਵਾਬ : ਆਗੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਨਿੱਜੀਕਰਨ, ਠੇਕੇਦਾਰੀ ਸਿਸਟਮ ਵਿਰੁੱਧ ਸੰਘਰਸ਼ ਕਰਦੇ ਡਿਸਮਿਸ ਕੀਤੇ ਬਿਜਲੀ ਮੁਲਾਜ਼ਮ ਆਗੂ ਬਹਾਲ ਕਰਾਉਣ ਅਤੇ ਹੋੋਰ ਮੰਗਾਂ ਪ੍ਰਤੀ ਪਾਵਰਕੌਮ ਅਤੇ ਟ੍ਰਾਂਸਕੋ ਦੀ ਮੈਨੇਜ਼ਮੈਂਟ ਦੇ ਅੜੀਅਲ ਵਤੀਰੇ ਵਿਰੁੱਧ ਟੈਕਨੀਕਲ ਸਰਵਿਸਜ ਯੂਨੀਅਨ (ਰਜਿ.) ਪੰਜਾਬ ਰਾਜ ਬਿਜਲੀ ਬੋਰਡ ਦੇ ਸੱਦੇ ’ਤੇ ਬਿਜਲੀ ਮੁਲਜ਼ਮਾਂ ਵੱਲੋਂ ਪਾਵਰਕੌਮ ਦੇ ਮੁੱਖ ਦਫਤਰ ਪਟਿਆਲਾ ਵਿਖੇ ਸਾਥੀ ਭਰਪੂਰ ਸਿੰਘ ਮਾਂਗਟ ਦੀ ਪ੍ਰਧਾਨਗੀ ਹੇਠ ਵਿਸਾਲ ਸੂਬਾਈ ਧਰਨਾ ਦੇ ਕੇ ਸ਼ਹਿਰ ’ਚ ਮਾਰਚ ਕੀਤਾ ਗਿਆ। ਇਸ ਧਰਨੇ ਅਤੇ ਮੁਜ਼ਾਹਰੇ ਵਿੱਚ ਸਾਰੇ ਪੰਜਾਬ ਤੋਂ ਹਜ਼ਾਰਾਂ ਬਿਜਲੀ ਮੁਲਾਜ਼ਮਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਹੱਥਾਂ ਵਿਚ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ਨਾਅਰੇ ਲਿਖੇ ਹੋਏ ਸਨ ਤੇ ਉਹ ਅਕਾਸ਼ ਗੁੰਜਾਊ ਨਾਅਰੇ ਮਾਰ ਰਹੇ ਸਨ।
ਇਸ ਮੌਕੇ ਵਿਸਾਲ ਸੂਬਾਈ ਧਰਨੇ ਅਤੇ ਮੁਜ਼ਾਹਰੇ ਨੂੰ ਸੂਬਾ ਸੀਨੀਅਰ ਉਪ ਪ੍ਰਧਾਨ ਸਾਥੀ ਰਛਪਾਲ ਸਿੰਘ ਡੇਮਰੂ, ਸੀਨੀਅਰ ਉਪ ਪ੍ਰਧਾਨ ਸਾਥੀ ਬਨਾਰਸੀ ਦਾਸ ਪਸਿਆਣਾ, ਸਹਾਇਕ ਸਕੱਤਰ ਸਾਥੀ ਕਿ੍ਰਸ਼ਨ ਸਿੰਘ,ਦਫਤਰੀ ਸਕੱਤਰ ਸਾਥੀ ਇਕਬਾਲ ਸਿੰਘ,ਖਜਾਨਚੀ ਸਾਥੀ ਸੰਤੋਖ ਸਿੰਘ ਤੋਂ ਇਲਾਵਾ ਹਮਾਇਤ ਵਿੱਚ ਪੁੱਜੇ ਠੇਕਾ ਮੁਲਾਜ਼ਮ ਮੋਰਚਾ ਪੰਜਾਬ ਦੇ ਸੂਬਾ ਆਗੂ ਸਾਥੀ ਬਲਿਹਾਰ ਸਿੰਘ ਨੇ ਸੰਬੋਧਨ ਕਰਦਿਆਂ ਨੇ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਵੱਲੋਂ ਨਿੱਜੀਕਰਨ ਅਤੇ ਠੇਕੇਦਾਰੀ ਸਿਸਟਮ ਵਿਰੁੱਧ ਬਿਜਲੀ ਮੁਲਾਜ਼ਮਾਂ ਦੇ ਸੰਘਰਸ਼ ਨੂੰ ਕੁਚਲਣ ਲਈ ਸਾਡੀ ਜਥੇਬੰਦੀ ਉੱਪਰ ਸਿਰੇ ਦਾ ਹਮਲਾ ਕਰਦੇ ਹੋਏ ਸਾਡੇ ਸੱਤ ਆਗੂਆਂ ਨੂੰ ਮਹਿਕਮਾਣਾ ਇਨਕੁਆਰੀਆਂ ਵਿਚ ਨਿਰਦੇਸ਼ ਸਾਬਤ ਹੋਣ ਦੇ ਬਾਵਜੂਦ ਡਿਸਮਿਸ ਕਰ ਦਿੱਤਾ ਗਿਆ ਸੀ। ਮੁਕਤਸਰ ਅਤੇ ਫਰੀਦਕੋਟ ਸਰਕਲ ਦੇ 16 ਆਗੂਆਂ ਨੂੰ ਸਸਪੈਂਡ ਅਤੇ ਦਰਜਨਾਂ ਆਗੁੂਆਂ ਦੀਆਂ ਦੂੁਰ-ਦੁਰਾਡੇ ਬਦਲੀਆਂ ਕਰ ਦਿੱਤੀਆਂ ਗਈਆਂ ਸਨ। 16 ਮਹੀਨੇ ਦੇ ਲੰਮੇ ਸੰਘਰਸ਼ ਤੋਂ ਬਾਅਦ ਸਾਲ 2009 ਵਿਚ ਭਾਵੇਂ ਉਨ੍ਹਾਂ ਨੂੰ ਬਹਾਲ ਕਰਵਾ ਲਿਆ ਗਿਆ ਪਰ ਸਾਲ 2014 ਵਿਚ ਕੋਰਟ ਕੇਸ ਦਾ ਬਹਾਨਾ ਬਣਾ ਕੇ ਪਾਵਰਕੌਮ ਮੈਨੇਜ਼ਮੈਂਟ ਵੱਲੋਂ ਦੋ ਆਗੁੂਆਂ ਨੂੰ ਦੁਬਾਰਾ ਡਿਸਮਿਸ ਕਰ ਦਿੱਤਾ ਗਿਆ ਅਤੇ ਪੰਜ ਆਗੁੂਆਂ ਦੀਆਂ ਪੈਨਸ਼ਨਾਂ ਵਿਚ 33 ਫੀਸਦੀ ਪੈਨਸ਼ਨਾਂ ਵਿੱਚ ਕਟੌਤੀ ਕਰ ਦਿੱਤੀ ਗਈ।
ਬੁਲਾਰਿਆਂ ਨੇ ਪਾਵਰਕੌਮ ਮੈਨੇਜਮੈਂਟ ਦੇ ਅੜੀਅਲ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਵਰਕੌਮ ਮੈਨੇਜ਼ਮੈਂਟ ਨੇ ਸਾਡੀ ਜਥੇਬੰਦੀ ਨਾਲ ਟਕਰਾਅ ਵਾਲਾ ਰਵਈਆ ਅਖਤਿਆਰ ਕੀਤਾ ਹੋਇਆ ਹੈ ।ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਸਾਲ 2018 ਤੋਂ ਬਾਅਦ ਸਾਡੀ ਜਥੇਬੰਦੀ ਨਾਲ ਗੱਲਬਾਤ ਨਹੀਂ ਕੀਤੀ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਪੁਨਰਗਠਨ ਦੇ ਨਾਂਅ ਹੇਠ ਹਜ਼ਾਰਾਂ ਅਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਸਰਕਾਰੀ ਥਰਮਲ ਬੰਦ ਕੀਤੇ ਜਾ ਰਹੇ ਹਨ। ਦੋ ਧਿਰੀ ਗੱਲਬਾਤ ਰਾਹੀਂ ਮੁਲਾਜ਼ਮਾਂ ਦੇ ਤਨਖਾਹ ਸਕੇਲਾਂ ਦੀ ਸੁਧਾਈ ਨਹੀ ਕੀਤੀ ਜਾ ਰਹੀ ਹੈ। ਵਾਰਵਾਰ ਵਾਅਦਾ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਬਰਾਬਰ ਪੇਅ ਬੈਂਡ ਅਤੇ ਗਰੇਡ ਪੇਅ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਹੈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਟ੍ਰਾਂਸਕੋ ਮੈਨੇਜਮੈਂਟ ਦੇ ਮੁਲਾਜ਼ਮ ਵਿਰੋਧੀ ਵਤੀਰੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਟ੍ਰਾਂਸਕੋ ਦੀ ਮੈਨੇਜਮੈਂਟ ਵੱਲੋਂ ਸੰਘਰਸ਼ਾਂ ’ਤੇ ਪਾਬੰਦੀ ਦੇ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ। ਸੰਘਰਸ਼ਾਂ ਵਿਚ ਹਿੱਸਾ ਲੈਣ ਵਾਲੇ ਕਰਮਚਾਰੀਆਂ ਦੀਆਂ ਗੈਰਹਾਜ਼ਰੀਆਂ ਲਾਈਆਂ ਜਾ ਰਹੀਆਂ ਹਨ।
ਹਮਾਇਤੀ ਜਥਾ ਲੈ ਕੇ ਪਹੁੰਚੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਸਾਥੀ ਬਲਿਹਾਰ ਸਿੰਘ ਨੇ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਦਿਸ਼ਾ-ਨਿਰਦੇਸ਼ਤ ਲੋਕ ਵਿਰੋਧੀ ਨੀਤੀਆਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਹ ਨੀਤੀਆਂ ਮਜ਼ਦੂਰਾਂ, ਮੁਲਾਜ਼ਮਾਂ,ਕਿਸਾਨਾਂ, ਠੇਕਾ ਕਾਮਿਆਂ ਅਤੇ ਹੋਰ ਮਿਹਨਤਕਸ਼ ਲੋਕਾਂ ਦਾ ਉਜਾੜਾ ਕਰਕੇ ਮੁੱਠੀ ਭਰ ਕਾਰਪੋਰੇਟਾਂ ਦੀਆਂ ਤਿਜ਼ੌਰੀਆਂ ਭਰ ਰਹੀਆਂ ਹਨ। ਸਾਂਝੇ ਵਿਸ਼ਾਲ, ਤਿੱਖੇ ਸੰਘਰਸ਼ਾਂ ਰਾਹੀਂ ਹੀ ਇਸ ਹਮਲੇ ਦਾ ਮੁੂੰਹ ਮੋੜਿਆ ਜਾ ਸਕਦਾ ਹੈ। ਉਨ੍ਹਾਂ ਨੇ ਸਮੂਹ ਮੁਲਾਜ਼ਮਾਂ ਨੂੰ ਸਰਕਾਰਾਂ ਤੋਂ ਭਲੇ ਦੀ ਝਾਕ ਛੱਡ ਕੇ ਸਾਂਝੇ ਸੰਘਰਸ਼ਾਂ ਦੇ ਰਾਹ ਅੱਗੇ ਵਧਣ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਪੰਜਾਬ ਸਰਕਾਰ, ਪਾਵਰਕੌਮ ਅਤੇ ਟ੍ਰਾਂਸਕੋ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਡਿਸਮਿਸ ਬਿਜਲੀ ਮੁਲਾਜ਼ਮ ਆਗੂਆਂ ਨੂੰ ਬਹਾਲ ਅਤੇ ਹੋਰ ਵਿਕਟੇਮਾਈਜੇਸ਼ਨਾਂ ਹੱਲ ਨਾ ਕੀਤੀਆਂ, ਕੱਚੇ ਮੁਲਾਜ਼ਮਾਂ ਨੂੰ ਪੱਕੇ ਤੋਂ ਟਾਲਾ ਵੱਟਿਆ ਅਤੇ ਸੰਘਰਜ਼ਾਂ ’ਤੇ ਲਾਈਆਂ ਪਾਬੰਦੀਆਂ ਵਾਪਸ ਨਾ ਲਈਆਂ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਮੁਲਾਜ਼ਮਾਂ ਦੀ ਲੁੱਟ ਅਤੇ ਜ਼ਬਰ ਕਰਨ ਵਾਲੇ ਹਾਕਮਾਂ ਦਾ ਪਿੰਡਾ, ਸ਼ਹਿਰਾਂ ਵਿਚ ਘਿਰਾਓ ਕਰਕੇ ਜਵਾਬ ਮੰਗਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ