ਸੀਬੀਆਈ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਸਜ਼ਾ ਦਿੱਤੀ ਜਾਵੇ : ਆਗੂ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਉਤਰਪ੍ਰਦੇਸ਼ ਦੇ ਲਖੀਮਪੁਰ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਰੋਸ ਪ੍ਰਦਰਸ਼ਨ ’ਤੇ ਕਿਸਾਨਾਂ ਉਪਰ ਗੱਡੀ ਚੜਾਉਣ ਕਾਰਨ ਹੋਈ ਕਿਸਾਨਾਂ ਦੀ ਮੌਤ ’ਤੇ ਆਮ ਆਦਮੀ ਪਾਰਟੀ ਦੇ ਕੋਮੀ ਕਾਰਜਕਾਰਨੀ ਮੈਂਬਰ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਦੇ ਦਿਸ਼ਾ ਨਿਰਦੇਸ਼ ’ਤੇ ਅਗਵਾਈ ਵਿੱਚ ਹਲਕਾ ਸੁਨਾਮ ਦੇ ਸਮੂਹ ਬਲਾਕ ਪ੍ਰਧਾਨ ਅਤੇ ਵਾਲੰਟੀਅਰਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸੁਨਾਮ ਦੇ ਮਾਤਾ ਮੋਦੀ ਚੌਂਕ ਵਿੱਚ ਫੂਕਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆ ਹਲਕਾ ਸੁਨਾਮ ਦੇ ਬਲਾਕ ਪ੍ਰਧਾਨ ਨੇ ਦੱਸਿਆ ਕਿ ਪਿਛਲੇ ਦਿਨੀਂ ਕਿਸਾਨਾਂ ਨਾਲ ਭਾਜਪਾ ਦੇ ਕੇਂਦਰੀ ਮੰਤਰੀ ਅਤੇ ਉਸਦੇ ਪੁੱਤਰ ਵੱਲੋਂ ਜਿਹੜਾ ਵਰਤਾਵ ਕੀਤਾ ਗਿਆ ਹੈ ਉਹ ਅਤਿ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਚਾਹੇ ਮਿ੍ਰਤਕ ਕਿਸਾਨਾਂ ਦੇ ਪਰਿਵਾਰ ਦੀ ਯੂਪੀ ਸਰਕਾਰ ਨਾਲ ਸਹਿਮਤੀ ਬਣ ਗਈ ਹੈ ਪਰੰਤੂ ਯੂਪੀ ਸਰਕਾਰ ਇਸ ਮਾਮਲੇ ਵਿੱਚ ਸੀ ਬੀ ਆਈ ਜਾਂਚ ਕਰਵਾਏ ਅਤੇ ਜੋ ਵੀ ਦੋਸ਼ੀ ਹੈ ਚਾਹੇ ਉਹ ਦੇਸ਼ ਦਾ ਕੇਂਦਰੀ ਮੰਤਰੀ ਜਾਂ ਫਿਰ ਉਸਦਾ ਪੁੱਤਰ ਵੀ ਹੋਵੇ, ਕਾਨੂੰਨ ਦੇ ਅਨੁਸਾਰ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜਲਦ ਤੋਂ ਜਲਦ ਸਜਾ ਦਿਲਾਈ ਜਾਵੇ। ਘਟਨਾ ਸਥਾਨ ’ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਜਾਣ ’ਤੇ ਰੋਕਣ ਦੇ ਸਵਾਲ ’ਤੇ ਜਵਾਬ ਦਿੰਦਿਆਂ ਕਿਹਾ ਕਿ ਯੂਪੀ ਸਰਕਾਰ ਸ਼ਰੇਆਮ ਧੱਕਾ ਕਰ ਰਹੀ ਹੈ। ਯੂਪੀ ਭਾਰਤ ਦਾ ਹੀ ਇਕ ਅੰਗ ਹੈ ਅਤੇ ਜੇਕਰ ਇਕ ਰਾਜ ਤੋਂ ਦੂਜੇ ਰਾਜ ਵਿੱਚ ਜਾਣ ਲਈ ਸਰਕਾਰ ਜਾਂ ਪੁਲਿਸ ਦੀ ਪ੍ਰਵਾਨਗੀ ਲੈਣੀ ਪਵੇ ਤਾਂ ਕਿ ਫਿਰ ਯੂਪੀ ਦੇ ਮੁੱਖ ਮੰਤਰੀ ਯੂਪੀ ਨੂੰ ਇਕ ਅਲੱਗ ਦੇਸ਼ ਮੰਨਣ ਲੱਗ ਪਏ ਹਨ। ਇਸ ਮੌਕੇ ਬਲਾਕ ਪ੍ਰਧਾਨ ਮਨੀ ਸਰਾਓ, ਸੁਖ ਸਾਹੋਕੇ, ਨਰਿੰਦਰ ਠੇਕੇਦਾਰ, ਲਾਭ ਸਿੰਘ ਨੀਲੋਵਾਲ, ਦੀਪ ਸਰਪੰਚ ਕਨੋਈ, ਸੰਜੀਵ, ਲੱਕੀ ਗੋਇਲ, ਅਵਤਾਰ ਈਲਵਾਲ ਭਾਨੂੰ ਪ੍ਰਤਾਪ, ਕਾਲਾ ਬੱਡਰੁਖਾਂ, ਸਾਹਿਲ ਗਿੱਲ, ਸ਼ਸ਼ੀ, ਰਾਜ ਨਮੋਲ, ਕੁਲਵੀਰ ਭੰਗੂ, ਕੁਲਵੀਰ ਸੰਧੇ, ਨਰੰਜਣ ਨੰਜੀ ਸ਼ੇਰੋਂ, ਤਾਰੀ ਮੋਰਾਂਵਾਲੀ, ਕਨਇਆ ਆਦਿ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ