ਲਖੀਮਪੁਰ ’ਚ ਵਾਪਰੀ ਘਟਨਾ ਖ਼ਿਲਾਫ਼ ਸੂਬੇ ਭਰ ’ਚ ਕਿਸਾਨਾਂ ਵੱਲੋਂ ਰੋਹ ਭਰਪੂਰ ਮੁਜ਼ਾਹਰੇ

Lakhimpur Kheri Violence Sachkahoon

ਲਖੀਮਪੁਰ ’ਚ ਵਾਪਰੀ ਘਟਨਾ ਖ਼ਿਲਾਫ਼ ਸੂਬੇ ਭਰ ’ਚ ਕਿਸਾਨਾਂ ਵੱਲੋਂ ਰੋਹ ਭਰਪੂਰ ਮੁਜ਼ਾਹਰੇ

32 ਕਿਸਾਨ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਨੂੰ ਭੇਜੇ ਰੋਸ ਪੱਤਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਯੂਪੀ ਦੇ ਲਖੀਮਪੁਰ ਖੇੜੀ ’ਚ ਵਾਪਰੀ ਘਟਨਾ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਸੱਦੇ ’ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਡਿਪਟੀ-ਕਮਿਸ਼ਨਰ ਦਫਤਰਾਂ ਸਾਹਮਣੇ ਕੇਂਦਰ ਅਤੇ ਯੂਪੀ ਦੀ ਭਾਜਪਾ ਸਰਕਾਰ ਖ਼ਿਲਾਫ਼ ਰੋਸ-ਮੁਜ਼ਾਹਰੇ ਕਰਦਿਆਂ ਰਾਸ਼ਟਰਪਤੀ ਨੂੰ ਰੋਸ ਪੱਤਰ ਭੇਜੇ ਗਏ। ਇਨ੍ਹਾਂ ਧਰਨਿਆਂ ’ਚ 2 ਮਿੰਟ ਮੌਨ ਧਾਰ ਕੇ ਫੌਤ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸੈਂਕੜੇ ਪਿੰਡਾਂ ’ਚ ਵੀ ਯੋਗੀ, ਖੱਟੜ ਅਤੇ ਮੋਦੀ ਦੇ ਪੁਤਲੇ ਫੂਕਦਿਆਂ ਕਿਸਾਨਾਂ ਨੇ ਰੋਸ ਜ਼ਾਹਰ ਕੀਤਾ।

ਜਾਣਕਾਰੀ ਅਨੁਸਾਰ ਯੂਪੀ ’ਚ ਵਾਪਰੀ ਘਟਨਾ ਕਾਰਨ ਕਿਸਾਨਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ ਜੋਂ ਕਿ ਅੱਜ ਧਰਨਿਆਂ ਵਿੱਚ ਪੂਰੀ ਤਰ੍ਹਾ ਝਲਕਿਆ ਕਿਸਾਨਾਂ ਵੱਲੋਂ ਮੋਦੀ ਸਰਕਾਰ, ਖੱਟਰ ਸਰਕਾਰ ਅਤੇ ਯੋਗੀ ਸਰਕਾਰ ਖਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਧਨੇਰ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਐਡਵੋਕੇਟ ਪ੍ਰੇਮ ਸਿੰਘ ਭੰਗੂ, ਜੰਗਬੀਰ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਬੌਖਲਾ ਗਈ ਹੈ। ਇਸ ਨੂੰ ਕਿਸਾਨ ਅੰਦੋਲਨ ਦਾ ਕੋਈ ਤੋੜ ਨਹੀਂ ਲੱਭ ਰਿਹਾ। ਕਿਸਾਨਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਇਸ ਕੋਲ ਕੋਈ ਜਵਾਬ ਨਹੀਂ ਹੈ। 11 ਗੇੜ ਦੀ ਚੱਲੀ ਗੱਲਬਾਤ ਦੌਰਾਨ ਕਿਸਾਨ ਆਗੂ ਸਰਕਾਰ ਨੂੰ ਇਖਲਾਕੀ ਤੌਰ ’ਤੇ ਹਾਰ ਚੁੱਕੇ ਹਨ। ਕਿਸਾਨ ਅੰਦੋਲਨ ਦੀ ਦਿਨ-ਬ ਦਿਨ ਵਧ ਰਹੀ ਤਾਕਤ ਮੂਹਰੇ ਬੇਬਸ ਸਰਕਾਰ ਹੁਣ ਨੰਗੀ ਚਿੱਟੀ ਗੁੰਡਾਗਰਦੀ ’ਤੇ ਉਤਰ ਆਈ ਹੈ। ਇੱਕ ਕੇਂਦਰੀ ਮੰਤਰੀ ਦੇ ਹੰਕਾਰੇ ਛੋਹਰੇ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਪਰ ਗੱਡੀ ਚੜ੍ਹਾ ਦਿੱਤੀ। ਕਿਸਾਨਾਂ ਦੇ ਕਤਲੇਆਮ ਤੋਂ ਬਾਅਦ ਵੀ ਸਰਕਾਰ ਨੇ ਕੋਈ ਅਫਸੋਸ ਪ੍ਰਗਟ ਨਹੀਂ ਕੀਤਾ।

Lakhimpur Kheri Violence Sachkahoon

ਕਿਸਾਨ ਜਥੇਬੰਦੀਆਂ ਵੱਲੋਂ ਭੇਜੇ ਗਏ ਮੰਗ ਪੱਤਰਾਂ ਵਿੱਚ ਮੰਗ ਕੀਤੀ ਗਈ ਕਿ ਕੇਂਦਰੀ ਰਾਜ ਮੰਤਰੀ ਅਜੈ ਮਿਸਰਾ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਅਤੇ ਉਸਦੇ ਵਿਰੁੱਧ ਹਿੰਸਾ ਭੜਕਾਉਣ ਤੇ ਫਿਰਕੂ ਨਫਰਤ ਫੈਲਾਉਣ ਦਾ ਮਕੱਦਮਾ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਮੰਤਰੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਅਤੇ ਉਸ ਦੇ ਸਾਥੀਆਂ ਵਿਰੁੱਧ 302 (ਕਤਲ) ਦਾ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ। ਸੰਵਿਧਾਨਕ ਅਹੁਦੇ ’ਤੇ ਹੁੰਦਿਆਂ ਹਿੰਸਾ ਲਈ ਉਕਸਾਉਣ ਦੇ ਦੋਸ਼ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ।

ਆਗੂਆਂ ਨੇ ਕਿਹਾ ਕਿ ਕਿਹਾ ਕਿ ਹੁਣ ਤੱਕ ਕਿਸਾਨ ਸੰਘਰਸ਼ ਪ੍ਰਤੀ ਇਸ ਦੀ ਬੇਲਾਗਤਾ ਅਤੇ ਹਰ ਹੀਲੇ ਸਾਮਰਾਜੀ ਨੀਤੀਆਂ ਲਾਗੂ ਕਰਨ ਦਾ ਹਠ ਹਜਾਰਾਂ ਕਿਸਾਨਾਂ ਦੀ ਜਾਨ ਲੈ ਚੁੱਕਿਆ ਹੈ ਪਰ ਲੋਕਾਂ ਦਾ ਸਬਰ ਅਜ਼ਮਾਉਣ, ਢੀਠ ਚੁੱਪ ਧਾਰਨ ਕਰਨ ਅਤੇ ਸੰਘਰਸ਼ ਨੂੰ ਲਟਕਾ ਕੇ ਖੋਰਨ ਦਾ ਹਥਿਆਰ ਵੀ ਮਨ ਇੱਛਤ ਸਿੱਟੇ ਨਹੀਂ ਕੱਢ ਸਕਿਆ। ਲੋਕਾਂ ਦਾ ਸਬਰ ਅਜਮਾਉਂਦੀ ਹੋਈ ਹਕੂਮਤ ਦਾ ਆਪਣਾ ਸਬਰ ਦਮ ਤੋੜਦਾ ਜਾ ਰਿਹਾ ਹੈ। ਹੁਣ ਅਜਿਹੀਆਂ ਗੁੰਡਾ ਤਾਕਤਾਂ ਰਾਹੀਂ ਜੂਝ ਰਹੀਆਂ ਕਿਸਾਨ ਸਫ਼ਾਂ ਅੰਦਰ ਦਹਿਸ਼ਤ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੀਤੇ ਮਹੀਨਿਆਂ ਵਿੱਚ ਲੋਕ ਲਾਮਬੰਦੀ ਸਦਕਾ ਭਾਜਪਾ ਆਗੂਆਂ ਨੂੰ ਥਾਂ ਥਾਂ ਜ਼ਲੀਲ ਹੋਣਾ ਪਿਆ ਹੈ ਅਤੇ ਉਹ ਮੁਕੰਮਲ ਨਿਖੇੜੇ ਦੀ ਹਾਲਤ ਵਿੱਚ ਸੁੱਟੇ ਗਏ ਹਨ। ਸੱਤਾਧਾਰੀ ਧਿਰ ਦਾ ਲੋਕ ਆਧਾਰ ਬੁਰੀ ਤਰ੍ਹਾਂ ਖੁਰ ਰਿਹਾ ਹੈ ਤੇ ਉਹ ਹਰ ਹੀਲੇ ਇਸ ਹਾਲਤ ਤੋਂ ਜਲਦੀ ਤੋਂ ਜਲਦੀ ਛੁਟਕਾਰਾ ਪਾਉਣਾ ਚਾਹੁੰਦੀ ਹੈ। ਕਿਸਾਨ ਘੋਲ ਦਾ ਹੁਣ ਤੱਕ ਦਾ ਸਫ਼ਰ ਹਰ ਸੱਟ ਦੇ ਨਾਲ ਹੋਰ ਮਜਬੂਤ ਹੁੰਦੇ ਜਾਣ ਦਾ ਸਫ਼ਰ ਹੈ।

ਹਰਿਆਣਾ ਦੇ ਮੁੱਖ ਮੰਤਰੀ ’ਤੇ ਹੋਵੇ ਕਾਰਵਾਈ

ਕਿਸਾਨ ਆਗੂਆਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ‘ਜੈਸੇ ਨੂੰ ਤੈਸਾ’ ਵਾਲਾ ਬਿਆਨ ਦਿੱਤਾ ਹੈ, ਇਹ ਬਿਆਨ ਸਿਰਫ ਗੈਰ ਸੰਵਿਧਾਨਕ ਤੇ ਗੈਰਕਾਨੂੰਨੀ ਹੀ ਨਹੀਂ, ਇਹ ਅੰਦੋਲਨ ਨੂੰ ਹਿੰਸਾ ਦੇ ਰਾਹ ਪਾਉਣ ਦੀ ਸਾਜਿਸ਼ ਵੀ ਹੈ। ਇੱਕ ਸੰਵਿਧਾਨਕ ਅਹੁਦੇ ਤੇ ਬੈਠੇ ਸ਼ਖਸ ਵੱਲੋਂ ਇਸ ਤਰ੍ਹਾਂ ਦਾ ਬਿਆਨ ਦੇਣਾ ਗੈਰਕਾਨੂੰਨੀ ਹੈ ਜਿਸ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ‘ਜੈਸੇ ਨੂੰ ਤੈਸਾ’ ਦਾ ਹਿਸਾਬ ਤਾਂ ਹੁਣ ਭਾਰਤ ਦੇ ਆਮ ਲੋਕ ਇਨ੍ਹਾਂ ਜੋਕਾਂ ਤੋਂ ਲੈਣਗੇ। ਕਿਸਾਨ ਆਗੁੂਆਂ ਨੇ ਸੱਦਾ ਦਿੱਤਾ ਜਾਬਰਾਂ ਤੋਂ ਇਹ ਹਿਸਾਬ ਲੈਣ ਲਈ ਆਪਣੇ ਏਕੇ ਨੂੰ ਹੋਰ ਮਜ਼ਬੂਤ ਕਰੀਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ