ਡਿੱਗੀ ਛੱਤ ਵਾਲੇ ਕਮਰੇ ’ਚ ਰਾਤਾਂ ਕੱਟਣ ਲਈ ਮਜ਼ਬੂਰ ਸੀ ਬੇਸਹਾਰਾ ਬੱਚਾ
(ਸਤਪਾਲ ਥਿੰਦ/ਜਗਦੀਪ ਸਿੰਘ) ਫਿਰੋਜ਼ਪੁਰ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾਂਦੇ ਮਾਨਵਤਾ ਭਲਾਈ ਕਾਰਜਾਂ ਦੇ ਚੱਲਦਿਆ ਸਰਹੱਦੀ ਇਲਾਕੇ ਦੇ ਬਲਾਕ ਬਾਰੇ ਕੇ ਦੀ ਸਾਧ-ਸੰਗਤ ਵੀ ਮਾਨਵਤਾ ਭਲਾਈ ਕਾਰਜ ਕਰਨ ’ਚ ਕਿਸੇ ਪਾਸੋਂ ਪਿੱਛੇ ਨਹੀਂ । ਜਿੱਥੇ ਬਲਾਕ ਦੀ ਸਾਧ-ਸੰਗਤ ਵੱਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਮਾਨਵਤਾ ਭਲਾਈ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਉੱਥੇ ਕਈ ਬੇਸਹਾਰਿਆਂ ਦਾ ਸਾਹਰਾ ਬਣ ਰਹੀ ਹੈ। ਸਾਧ-ਸੰਗਤ ਵੱਲੋਂ ਰਲ ਮਿਲ ਕੇ ਇੱਕ ਹਫਤੇ ਦੇ ਸਮੇਂ ’ਚ ਬੇਸਹਾਰਿਆਂ ਲਈ ਤਿਆਰ ਕਰਕੇ ਦਿੱਤੇ ਦੋ ਮਕਾਨਾਂ ਦੀ ਚਰਚਾ ਪੂਰੇ ਇਲਾਕੇ ’ਚ ਹੋ ਰਹੀ ਹੈ।
ਦੱਸ ਦਈਏ ਕਿ ਬੀਤੇ ਮੰਗਲਵਾਰ ਬਲਾਕ ਬਾਰੇ ਕੇ ਦੀ ਸਾਧ-ਸੰਗਤ ਵੱਲੋਂ ਗੁਰਦਿਆਂ ਦੀ ਬਿਮਾਰੀ ਦੀ ਮਾਰ ਝੱਲ ਰਹੇ ਪਿੰਡ ਚੂਹੜੀ ਬਾਲਾ ਦੇ ਤਿੰਨ ਬੇਸਹਾਰਾ ਬੱਚਿਆਂ ਦੇ ਸਿਰ ਦੀ ਛੱਤ ਜੋ ਡਿੱਗੂੰ-ਡਿੱਗੂੰ ਕਰ ਰਹੀ ਸੀ, ਉਹਨਾਂ ਲਈ ਇੱਕ ਚੰਗਾ ਕਮਰਾ ਅਤੇ ਇੱਕ ਰਸੋਈ ਤਿਆਰ ਕਰਕੇ ਦਿੱਤੀ ਗਈ ਸੀ ਇਸ ਮਗਰੋਂ ਇੱਕ ਇਸੇ ਤਰ੍ਹਾਂ ਇੱਕ ਬੇਸਹਾਰਾ ਬੱਚੇ ਦੀ ਭਨਕ ਵੀ ਸਾਧ-ਸੰਗਤ ਨੂੰ ਲੱਗੀ, ਜਿਸ ਦੇ ਨਾ ਤਾਂ ਮਾਤਾ-ਪਿਤਾ ਸਨ ਅਤੇ ਇੱਕੋ ਇੱਕ ਸਿਰ ’ਤੇ ਛੱਤ ਉਹ ਵੀ ਕਈ ਮਹੀਨਿਆਂ ਤੋਂ ਡਿੱਗੀ ਹੋਣ ਦਾ ਪਤਾ ਚੱਲਿਆਂ ਤਾਂ ਸਾਧ-ਸੰਗਤ ਨੇ ਰਲ ਮਿਲ ਕੇ ਉਸ ਬੱਚੇ ਲਈ ਵੀ ਇੱਕ ਕਮਰਾ ਅਤੇ ਰਸੋਈ ਤਿਆਰ ਕਰਕੇ ਦਿੱਤੀ।
ਇਸ ਸਬੰਧੀ ਬਲਾਕ ਭੰਗੀਦਾਸ ਸਤਪਾਲ ਇੰਸਾਂ, ਜ਼ਿੰਮੇਵਾਰ 15 ਮੈਂਬਰ ਤਾਰਾ ਸਿੰਘ, 15 ਮੈਂਬਰ ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਚੱਲਿਆ ਗਿਆ ਕਿ ਪਿੰਡ ਭਾਨੇ ਵਾਲਾ ’ਚ ਮਲਕੀਤ ਸਿੰਘ ਜੋ 14-15 ਸਾਲਾਂ ਦਾ ਬੱਚਾ ਹੈ, ਤੇ ਉਸਦੀ ਮਾਂ 4-5 ਸਾਲ ਦੀ ਉਮਰ ਵਿੱਚ ਉਸਨੂੰ ਛੱਡ ਕੇ ਚੱਲੀ ਗਈ ਸੀ ਹੁਣ 3 ਮਹੀਨੇ ਪਹਿਲਾਂ ਉਸਦੇ ਪਿਤਾ ਦੀ ਮੌਤ ਹੋਣ ਕਾਰਨ ਉਹ ਬੇਸਾਹਰਾ ਹੋ ਗਿਆ ਹੈ ਅਤੇ ਉਸਦੇ ਮਕਾਨ ਦੀ ਛੱਤ ਵੀ ਡਿੱਗੀ ਹੋਈ ਅਤੇ ਮੀਂਹ ਹਨ੍ਹੇਰੀ ’ਚ ਇੱਕੋ ਇੱਕ ਡਿੱਗੀ ਛੱਤ ਵਾਲੇ ਕਮਰੇ ਦੇ ਇੱਕ ਕੋਨੇ ’ਚ ਬਹਿ ਕੇ ਰਾਤਾਂ ਕੱਟਦਾ ਹੈ ਤਾਂ ਸਾਧ-ਸੰਗਤ ਨੇ ਉਸ ਤੱਕ ਪਹੁੰਚ ਕਰਕੇ ਉਸ ਲਈ ਇੱਕ ਕਮਰਾ ਅਤੇ ਰਸੋਈ ਤਿਆਰ ਕਰਕੇ ਉਸ ਦਾ ਇਹ ਫਿਕਰ ਮੁਕਾ ਦਿੱਤਾ ਹੈ। ਜ਼ਿੰਮੇਵਾਰਾਂ ਨੇ ਦੱਸਿਆ ਕਿ ਘਰ ਦੇ ਹਲਾਤਾਂ ਨੂੰ ਦੇਖ ਸਾਧ-ਸੰਗਤ ਵੱਲੋਂ ਉਕਤ ਬੱਚੇ ਨੂੰ ਰਾਸ਼ਨ ਵੀ ਮੁਹੱਇਆ ਕਰਵਾਇਆ ਗਿਆ ਹੈ। ਮਕਾਨ ਨੂੰ ਤਿਆਰ ਕਰਨ ਲਈ ਪਿੰਡ ਦੀ ਸਰਪੰਚ ਪਰਮਜੀਤ ਕੌਰ ਨੇ ਬਲਾਕ ਦੇ 15 ਮੈਂਬਰਾਂ ਅਤੇ ਸਾਧ-ਸੰਗਤ ਨੂੰ ਖੁੱਲ੍ਹ ਕੇ ਸਹਿਯੋਗ ਦਿੱਤਾ।
ਮਜ਼ਦੂਰੀ ਦੀ ਮਜ਼ਬੂਰੀ , ਪੜ੍ਹਾਈ ਕਿਤੇ ਰਹਿ ਨਾ ਜਾਵੇ ਅਧੂਰੀ , ਸੰਗਤ ਨੇ ਫੜ੍ਹੀ ਬਾਂਹ
ਆਰਥਿਕ ਹਲਾਤਾਂ ਅਤੇ ਬੇਸਹਾਰਾ ਜ਼ਿੰਦਗੀ ਅੱਗੇ ਕਈ ਅਜਿਹੇ ਹਾਲਾਤ ਬਣ ਜਾਂਦੇ ਹਨ ਕਿ ਪੜ੍ਹਨ ਦੀ ਉਮਰ ’ਚ ਉਸ ਨੂੰ ਮਜ਼ਦੂਰੀ ਕਰਕੇ ਘਰ ਚਲਾਉਣਾ ਪੈਂਦਾ ਹੈ। ਅਜਿਹਾ ਹੀ ਮਾਮਲਾ ਮਲਕੀਤ ਸਿੰਘ ਦਾ ਹੈ, ਜਿਸ ਦੀ ਮਾਤਾ ਵੱਲੋਂ ਛੱਡ ਜਾਣ ਮਗਰੋਂ ਉਸ ਨਾਲ ਉਸਦਾ ਪਿਤਾ ਸੀ ਜੋ ਹੈਂਡੀਕੈਂਪ ਹੋਣ ਕਾਰਨ ਘਰ ਚਲਾਉਣ ’ਚ ਅਸਮੱਰਥ ਸੀ ਜਿਸ ਕਰਕੇ ਮਲਕੀਤ ਸਿੰਘ ਨੇ ਆਪਣਾ ਤੇ ਆਪਣੇ ਪਿਤਾ (ਜਿਸ ਦੀ 3 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ) ਦਾ ਪੇਟ ਪਾਲਣ ਲਈ ਵੇਟਰ ਜਾਂ ਹੋਟਲਾਂ ’ਤੇ ਨਿੱਕੀ ਉਮਰੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮਲਕੀਤ ਵੱਲੋਂ ਪੜ੍ਹਾਈ ਵੀ ਸ਼ੁਰੂ ਕੀਤੀ ਗਈ, ਪਰ 2-3 ਜਮਾਤਾਂ ਹੀ ਪੜ੍ਹ ਸਕਿਆ, ਜਿਸ ਅੱਗੇ ਘਰ ਚਲਾਉਣ ਲਈ ਕਰਨੀ ਪੈਂਦੀ ਮਜ਼ਦੂਰੀ ਵੱਡੀ ਰੁਕਾਵਟ ਆ ਖੜ੍ਹੀ ਹੋਈ। ਇਸੇ ਤਰ੍ਹਾਂ ਦਾ ਹਾਲ ਪਿੰਡ ਚੂਹੜੀ ਵਾਲਾ ਦੇ ਤਿੰਨ ਬੱਚਿਆਂ ਦਾ ਹੈ, ਜਿਹਨਾਂ ਬੱਚਿਆਂ ਨੂੰ ਵੀ ਕਈ ਵਾਰ ਪੜ੍ਹਾਈ ਛੱਡ ਕੇ ਮਜ਼ਦੂਰੀ ਕਰਨ ਜਾਣਾ ਪੈਂਦਾ ਹੈ ਪਰ ਹੁਣ ਸਾਧ-ਸੰਗਤ ਨੇ ਇਹਨਾਂ ਬੱਚਿਆਂ ਦੀ ਬਾਂਹ ਫੜਦਿਆਂ ਹਰ ਸੰਭਵ ਮੱਦਦ ਕਰਨ ਦੇ ਨਾਲ – ਨਾਲ ਉਹਨਾਂ ਦੀ ਪੜ੍ਹਾਈ ਲਈ ਵੀ ਹਰ ਹੀਲਾ ਕਰਨ ਦਾ ਭਰੋਸਾ ਦਿੱਤਾ ਤਾਂ ਜੋ ਇਸ ਤਰ੍ਹਾਂ ਦੀਆਂ ਮਜ਼ਬੂਰੀਆਂ ਕਾਰਨ ਬੱਚੇ ਪੜ੍ਹਾਈ ਤੋਂ ਵਾਂਝੇ ਨਾ ਰਹਿ ਜਾਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ