ਤਜ਼ਰਬੇ ਦਾ ਦੂਜਾ ਨਾਂਅ ਹੁੰਦੇ ਨੇ ਬਜ਼ੁਰਗ
ਬਜ਼ੁਰਗਾਂ ਦਾ ਸਾਡੀ ਜ਼ਿੰਦਗੀ ਵਿੱਚ ਅਹਿਮ ਰੋਲ ਹੈ ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹਨ ਸਮਾਜਿਕ ਵਿਕਾਸ ਵਿੱਚ ਇਨ੍ਹਾਂ ਦਾ ਬਹੁਤ ਯੋਗਦਾਨ ਹੁੰਦਾ ਹੈ ਬਜ਼ੁਰਗ ਵਿਅਕਤੀ ਨੌਜਵਾਨ ਪੀੜ੍ਹੀ ਨੂੰ ਤਜ਼ਰਬਾ ਅਤੇ ਗਿਆਨ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਬਜ਼ੁਰਗਾਂ ਨੂੰ ਬਿਹਤਰ ਅਤੇ ਸੰਤੁਸ਼ਟੀਪੂਰਨ ਜੀਵਨ ਦੇਣ ਦੀ ਜ਼ਰੂਰਤ ਹੈ ਭਾਰਤ ਵਿੱਚ 60 ਸਾਲ ਦੀ ਉਮਰ ਦੇ ਲੋਕਾਂ ਦੀ ਗਿਣਤੀ ਸਾਢੇ ਸੱਤ ਕਰੋੜ ਦੇ ਲਗਭਗ ਹੈ ਅੱਜ ਦੇ ਦਿਨ ਵਿਸ਼ਵ ਬਜ਼ੁਰਗ ਦਿਵਸ ਮਨਾਇਆ ਜਾਂਦਾ ਹੈ, ਜਿਸ ਨੂੰ ਬਹੁਤ ਸਾਰੇ ਕਲੱਬ, ਸੰਸਥਾਵਾਂ, ਸਰਕਾਰੀ, ਗੈਰ-ਸਰਕਾਰੀ ਸੰਗਠਨਾਂ ਵੱਲੋਂ ਮਨਾਇਆ ਜਾਂਦਾ ਹੈ, ਪਰ ਕੀ ਅਸੀਂ ਵਾਕਿਆ ਹੀ ਬਜ਼ੁਰਗਾਂ ਦਾ ਸਤਿਕਾਰ ਕਰਦੇ ਹਾਂ? ਕਿਤੇ ਇਹ ਬਜ਼ੁਰਗ ਦਿਵਸ ਮਨਾਉਣਾ ਸਿਰਫ਼ ਰਸਮੀ ਗੱਲ ਤਾਂ ਨਹੀਂ?
ਜੀ ਹਾਂ, ਜ਼ਿਆਦਾਤਰ ਇਹ ਗੱਲਾਂ ਸਿਰਫ਼ ਰਸਮੀ ਹੀ ਹੁੰਦੀਆਂ ਹਨ ਥਾਂ-ਥਾਂ ਬਣੇ ਬਿਰਧ ਆਸ਼ਰਮ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿਉਂਕਿ ਇਨ੍ਹਾਂ ਆਸ਼ਰਮਾਂ ਵਿੱਚ ਜ਼ਿਆਦਾਤਰ ਉਹ ਬਜ਼ੁਰਗ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਨੂੰਹਾਂ-ਪੁੱਤਾਂ ਨੇ ਘਰ ਰੱਖਣ ਤੋਂ ਮਨ੍ਹਾ ਕਰ ਦਿੱਤਾ ਜਾਂ ਫਿਰ ਜ਼ਿਆਦਾਤਰ ਅਜਿਹੇ ਬਜ਼ੁਰਗ ਹਨ ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹਨ ਅਤੇ ਉਹਨਾਂ ਦੇ ਨੂੰਹਾਂ-ਪੁੱਤਾਂ ਜਾਂ ਧੀਆਂ ਨੇ ਉਨ੍ਹਾਂ ਨੂੰ ਆਪਣੇ ਕੋਲ ਰੱਖਣ ਤੋਂ ਅਸਮਰੱਥਾ ਜ਼ਾਹਿਰ ਕਰਦਿਆਂ ਬਿਰਧ ਆਸ਼ਰਮ ਵੱਲ ਧੱਕ ਦਿੱਤਾ
ਅਜੋਕੇ ਸਮੇਂ ਇਹ ਬਜ਼ੁਰਗਾਂ ਦੀ ਤ੍ਰਾਸਦੀ ਨਹੀਂ ਤਾਂ ਹੋਰ ਕੀ ਹੈ? ਇਹ ਤਾਂ ਉਹ ਗੱਲਾਂ ਹਨ ਜੋ ਜੱਗ ਜ਼ਾਹਿਰ ਹੁੰਦੀਆਂ ਹਨ ਮਤਲਬ, ਇਹ ਤਾਂ ਉਹ ਬਜ਼ੁਰਗ ਹਨ ਜਿਨ੍ਹਾਂ ਦੀ ਗਿਣਤੀ ਸਾਨੂੰ ਪਤਾ ਲੱਗਦੀ ਹੈ ਕਿ ਇੰਨੇ ਬਜ਼ੁਰਗ ਬਿਰਧ ਆਸ਼ਰਮਾਂ ਜਾਂ ਨਿੱਜੀ ਤੌਰ ’ਤੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ, ਪਰ ਇਸ ਤੋਂ ਇਲਾਵਾ ਬਹੁਤੀ ਗਿਣਤੀ ਉਨ੍ਹਾਂ ਬਜ਼ੁਰਗਾਂ ਦੀ ਹੈ ਜਿਨ੍ਹਾਂ ਦੀ ਆਪਣੇ ਹੀ ਘਰਾਂ ਵਿੱਚ ਇੰਨੀ ਬਦਤਰ ਹਾਲਤ ਹੈ ਕਿ ਉਹ ਇੱਕ ਘਰੇਲੂ ਨੌਕਰ ਤੋਂ ਵੱਧ ਕੁਝ ਵੀ ਨਹੀਂ ਹਨ
ਬਹੁਤੇ ਬਜ਼ੁਰਗ, ਜੋ ਮੌਤ ਦੇ ਨੇੜੇ ਹੁੰਦੇ ਹਨ, ਨੂੰ ਇੱਕ ਸਟੋਰਨੁਮਾ ਕਮਰੇ ਵਿੱਚ ਇਸ ਤਰ੍ਹਾਂ ਰੱਖਿਆ ਜਾਂਦਾ ਹੈ ਜਿਸ ਤਰ੍ਹਾਂ ਕੋਈ ਨਾ ਵਰਤੋਂ ਵਿੱਚ ਆਉਣ ਵਾਲੀ ਕਿਸੇ ਚੀਜ਼ ਨੂੰ ਸਟੋਰ ਵਿੱਚ ਸੁੱਟ ਦਿੱਤਾ ਜਾਂਦਾ ਹੈ ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਅਨੁਸਾਰ ਦੇਸ਼ ਵਿੱਚ ਬਜ਼ੁਰਗਾਂ ਦੀ 70 ਫੀਸਦੀ ਆਬਾਦੀ ਅੱਜ ਪੇਂਡੂ ਖੇਤਰਾਂ ਵਿੱਚ ਰਹਿ ਰਹੀ ਹੈ ਭਾਵੇਂ ਇਨ੍ਹਾਂ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਬਜ਼ੁਰਗਾਂ ਲਈ ਸਰਕਾਰ ਵੱਲੋਂ ਵਿਸ਼ੇਸ਼ ਕਲਿਆਣਕਾਰੀ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ ਪਰ ਉਹ ਯੋਜਨਾਵਾਂ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀਆਂ ਹਨ, ਜਿਸ ਕਾਰਨ ਪੇਂਡੂ ਬਜ਼ੁਰਗ ਗਰੀਬੀ, ਲਾਚਾਰੀ, ਬੇਬਸੀ ਦੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹੁੰਦੇ ਹਨ
ਉਪਰੋਕਤ ਤੋਂ ਇਲਾਵਾ ਬਜ਼ੁਰਗਾਂ ਦੀ ਇੱਕ ਕੈਟਾਗਿਰੀ ਹੋਰ ਹੈ, ਜੋ ਜ਼ਿਆਦਾਤਰ ਸ਼ਹਿਰਾਂ ਵਿੱਚ ਹੁੰਦੀ ਹੈ ਇਸ ਵਿੱਚ ਉਹ ਬਜ਼ੁਰਗ ਆਉਂਦੇ ਹਨ ਜੋ ਨੂੰਹਾਂ-ਪੁੱਤਾਂ ਜਾਂ ਧੀਆਂ ’ਤੇ ਨਿਰਭਰ ਨਹੀਂ, ਸਗੋਂ ਸਰਕਾਰੀ ਮੁਲਾਜ਼ਮ ਹੋਣ ਕਰਕੇ ਪੈਨਸ਼ਨ ਮਿਲਦੀ ਹੁੰਦੀ ਹੈ ਜਾਂ ਕਿਸੇ ਹੋਰ ਪਾਸਿਓਂ ਆਮਦਨ ਦਾ ਸਾਧਨ ਹੁੰਦਾ ਹੈ, ਪਰ ਜਦੋਂ ਤੱਕ ਇਹ ਬਜ਼ੁਰਗ ਜੋੜਾ ਕਾਇਮ ਹੁੰਦਾ ਹੈ ਉਹ ਇੱਕ-ਦੂਜੇ ਦਾ ਧਿਆਨ ਕਿਸੇ ਹੱਦ ਤੱਕ ਰੱਖਦੇ ਹਨ ਦੋਵਾਂ ਵਿੱਚੋਂ ਇੱਕ ਨੇ ਤਾਂ ਪਹਿਲਾਂ ਜਾਣਾ ਹੀ ਹੁੰਦਾ ਹੈ ਅਜਿਹਾ ਹੋਣ ’ਤੇ ਇਕੱਲੇ ਦੀ ਪੁੱਛ-ਗਿੱਛ ਘੱਟ ਹੋ ਜਾਂਦੀ ਹੈ
ਇਸ ਤੋਂ ਬਾਅਦ ਕੋਈ ਇਹ ਨਹੀਂ ਕਹਿੰਦਾ ਕਿ ਅਸੀਂ ਮਾਂ ਜੀ ਕੋਲ ਰਹਿੰਦੇ ਹਾਂ ਜਾਂ ਪਿਤਾ ਜੀ ਕੋਲ ਰਹਿੰਦੇ ਹਾਂ, ਸਗੋਂ ਕਿਹਾ ਜਾਂਦਾ ਹੈ ਕਿ ਮਾਂ ਜੀ/ਪਿਤਾ ਜੀ ਸਾਡੇ ਕੋਲ ਰਹਿੰਦੇ ਹਨ ਜੇ ਕਿਤੇ ਪੁੱਤਰ ਇੱਕ ਤੋਂ ਵੱਧ ਹੋਣ ਤਾਂ ਗਿਣਵੇ ਮਹੀਨੇ ਵਾਰੀ ਸਿਰ ਰਹਿਣਾ ਹੁੰਦਾ ਹੈ ਕਈ ਵਾਰ ਤਾਂ ਮਾਂ ਦੂਜੇ ਕੋਲ ਤੇ ਪਿਓ ਦੂਜੇ ਕੋਲ ਉਂਜ ਇਸ ਤਸਵੀਰ ਦਾ ਦੂਜਾ ਪਾਸਾ ਵੀ ਹੈ ‘ਪੰਜੇ ੳਂੁਗਲਾਂ ਇੱਕਸਾਰ ਨਹੀਂ ਹੁੰਦੀਆਂ’ ਦੇ ਮੁਹਾਵਰੇ ਅਨੁਸਾਰ ਸਾਰੇ ਹੀ ਨੂੰਹ-ਪੁੱਤ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਕੁਝ ਕੁ ਅਜਿਹੇ ਕੇਸ ਵੀ ਦੇਖਣ ਨੂੰ ਮਿਲਦੇ ਹਨ ਜਿੱਥੇ ਕੁਝ ਖਾਸ ਕਾਰਨਾਂ ਕਾਰਨ ਬਜ਼ੁਰਗ ਖੁਦ ਹੀ ਆਪਣਾ ਸਤਿਕਾਰ ਗੁਆ ਬੈਠਦੇ ਹਨ
ਜਿਵੇਂ ਬਜ਼ੁਰਗ ਨੂੰ ਪਹਿਲਾਂ ਕਿਸੇ ਖਾਸ ਨਸ਼ੇ ਦੀ ਲੱਤ ਹੋਣਾ ਅਤੇ ਪੁੱਤਰ ਉਸ ਨਸ਼ੇ ਤੋਂ ਦੂਰ ਰਹਿਣਾ ਚਾਹੁੰਦੇ ਹਨ ਜਾਂ ਕੁਝ ਕੇਸਾਂ ਵਿੱਚ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਬਜ਼ੁਰਗ ਜੋੜਾ ਖੁਦ ਹੀ ਅਲੱਗ ਰਹਿਣਾ ਚਾਹੁੰਦਾ ਹੋਵੇ, ਪਰ ਸਮਾਜਿਕ ਤੌਰ ’ਤੇ ਉਨ੍ਹਾਂ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਦੇ ਨੂੰਹ-ਪੁੱਤ ਰੱਖ ਨਹੀਂ ਰਹੇ
ਖੈਰ! ਕੁਝ ਵੀ ਹੋਵੇ ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹਨ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਹੋ ਸਕਦੀ ਕਿ ਜੇਕਰ ਅਸੀਂ ਬਜ਼ੁਰਗਾਂ ਦਾ ਉਪਯੋਗ ਵਿਕਾਸ ਪ੍ਰਕਿਰਿਆ, ਸ਼ਾਂਤੀਪੂਰਨ ਤੇ ਸਥਿਰ ਸਮਾਜ ਦੇ ਨਿਰਮਾਣ ਵਿੱਚ ਕਰੀਏ ਤਾਂ ਨਿਸ਼ਚਿਤ ਰੂਪ ਵਿੱਚ ਬਜ਼ੁਰਗਾਂ ਦੀਆਂ ਵਧਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਉਨ੍ਹਾਂ ਦੀ ਰਿਹਾਇਸ਼ ਵਿਵਸਥਾ ਯਕੀਨੀ ਬਣਾ ਕੇ ਜਿੱਥੇ ਉਨ੍ਹਾਂ ਦੀ ਮੱਦਦ ਕਰ ਸਕਦੇ ਹਾਂ, ਉੱਥੇ ਬਜ਼ੁਰਗ ਵਧਦੀ ਉਮਰ ਦੇ ਬਾਵਜ਼ੂਦ ਆਪਣੇ ਭਾਈਚਾਰੇ ਵਿੱਚ ਸਰਗਰਮ ਰਹਿ ਸਕਦੇ ਹਨ ਤਾਂ ਆਓ! ਇਸ ਬਜ਼ੁਰਗ ਦਿਵਸ ’ਤੇ ਉਨ੍ਹਾਂ ਦੇ ਸਤਿਕਾਰ ਦਾ ਪ੍ਰਣ ਲਈਏ ਜਿਨ੍ਹਾਂ ਸਾਨੂੰ ਇਹ ਦੁਨੀਆਂ ਦਿਖਾਈ ਹੈ
ਬਠਿੰਡਾ
ਹਰਮੀਤ ਸਿਵੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ