ਪ੍ਰਦਰਸ਼ਨਕਾਰੀਆਂ ਵੱਲੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੱਕ ਕਿਸਾਨ ਅੰਦੋਲੋਨ ਨੂੰ ਨਿਰੰਤਰ ਜਾਰੀ ਰੱਖਣ ਦਾ ਐਲਾਨ
ਬਰਨਾਲਾ (ਸੱਚ ਕਹੂੰ ਨਿਊਜ਼) | ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 32 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਭਾਰਤ ਬੰਦ ਦੀ ਕਾਲ ਦਾ ਅਸਰ ਜ਼ਿਲਾ ਬਰਨਾਲਾ ਅੰਦਰ ਮੁਕੰਮਲ ਰੂਪ ਵਿੱਚ ਦੇਖਣ ਨੂੰ ਮਿਲਿਆ। ਇਸ ਦੌਰਾਨ ਕੁੱਝ ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਦੁਆਰਾ ਸਰਕਾਰੀ ਦਫ਼ਤਰਾਂ ਨੂੰ ਵੀ ਧੱਕੇ ਨਾਲ ਵੀ ਬੰਦ ਕਰਵਾਇਆ ਗਿਆ। ਜਿਸ ਕਾਰਨ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਾਨਸਿੱਕ ਪੇ੍ਰਸ਼ਾਨੀ ਝੱਲਦਿਆਂ ਸਰਕਾਰੀ ਸਮੇਂ ਤੋਂ ਪਹਿਲਾਂ ਹੀ ਦਫ਼ਤਰਾਂ ਨੂੰੂ ਜਿੰਦਰੇ ਮਾਰਨੇ ਪਏ। ਸਮੁੱਚੇ ਧਰਨਿਆਂ ਵਿੱਚ ਪ੍ਰਦਰਸ਼ਨਕਾਰੀਆਂ ਦੁਆਰਾ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਜ਼ਿਲੇ ’ਚ ਵੱਖ ਵੱਖ ਧਰਨਿਆਂ ’ਤੇ ਕਿਸਾਨ ਆਗੂ ਬਾਬੂ ਸਿੰਘ ਖੁੱਡੀ, ਮਨਜੀਤ ਰਾਜ, ਮੋਹਣ ਸਿੰਘ ਰੂੜੇੇਕੇ, ਪਰਮਿੰਦਰ ਹੰਡਿਆਇਆ, ਸੁਖਵਿੰਦਰ ਸਿੰਘ ਮਾਨ, ਪਰਮਿੰਦਰ ਸਿੰਘ, ਖੁਸਵਿੰਦਰਪਾਲ ਤੇ ਬਲਵੀਰ ਸਿੰਘ ਆਦਿ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੇ ਭਾਰਤ ਬੰਦ ਦੀ ਕਾਲ ਨੂੰ ਭਰਪੂਰ ਸਮੱਰਥਨ ਮਿਲਿਆ ਹੈ ਕਿਉਂਕਿ ਕਿਸਾਨ, ਮਜ਼ਦੂਰ ਸਮੇਤ ਸੁਮੱਚੇ ਵਰਗਾਂ ਦੇ ਲੋਕ ਇਹ ਜਾਣ ਗਏ ਹਨ ਕਿ ਕੇਂਦਰੀ ਵਜ਼ਾਰਤ ਦੁਆਰਾ ਖੇਤੀ ਸੈਕਟਰ ’ਚ ਸੁਧਾਰ ਦੇ ਨਾਂਅ ’ਤੇ ਲਿਆਂਦੇ ਗਏ ਕਾਲੇ ਕਾਨੂੰਨ ਸਿਰਫ਼ ਕਿਸਾਨ ਜਾਂ ਮਜ਼ਦੂਰ ਵਿਰੋਧੀ ਹੀ ਨਹੀ ਬਲਕਿ ਸਮੁੱਚੀ ਲੋਕਾਈ ਲਈ ਘਾਤਕ ਹਨ।
ਜਿੰਨਾਂ ਨੂੰ ਰੱਦ ਕੀਤੇ ਜਾਣ ਤੱਕ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨ ਅੰਦੋਲਨ ਜਿਉਂ ਦੀ ਤਿਉਂ ਚੱਲਦਾ ਰਹੇਗਾ। ਇਸ ਮੌਕੇ ਸਮੂਹ ਧਰਨਾਕਾਰੀਆਂ ਦੁਆਰਾ ਖੇਤੀ ਕਾਨੂੰਨਾਂ ਤੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਰੋਹ ਭਰਪੂਰ ਨਾਅਰੇਬਾਜ਼ੀ ਕਰਕੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ। ਇਸੇ ਤਰਾਂ ਧਨੌਲਾ, ਸੰਘੇੜਾ, ਤਪਾ, ਮਹਿਲ ਕਲਾਂ ਤੇ ਭਦੌੜ ਵਿਖੇ ਵੀ ਕਿਸਾਨਾਂ ਨੇ ਸੜਕ ਮਾਰਗ ਜਾਮ ਕਰਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ।
ਸਥਾਨਕ ਸ਼ਹਿਰ ਦੇ ਧਨੌਲਾ ਰੋਡ ’ਤੇ ਸਥਿੱਤ ਪਾਵਰਕਾਮ ਦੀ ਸਬ ਡਿਵੀਜਨ ’ਚ ਭਾਰਤ ਬੰਦ ਦੇ ਸੱਦੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਕਾਰਕੁੰਨਾਂ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ। ਜਿਸ ਦੀ ਪੁਸ਼ਟੀ ਕਰਦਿਆਂ ਐਸਡੀਓ ਇੰਜੀਨੀਅਰ ਵਿਕਾਸ ਸਿੰਗਲਾ ਨੇ ਦੱਸਿਆ ਕਿ ਕੁੱਝ ਕਰਮਚਾਰੀ ਦਫ਼ਤਰ ਅੰਦਰ ਹੀ ਰੋਜਾਨਾਂ ਦੀ ਤਰਾਂ ਦਫ਼ਤਰ ਦਾ ਕੰਮਕਾਜ਼ ਨਿਪਟਾ ਰਹੇ ਸਨ ਤਾਂ ਇਸ ਦੌਰਾਨ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਕੁੱਝ ਕਾਰਕੁੰਨ ਮੋਟਰਸਾਇਕਲਾਂ ’ਤੇ ਆ ਧਮਕੇ ਤੇ ਦਫ਼ਤਰ ਦੇ ਮੇਨ ਗੇਟ ’ਤੇ ਧਰਨਾ ਲਗਾ ਕੇ ਬੈਠ ਗਏ। ਜਿੰਨਾਂ ਨਾਲ ਗੱਲਬਾਤ ਪਿੱਛੋਂ ਉਨਾਂ ਦਫ਼ਤਰ ਬੰਦ ਕਰ ਦਿੱਤਾ।
ਸੂਤਰਾਂ ਮੁਤਾਬਕ ਸੰਘੇੜਾ ਵਿਖੇ ਪਾਵਰਕਾਮ ਦੇ ਦਫ਼ਤਰ ਵਿੱਚ ਵੀ ਮਾਹੌਲ ਕੁੱਝ ਸਮੇਂ ਲਈ ਤਣਾਅਪੂਰਨ ਬਣ ਜਾਣ ਦੀ ਭਿਣਕ ਪਈ, ਜਿੱਥੇ ਪ੍ਰਦਰਸ਼ਨਕਾਰੀਆਂ ਵੱਲੋਂ ਦਫਤਰੀ ਕਰਮਚਾਰੀਆਂ ਨਾਲ ਗਾਲੀ-ਗਲੋਚ ਕੀਤੇ ਜਾਣ ਦੀ ਵੀ ਜਾਣਕਾਰੀ ਪ੍ਰਾਪਤ ਹੋਈ ਹੈ। ਪਾਵਰਕਾਮ ਦੇ ਅਧਿਕਾਰੀਆਂ ਕਿਹਾ ਕਿ ਉਨਾਂ ਨੇ ਲੋਕਾਂ ਦੀ ਸੁਵਿਧਾ ਲਈ ਦਫ਼ਤਰ ਖੋਲਿਆ ਸੀ ਪਰ ਦਫ਼ਤਰ ਜ਼ਬਰੀ ਬੰਦ ਕਰਵਾਉਣਾ ਸ਼ਰਾਸਰ ਧੱਕੇਸ਼ਾਹੀ ਹੈ।
28 ਦੀ ਕਾਨਫਰੰਸ ’ਚ ਸ਼ਮੂਲੀਅਤ ਦਾ ਦਿੱਤਾ ਸੱਦਾ
ਜ਼ਿਲੇ ਭਰ ਦੇ ਸਮੁੱਚੇ ਧਰਨਿਆਂ ’ਚ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ’ਤੇ ਚੱਲ ਕੇ ਹੀ ਕਿਸਾਨਾਂ/ ਮਜਦੂਰਾਂ ਦੀ ਪੁੱਗਤ ਤੇ ਖੁਸਹਾਲੀ ਦੇ ਰਾਹ ’ਚ ਅੱਗੇ ਵਧਿਆ ਜਾ ਸਕਦਾ ਹੈ ਅਤੇ ਜਾਤਾਂ, ਧਰਮਾਂ ਤੇ ਫਿਰਕਿਆਂ ਆਦਿ ਵੰਡੀਆਂ ਤੋਂ ਉੱਪਰ ਉੱਠ ਕੇ ਵਿਸਾਲ ਤੇ ਤਿੱਖੇ ਜਮਾਤੀ ਸੰਘਰਸਾਂ ਨੂੰ ਹੋਰ ਮਜਬੂਤ ਕਰਨਾ ਅਣਸਰਦੀ ਲੋੜ ਹੈ। ਜਿਸ ਦੇ ਲਈ 28 ਸਤੰਬਰ ਨੂੰੂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ ‘ਸਾਮਰਾਜ ਵਿਰੋਧੀ ਕਾਨਫਰੰਸ’ ’ਚ ਭਰਵੀਂ ਸ਼ਮੂਲੀਅਤ ਯਕੀਨੀ ਬਣਾ ਕੇ ਸਰਕਾਰਾਂ ਖਿਲਾਫ਼ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ