ਪੀਆਰਟੀਸੀ ਦੀਆਂ ਬੱਸਾਂ ’ਤੇ ਲੱਗੇ ਇਸ਼ਤਿਹਾਰ ਹਟਾਉਣ ਦੇ ਆਦੇਸ਼
ਪੀਆਰਟੀਸੀ ਦੀਆਂ ਸੈਂਕੜੇ ਬੱਸਾਂ ਕਰ ਰਹੀਆਂ ਸਨ ਅਮਰਿੰਦਰ ਦਾ ਪ੍ਰਚਾਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ । ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਦਾਰੀ ਖੁੱਸਣ ਤੋਂ ਬਾਅਦ ਵੱਖ-ਵੱਖ ਵਿਭਾਗਾਂ ’ਚ ਅਮਰਿੰਦਰ ਸਿੰਘ ਦੀ ਫੋਟੋ ਹੇਠ ਲੱਗੇ ਇਸ਼ਤਿਹਾਰਾਂ ਨੂੰ ਹਟਾਉਣ ਦੇ ਆਦੇਸ਼ ਦੇ ਦਿੱਤੇ ਗਏ ਹਨ। ਪੀਆਰਟੀਸੀ ਦੀਆਂ ਬੱਸਾਂ ਦੇ ਪਿੱਛੇ ਅਤੇ ਸਾਇਡਾਂ ’ਤੇ ਲੱਗੇ ਕੈਪਟਨ ਦੀ ਫੋਟੋ ਵਾਲੇ ਸਰਕਾਰ ਦੀਆਂ ਉਪਲੱਬਧੀਆਂ ਦਰਸਾਉਂਦੇ ਬੋਰਡਾਂ ਨੂੰ ਵੀ ਉਤਾਰਨ ਲਈ ਕਹਿ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਅੱਜ ਪੀਆਰਟੀਸੀ ਦੀਆਂ ਬੱਸਾਂ ਤੋਂ ਉਕਤ ਇਸ਼ਤਿਹਾਰਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੋਰ ਵਿਭਾਗਾਂ ਵਿੱਚ ਵੀ ਲੱਗੇ ਬੋਰਡ ਉਤਾਰੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਪੀਆਰਟੀਸੀ ਦੇ ਡਾਇਰੈਕਟਰ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਲਈ ਪੀਆਰਟੀਸੀ ਦੀਆਂ ਬੱਸਾਂ ਤੋਂ ਸਾਬਕਾ ਮੁੱਖ ਮੰਤਰੀ ਦੇ ਚਿਹਰੇ ਵਾਲੇ ਪ੍ਰਚਾਰ ਨੂੰ ਤੁਰੰਤ ਹਟਾਉਣ ਲਈ ਸਾਰੇ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਆਦੇਸ ਦਿੱਤੇ ਜਾਣ। ਇਸ ਪੱਤਰ ਤੋਂ ਬਾਅਦ ਪੀਆਰਟੀਸੀ ਵੱਲੋਂ ਆਪਣੀਆਂ ਬੱਸਾਂ ਤੋਂ ਅਮਰਿੰਦਰ ਸਿੰਘ ਦੇ ਇਸ਼ਤਿਹਾਰਾਂ ਨੂੰ ਹਟਾਉਣਾ ਸ਼ੁਰੁੂ ਕਰ ਦਿੱਤਾ ਹੈ। ਅੱਜ ਪਟਿਆਲਾ ਦੇ ਬੱਸ ਸਟੈਂਡ ਸਮੇਤ ਹੋਰਨਾਂ ਥਾਵਾਂ ਤੇ ਪੀਆਰਟੀਸੀ ਦੀਆਂ ਬੱਸਾਂ ਦੇ ਪਿੱਛੇ ਅਤੇ ਸਾਇਡਾਂ ’ਤੇ ਲੱਗੇ ਇਸ਼ਤਿਹਾਰਾਂ ਨੂੰ ਉਤਾਰਿਆ ਗਿਆ। ਪੀਆਰਟੀਸੀਆਂ ਦੇ ਬੇੜੇ ਅੰਦਰ 1100 ਦੇ ਕਰੀਬ ਬੱਸਾਂ ਹਨ, ਜਿਨ੍ਹਾਂ ’ਚ ਇੱਕ ਦੁੱਕਾ ਬੱਸਾਂ ਨੂੰ ਛੱਡ ਸਾਰੀਆਂ ਬੱਸਾਂ ਪਿੱਛੇ ਹੀ ਕੈਪਟਨ ਦੀ ਫੋਟੋ ਵਾਲੇ ਇਸ਼ਤਿਹਾਰ ਲੱਗੇ ਹੋਏ ਸਨ। ਇਸ ਦੇ ਨਾਲ ਹੀ ਪਟਿਆਲਾ ਸ਼ਹਿਰ ’ਚ ਵੱਖ-ਵੱਖ ਥਾਂਵਾਂ ’ਤੇ ਲੱਗੇ ਹੋਰ ਬੋਰਡਾਂ ਨੂੰ ਵੀ ਲੋਕ ਸੰਪਰਕ ਵਿਭਾਗ ਵੱਲੋਂ ਉਤਰਵਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਦਾ ਸ਼ਹਿਰ ਹੋਣ ਕਾਰਨ ਪਟਿਆਲਾ ਅੰਦਰ ਸਭ ਤੋਂ ਵੱਧ ਅਮਰਿੰਦਰ ਦੇ ਫਲੈਕਸ, ਬੋਰਡ ਆਦਿ ਲੱਗੇ ਹੋਏ ਸਨ। ਪੀਆਰਟੀਸੀ ਦੇ ਚੇਅਰਮੈਨ ਵਜੋਂ ਅਮਰਿੰਦਰ ਸਿੰਘ ਦੇ ਨੇੜਲੇ ਕੇ.ਕੇ. ਸ਼ਰਮਾ ਤੈਨਾਤ ਹਨ। ਉਂਜ ਪਟਿਆਲਾ ਦੇ ਕਾਂਗਰਸੀਆਂ ਨੂੰ ਮੋਤੀ ਮਹਿਲ ਦੀ ਸਰਦਾਰੀ ਖੁੱਸਣ ਤੋਂ ਬਾਅਦ ਆਪਣੇ ਆਪ ਨੂੰ ਘੁੱਟਣ ਮਹਿਸੂਸ ਹੋਣ ਲੱਗੀ ਹੈ, ਕਿਉਂਕਿ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੋਣ ਮੌਕੇ ਪ੍ਰਸ਼ਾਸਨ ’ਤੇ ਆਪਣਾ ਗਲਬਾ ਬਣਾਇਆ ਹੋਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ