ਜਲਾਲਪੁਰ, ਅਮਰਿੰਦਰ ਦੇ ਮੁੱਖ ਮੰਤਰੀ ਹੁੰਦਿਆਂ ਸਭ ਤੋਂ ਪਹਿਲਾਂ ਡਟੇ ਸਨ ਸਿੱਧੂ ਧੜੇ ਨਾਲ
- ਚਰਨਜੀਤ ਸਿੰਘ ਚੰਨੀ ਨੇ ਜਲਾਲਪੁਰ ਨੂੰ ਦੱਸਿਆ ਸੀ ਆਮ ਲੋਕਾਂ ਦਾ ਆਗੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ’ਚੋਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ’ਚ ਹਲਕਾ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਮੰਤਰੀ ਬਣਨ ਦੇ ਚਰਚੇ ਹਨ। ਜਲਾਲਪੁਰ ਹੀ ਜ਼ਿਲ੍ਹੇ ਦੇ ਇਕੱਲੇ ਉਹ ਵਿਧਾਇਕ ਹਨ, ਜੋ ਮੁੱਖ ਮੰਤਰੀ ਹੁੰਦਿਆਂ ਅਮਰਿੰਦਰ ਸਿੰਘ ਦੀ ਪਰਵਾਹ ਨਾ ਕਰਦਿਆਂ ਸਭ ਤੋਂ ਪਹਿਲਾਂ ਸਿੱਧੂ ਖੇਮੇ ਦੇ ਹੱਕ ਵਿੱਚ ਡਟੇ ਸਨ। ਜਲਾਲਪੁਰ ਦੇ ਸਮਰੱਥਕਾਂ ਨੇ ਵੀ ਜਲਾਲਪੁਰ ਦੇ ਮੰਤਰੀ ਬਣਨ ਨੂੰ ਲੈ ਕੇ ਪੂਰੀਆਂ ਆਸਾਂ ਲਗਾਈਆਂ ਹੋਈਆਂ ਹਨ।
ਮਦਨ ਲਾਲ ਜਲਾਲਪੁਰ ਹਲਕਾ ਘਨੌਰ ਤੋਂ ਤੀਜੀ ਵਾਰ ਵਿਧਾਇਕ ਚੁਣੇ ਹਨ
ਜਾਣਕਾਰੀ ਅਨੁਸਾਰ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉੱਪ ਮੁੱਖ ਮੰਤਰੀਆਂ ਓਪੀ ਸੋਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਸਹੁੰ ਚੁੱਕਣ ਤੋਂ ਬਾਅਦ ਹੁਣ ਨਵੀਂ ਕੈਬਨਿਟ ਸਬੰਧੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਇਸ ਕੈਬਨਿਟ ਵਿੱਚ ਸਿੱਧੂ ਧੜੇ ਨਾਲ ਖੜ੍ਹਨ ਵਾਲੇ ਵਿਧਾਇਕਾਂ ਦੇ ਹੀ ਕੈਬਨਿਟ ਵਿੱਚ ਭਾਰੂ ਰਹਿਣ ਦੀਆਂ ਕਿਆਸਅਰਾਈਆਂ ਹਨ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜ਼ਿਲ੍ਹੇ ’ਚੋਂ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਮੰਤਰੀ ਬਣਨ ਵਿੱਚ ਅੱਗੇ ਨਾਮ ਆ ਰਿਹਾ ਹੈ ਅਤੇ ਲਿਸਟ ਵਿੱਚ ਵੀ ਜਲਾਲਪੁਰ ਦਾ ਨਾਮ ਸ਼ਾਮਲ ਦੱਸਿਆ ਜਾ ਰਿਹਾ ਹੈ। ਮਦਨ ਲਾਲ ਜਲਾਲਪੁਰ ਹਲਕਾ ਘਨੌਰ ਤੋਂ ਤੀਜੀ ਵਾਰ ਵਿਧਾਇਕ ਚੁਣੇ ਹੋਏ ਹਨ।
ਦੱਸਣਯੋਗ ਹੈ ਕਿ ਮਦਨ ਜਲਾਲਪੁਰ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਜ਼ਿਲ੍ਹੇ ਅੰਦਰੋਂ ਸਭ ਤੋਂ ਪਹਿਲਾ ਹਾਅ ਦਾ ਨਾਅਰਾ ਮਾਰਿਆ ਗਿਆ ਸੀ ਅਤੇ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀ ਵਕਾਲਤ ਕੀਤੀ ਸੀ। ਉਨ੍ਹਾਂ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਹੁਣ ਸਿੱਧੂ ਹੀ ਲੋਕਾਂ ਵਿੱਚ ਚਰਚਿਤ ਚਿਹਰਾ ਹਨ। ਇਸ ਦੇ ਨਾਲ ਹੀ ਉਸ ਸਮੇਂ ਜਲਾਲਪੁਰ ਦੇ ਘਰ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਆਦਿ ਵੱਲੋਂ ਫੇਰਾ ਪਾਇਆ ਗਿਆ ਸੀ।
ਇਸ ਦੌਰਾਨ ਚਰਨਜੀਤ ਸਿੰਘ ਚੰਨੀ ਵੱਲੋਂ ਮਦਨ ਜਲਾਲਪੁਰ ਨੂੰ ਨਿਧੜਕ, ਇਮਾਨਦਾਰ ਅਤੇ ਆਮ ਪਰਿਵਾਰ ’ਚੋਂ ਉਠਿਆ ਲੋਕਾਂ ਦਾ ਆਗੂ ਗਰਦਾਨਿਆ ਗਿਆ ਸੀ। ਚੰਨੀ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਜਲਾਲਪੁਰ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਾਰੇ ਉਨ੍ਹਾਂ ਨਾਲ ਖੜਨਗੇ। ਇਸ ਸਾਰੇ ਘਟਨਾਕ੍ਰਮ ਨੂੰ ਦੇਖਦਿਆਂ ਮਦਨ ਲਾਲ ਜਲਾਲਪੁਰ ਦਾ ਮੰਤਰੀ ਬਣਨ ’ਚ ਹੱਥ ਉੱਪਰ ਲੱਗ ਰਿਹਾ ਹੈ। ਇਸ ਸਬੰਧੀ ਜਦੋਂ ਮਦਨ ਲਾਲ ਜਲਾਲਪੁਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਚੰਡੀਗੜ੍ਹ ਹਨ। ਜਦੋਂ ਉਨ੍ਹਾਂ ਨੂੰ ਮੰਤਰੀ ਬਣਨ ਦੇ ਚਰਚੇ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਹਾਈਕਮਾਂਡ ਹੀ ਤਹਿ ਕਰੇਗੀ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ਸਿਪਾਹੀ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ