ਕਾਂਗਰਸੀਆਂ ਨੇ ‘ਕੈਪਟਨ ਇੱਕ ਹੀ ਹੁੰਦਾ ਹੈ’ ਦੇ ਬੋਰਡ ਲਾਏ ਸਨ ਜਿੱਦ-ਜਿੱਦ ਕੇ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਹੀ ਸ਼ਹਿਰ ’ਚ ਬੇਗਾਨੇ ਹੋ ਗਏ ਹਨ। ਜਿਸ ਸ਼ਹਿਰ ਦੀ ਹਰ ਸੜਕ, ਗਲੀ ਤੇ ਚੌਂਕ ਉਪਰ ਮੁੱਖ ਮੰਤਰੀ ਹੁੰਦਿਆਂ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਵਾਲੇ ਵੱਡੇ-ਵੱਡੇ ਬੋਰਡ, ਫਲੈਕਸ ਆਦਿ ਲੱਗੇ ਹੋਏ ਸਨ, ਹੁਣ ਉਨ੍ਹਾਂ ਦੀਆਂ ਤਸਵੀਰਾਂ ਵਾਲੇ ਬੋਰਡ ਗਾਇਬ ਹੋ ਗਏ ਹਨ। ਸ਼ਹਿਰ ਅੰਦਰ ਹੁਣ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੋਰਡ ਲੱਗਣੇ ਸ਼ੁਰੂ ਹੋ ਗਏ ਹਨ। ਪਤਾ ਲੱਗਾ ਹੈ ਕਿ ਕਈ ਵਿਧਾਇਕਾਂ ਵੱਲੋਂ ਵੀ ਅਮਰਿੰਦਰ ਸਿੰਘ ਨਾਲ ਲੱਗੇ ਆਪਣੀਆਂ ਫੋਟੋਆਂ ਵਾਲੇ ਬੋਰਡ ਹਟਾ ਲਏ ਗਏ ਹਨ।
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਮੁੱਖ ਮੰਤਰੀ ਹੁੰਦਿਆਂ ਅਮਰਿੰਦਰ ਸਿੰਘ ਦੀਆਂ ਫੋਟੋਆਂ ਵਾਲੇ ਬੋਰਡਾਂ ਨਾਲ ਭਰਿਆ ਹੋਇਆ ਸੀ। ਇੱਥੋਂ ਤੱਕ ਕਿ ਨਿਗਮ ਦੇ ਵੱਡੇ-ਵੱਡੇ ਯੂਨੀਪੋਲਾਂ ’ਤੇ ਅਮਰਿੰਦਰ ਸਰਕਾਰ ’ਚ ਕੀਤੇ ਕੰਮਾਂ ਨੂੰ ਦਰਸਾਕੇ ਬੋਰਡ ਲਾਏ ਹੋਏ ਸਨ। ਇਸ ਤੋਂ ਇਲਾਵਾ ‘ਕੈਪਟਨ ਇੱਕ ਹੀ ਹੁੰਦਾ ਹੈ’ ਦੇ ਬੋਰਡ ਸ਼ਹਿਰ ’ਚ ਕਾਂਗਰਸੀਆਂ ਵੱਲੋਂ ਜਿਦ-ਜਿਦ ਕੇ ਲਾਏ ਹੋਏ ਸਨ। ਅਮਰਿੰਦਰ ਸਿੰਘ ਦੇ ਸਿਰੋਂ ਮੁੱਖ ਮੰਤਰੀ ਵਾਲਾ ਤਾਜ ਲੱਥਣ ਤੋਂ ਬਾਅਦ ਉਹ ਆਪਣੇ ਸ਼ਹਿਰ ’ਚੋਂ ਵੀ ਬੇਗਾਨੇ ਹੋ ਗਏ ਹਨ। ਉਨ੍ਹਾਂ ਦੇ ਵੱਖ-ਵੱਖ ਥਾਵਾਂ ’ਤੇ ਲੱਗੇ ਦਰਜ਼ਨਾਂ ਬੈਨਰ, ਬੋਰਡ ਆਦਿ ਲੱਥ ਚੁੱਕੇ ਹਨ। ਅੱਜ ਜਦੋਂ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਅਮਰਿੰਦਰ ਸਿੰਘ ਦੇ ਲੱਗੇ ਵੱਡੇ-ਵੱਡੇ ਬੋਰਡ ਗਾਇਬ ਸਨ।
ਉਨ੍ਹਾਂ ਬੋਰਡਾਂ ਦੀ ਥਾਂ ’ਤੇ ਜਾਂ ਤਾਂ ਹੋਰ ਫਲੈਕਸਾਂ ਲਾ ਦਿੱਤੀਆਂ ਹਨ ਜਾਂ ਫਿਰ ਅਜੇ ਖਾਲੀ ਛੱਡੇ ਹੋਏ ਹਨ। ਪਟਿਆਲਾ ਅਮਰਿੰਦਰ ਸਿੰਘ ਦਾ ਗੜ੍ਹ ਹੋਣ ਕਾਰਨ ਇੱਥੋਂ ਦੇ ਕਾਂਗਰਸੀਆਂ ਨੂੰ ਵੱਡਾ ਧੱਕਾ ਲੱਗਾ ਹੈ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਹੀ ਇਕੱਲਾ ਜੱਦੀ ਸ਼ਹਿਰ ਜਾਂ ਜ਼ਿਲ੍ਹਾ ਹੈ, ਜਿੱਥੋਂ ਸਭ ਤੋਂ ਵੱਧ ਕਾਂਗਰਸੀਆਂ ਨੂੰ ਵੱਖ-ਵੱਖ ਅਹੁਦਿਆਂ ’ਤੇ ਨਿਵਾਜ਼ਿਆ ਹੋਇਆ ਹੈ। ਪਤਾ ਲੱਗਾ ਹੈ ਕਿ ਜ਼ਿਲ੍ਹੇ ਅੰਦਰ ਜਿਹੜੇ ਵਿਧਾਇਕਾਂ ਵੱਲੋਂ ਆਪਣੀਆਂ ਫੋਟੋਆਂ ਲਾਕੇ ਅਮਰਿੰਦਰ ਸਿੰਘ ਦੇ ਬੋਰਡ ਲਗਾਏ ਗਏ ਸਨ, ਉਨ੍ਹਾਂ ਵੱਲੋਂ ਹਟਾ ਲਏ ਗਏ ਹਨ। ਇੱਕ ਕਾਂਗਰਸੀ ਆਗੂ ਦਾ ਕਹਿਣਾ ਸੀ ਕਿ ਜਦੋਂ ਅਮਰਿੰਦਰ ਸਿੰਘ ਵੱਲੋਂ ਖੁਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਤਾਂ ਫਿਰ ਮੁੱਖ ਮੰਤਰੀ ਵਾਲੇ ਬੋਰਡ ਹਟਾਉਣੇ ਹੀ ਸਨ।
ਨਵੇਂ ਮੁੱਖ ਚਰਨਜੀਤ ਚੰਨੀ ਦੇ ਬੋਰਡ ਲੱਗਣੇ ਸ਼ੁਰੂ
ਇੱਧਰ ਅਮਰਿੰਦਰ ਸਿੰਘ ਦੇ ਸ਼ਹਿਰ ’ਚ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੋਰਡ ਲੱਗਣੇ ਸ਼ੁਰੂ ਹੋ ਗਏ ਹਨ। ਅਮਰਿੰਦਰ ਸਿੰਘ ਵਿਰੋਧੀ ਅਤੇ ਨਜਵੋਤ ਸਿੰਘ ਸਿੱਧੂ ਦੇ ਸਮਰੱਥਕਾਂ ਵੱਲੋਂ ਫੁਹਾਰਾ ਚੌਂਕ ਸਮੇਤ ਹੋਰ ਥਾਵਾਂ ’ਤੇ ਬੋਰਡ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਉਂਜ ਸ਼ਹਿਰ ਅੰਦਰ ਲਗਭਗ ਸਾਰੇ ਕਾਂਗਰਸੀ ਮੋਤੀ ਮਹਿਲ ਨਾਲ ਹੀ ਜੁੜੇ ਹੋਏ ਹਨ, ਇਸ ਲਈ ਨਵੇਂ ਮੁੱਖ ਮੰਤਰੀ ਦੇ ਬੋਰਡ ਅਮਰਿੰਦਰ ਸਿੰਘ ਦੀ ਤਰ੍ਹਾਂ ਘੱਟ ਹੀ ਲੱਗਣ ਦੀਆਂ ਕਿਆਸਅਰਾਈਆਂ ਹਨ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦਲਿਤ ਭਾਈਚਾਰੇ ’ਚ ਖੁਸ਼ੀ ਦੀ ਲਹਿਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ