ਸ਼ੁਤਰਾਣਾ ’ਚ ਗੁਟਕਾ ਸਾਹਿਬ ਦੀ ਬੇਅਦਬੀ, ਗ੍ਰੰਥੀ, ਉਸ ਦੇ ਪੁੱਤਰਾਂ ਤੇ ਤਾਂਤਰਿਕ ਖਿਲਾਫ਼ ਮਾਮਲਾ ਦਰਜ
ਮਨੋਜ ਕੁਮਾਰ, ਬਾਦਸ਼ਾਹਪੁਰ । ਸਬ ਡਵੀਜਨ ਪਾਤੜਾਂ ਅਧੀਨ ਆਉਂਦੇ ਪਿੰਡ ਸ਼ੁਤਰਾਣਾ ਦੇ ਡੇਰਾ ਗੋਬਿੰਦਪੁਰਾ ਵਿਖੇ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ।ਘਟਨਾ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਪਾਤੜਾਂ ਬੂਟਾ ਸਿੰਘ ਗਿੱਲ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਪੜਤਾਲ ਆਰੰਭ ਦਿੱਤੀ ਹੈ। ਇਸ ਦੌਰਾਨ ਐੱਸਪੀ ਪਟਿਆਲਾ ਕੇਸਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਮੁਆਇਨਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮਲ ਸਿੰਘ ਹਰਿਆਊ ਨੇ ਮੌਕੇ ’ਤੇ ਪਹੁੰਚ ਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਤੋਂ ਤੱਥ ਇਕੱਤਰ ਕਰਨ ਮਗਰੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਪੜਤਾਲ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ, ਉਸ ਦੇ ਦੋ ਪੁੱਤਰਾਂ ਅਤੇ ਇੱਕ ਤਾਂਤਰਿਕ ਸਮੇਤ ਦੋ ਹੋਰ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਡੀਐਸਪੀ ਪਾਤੜਾਂ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਗੋਬਿੰਦਪੁਰਾ ਸ਼ੁਤਰਾਣਾ ਦੇ ਵਸਨੀਕ ਗ੍ਰੰਥੀ ਅਮਰੀਕ ਸਿੰਘ ਜੋ ਕਿ ਨਾਲ ਦੇ ਪਿੰਡ ਜੈਖਰ ਦੇ ਗੁਰਦੁਆਰਾ ਸਾਹਿਬ ਵਿੱਚ ਬਤੌਰ ਹੈੱਡ ਗ੍ਰੰਥੀ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ ਦੇ ਪਰਿਵਾਰ ਵੱਲੋਂ ਕੁਝ ਦਿਨ ਪਹਿਲਾਂ ਆਪਣੇ ਘਰ ਵਿੱਚ ਬੁਲਾਏ ਗਏ ਤਾਂਤਰਿਕ ਰਾਹੀਂ ਪਾਖੰਡਵਾਦ ਕਰਨ ਉਪਰੰਤ ਘਰ ਅੰਦਰ ਸ਼ੁਸੋਭਿਤ ਗੁਟਕਾ ਸਾਹਿਬ ਨੂੰ ਘਰ ਤੋਂ ਬਾਹਰ ਗੰਦੇ ਪਾਣੀ ਦੀ ਨਾਲੀ ਵਿੱਚ ਸੁਟਵਾ ਦਿੱਤਾ ਗਿਆ। ਘਟਨਾ ਦਾ ਪਤਾ ਲੱਗਣ ’ਤੇ ਪਿੰਡ ਦੇ ਹੀ 12 ਸਾਲਾਂ ਦੇ ਬੱਚੇ ਅਕਾਸ਼ਦੀਪ ਸਿੰਘ ਨੇ ਗੁਟਕਾ ਸਾਹਿਬ ਨੂੰ ਆਦਰ ਸਾਹਿਤ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗੁਰਧਿਆਨ ਸਿੰਘ ਨੂੰ ਸੌਂਪਿਆ ਤਾਂ ਗ੍ਰੰਥੀ ਵੱਲੋਂ ਗੁਟਕਾ ਸਾਹਿਬ ਦੀ ਦੁਬਾਰਾ ਬੇਅਦਬੀ ਕਰਦਿਆਂ ਸਾਂਭ-ਸੰਭਾਲ ਤੋਂ ਇਨਕਾਰ ਕਰਦੇ ਹੋਏ ਉਸੇ ਬੱਚੇ ਰਾਹੀਂ ਵਾਪਸ ਗੁਟਕਾ ਸਾਹਿਬ ਨੂੰ ਵਾਪਸ ਅਮਰੀਕ ਸਿੰਘ ਦੇ ਘਰ ਭੇਜ ਦਿੱਤਾ।
ਘਟਨਾ ਦਾ ਪਤਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਲੱਗਣ ’ਤੇ ਉਹਨਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਮਗਰੋਂ ਮੁੱਢਲੀ ਪੜਤਾਲ ਉਪਰੰਤ ਪੁਲਿਸ ਨੇ ਗ੍ਰੰਥੀ ਅਮਰੀਕ ਸਿੰਘ, ਉਸਦੇ ਦੋ ਪੁੱਤਰਾਂ ਚਰਨਜੀਤ ਸਿੰਘ ਅਤੇ ਸਤਨਾਮ ਸਿੰਘ, ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਧਿਆਨ ਸਿੰਘ ਵਾਸੀ ਕਕਰਾਲਾ ਭਾਈਕਾ, ਗ੍ਰੰਥੀ ਅਮਰੀਕ ਸਿੰਘ ਦੇ ਲੜਕੇ ਦੇ ਸਾਂਢੂ ਦਿਲਬਾਗ ਸਿੰਘ ਪੁੱਤਰ ਮੰਗਾ ਸਿੰਘ ਵਾਸੀ ਸ਼ਾਹਪੁਰ ਥਾਣਾ ਕੁਰਾਲੀ ਜ਼ਿਲ੍ਹਾ ਰੋਪੜ ਅਤੇ ਤਾਂਤਰਿਕ ਨੂਰ ਮੁਹੰਮਦ ਹਸਬ ਵਾਸੀ ਚੰਡੀਗੜ੍ਹ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਜਾਰੀ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ