2012 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ‘ਚ ਹੋਏ ਸਨ ਸ਼ਾਮਲ
ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ 2015 ਵਿੱਚ ਬਣੇ ਸਨ ਵਿਰੋਧੀ ਧਿਰ ਦੇ ਲੀਡਰ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਵੱਡੇ ਵੱਡੇ ਟਕਸਾਲੀ ਕਾਂਗਰਸੀਆਂ ਨੂੰ ਪਛਾੜਦੇ ਹੋਏ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹਨ ਪਰ ਉਨਾਂ ਦੇ ਮੁੱਖ ਮੰਤਰੀ ਬਨਣ ’ਤੇ ਟਕਸਾਲੀ ਕਾਂਗਰਸੀਆਂ ਵਲੋਂ ਅੰਦਰਖਾਤੇ ਵਿਰੋਧਤਾ ਵੀ ਸ਼ੁਰੂ ਕਰ ਦਿੱਤੀ ਗਈ ਹੈ। ਚਰਨਜੀਤ ਸਿੰਘ ਕਾਂਗਰਸੀ ਪਰਿਵਾਰ ਤੋਂ ਹੀ ਨਹੀਂ ਆਉਂਦੇ ਹਨ। 2007 ਵਿੱਚ ਪਹਿਲੀਵਾਰ ਵਿਧਾਨ ਸਭਾ ਵਿੱਚ ਪੁੱਜਣ ਵਾਲੇ ਚਰਨਜੀਤ ਸਿੰਘ ਚੰਨੀ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦੇ ਹੋਏ ਜਿੱਤ ਹਾਸਲ ਕੀਤੀ ਸੀ ਅਤੇ ਵਿਧਾਨ ਸਭਾ ਵਿੱਚ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਉਨਾਂ ਦੀ ਸਾਂਝ ਮੰਨੀ ਜਾ ਰਹੀ ਸੀ ਤਾਂ ਬਾਅਦ ਵਿੱਚ ਉਨਾਂ ਦੇ ਰਿਸ਼ਤੇ ਕਾਂਗਰਸ ਪਾਰਟੀ ਨਾਲ ਚੰਗੇ ਹੋ ਗਏ ਸਨ। ਜਿਸ ਕਾਰਨ ਹੀ 2012 ਦੀਆਂ ਚੋਣਾਂ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੂੰ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਉਂਦੇ ਹੋਏ 2012 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਟਿਕਟ ਦਿਵਾਈ ਸੀ।
ਚਰਨਜੀਤ ਸਿੰਘ ਚੰਨੀ 2011 ਵਿੱਚ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਹੁਣ ਉਨਾਂ ਨੂੰ ਮੁਸ਼ਕਿਲ ਨਾਲ ਹੀ ਇੱਕ ਦਹਾਕਾ ਹੋਇਆ ਹੈ। ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ 2015 ਵਿੱਚ ਸੁਨੀਲ ਜਾਖੜ ਦੀ ਕੁਰਸੀ ’ਤੇ ਕਬਜ਼ਾ ਕਰਦੇ ਹੋਏ ਵਿਰੋਧੀ ਧਿਰ ਦੇ ਆਗੂ ਬਣੇ ਸਨ। ਇਸ ਦੌਰਾਨ ਉਨਾਂ ਦੀ ਸੱਤਾਧਿਰ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਬਾਦਲ ਨਾਲ ਤਕਰਾਰ ਵੀ ਹੁੰਦੀ ਰਹੀ ਸੀ।
ਮੁੱਖ ਮੰਤਰੀ ਦੀ ਰੇਸ ਵਿੱਚ ਸੁਖਜਿੰਦਰ ਰੰਧਾਵਾ ਅਤੇ ਸੁਨੀਲ ਜਾਖੜ ਜਿਹੇ ਉਹ ਦਿੱਗਜ਼ ਲੀਡਰ ਸਨ, ਜਿਹੜੇ ਕਿ ਜਨਮ ਤੋਂ ਹੀ ਕਾਂਗਰਸੀ ਹਨ ਅਤੇ ਉਨਾਂ ਨੂੰ 4 ਤੋਂ 5 ਦਹਾਕੇ ਕਾਂਗਰਸ ਪਾਰਟੀ ਵਿੱਚ ਕੰਮ ਕਰਦੇ ਹੋਏ ਗੁਜ਼ਰ ਗਏ ਹਨ ਤਾਂ ਉਨਾਂ ਦੇ ਬਜ਼ੁਰਗਾ ਨੇ ਵੀ ਕਾਂਗਰਸ ਪਾਰਟੀ ਲਈ ਲੰਬਾ ਸਮਾਂ ਕੰਮ ਕੀਤਾ ਹੈ। ਇਨਾਂ ਦੋਹੇ ਕਾਂਗਰਸੀਆਂ ਤੋਂ ਇਲਾਵਾ ਪਾਰਟੀ ਵਿੱਚ ਟਕਸਾਲੀ ਕਾਂਗਰਸੀਆਂ ਦੀ ਲਿਸਟ ਬਹੁਤ ਜਿਆਦਾ ਲੰਬੀ ਹੈ ਪਰ ਸਾਰੇ ਟਕਸਾਲੀ ਕਾਂਗਰਸੀਆ ਨੂੰ ਪਛਾੜਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਚਰਨਜੀਤ ਸਿੰਘ ਦਾ ਨਾਅ ਸੁਣ ਕੇ ਖ਼ੁਦ ਟਕਸਾਲੀ ਕਾਂਗਰਸੀ ਹੀ ਹੈਰਾਨ ਹਨ ਕਿ ਉਨਾਂ ਨੂੰ ਕਿਵੇਂ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ। ਇਸੇ ਕਰਕੇ ਕਿਥੇ ਨਾ ਕਿਥੇ ਪਾਰਟੀ ਵਿੱਚ ਵਿਰੋਧ ਵੀ ਸ਼ੁਰੂ ਹੋ ਗਿਆ ਹੈ।
ਕਾਫ਼ੀ ਜਿਆਦਾ ਵਿਵਾਦਾਂ ਨਾਲ ਵੀ ਰਿਹਾ ਐ ਸਰੋਕਾਰ
ਚਰਨਜੀਤ ਸਿੰਘ ਚੰਨੀ ਦਾ ਵਿਵਾਦਾਂ ਨਾਲ ਕਾਫ਼ੀ ਜਿਆਦਾ ਸਰੋਕਾਰ ਰਿਹਾ ਹੈ। ਚਰਨਜੀਤ ਸਿੰਘ ‘ਤੇ ਇੱਕ ਮਹਿਲਾ ਅਧਿਕਾਰੀ ਨੇ ਗੰਭੀਰ ਦੋਸ਼ ਲਗਾਏ ਸਨ। ਜਿਸ ਤੋਂ ਬਾਅਦ ਉਨਾਂ ਨੂੰ ਕੈਬਨਿਟ ਮੰਤਰੀ ਦੀ ਕੁਰਸੀ ਤੋਂ ਹੀ ਹਟਾਉਣ ਸਬੰਧੀ ਮੰਗ ਕੀਤੀ ਜਾਣ ਲਗ ਪਈ ਸੀ ਪਰ ਅਮਰਿੰਦਰ ਸਿੰਘ ਵਲੋਂ ਸਟੈਂਡ ਲਏ ਜਾਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਰਾਹਤ ਮਿਲੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ