ਪੰਚਾਇਤੀ ਜ਼ਮੀਨ ਦੇ ਮਾਮਲੇ ’ਚ ਚੱਲੀ ਦੋ ਧਿਰਾਂ ’ਚ ਗੋਲੀ, ਇੱਕ ਦੀ ਮੌਤ, ਇੱਕ ਜ਼ਖਮੀ
ਪੁਲਿਸ ਵੱਲੋਂ ਦੋਵਾਂ ਧਿਰਾਂ ਖਿਲਾਫ਼ ਮਾਮਲਾ ਦਰਜ
ਸਤਪਾਲ ਥਿੰਦ, ਫਿਰੋਜ਼ਪੁਰ । ਥਾਣਾ ਆਰਿਫ ਕੇ ਅਧੀਨ ਪੈਂਦੇ ਪਿੰਡ ਸੱਦੂ ਸ਼ਾਹ ਵਾਲਾ ’ਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਦੋ ਧਿਰਾਂ ’ਚ ਚੱਲੀ ਗੋਲੀ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਗੋਲੀ ਲੱਗਣ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ। ਇਸ ਮਾਮਲੇ ਥਾਣਾ ਆਰਿਫ ਕੇ ਪੁਲਿਸ ਵੱਲੋਂ ਦੋਵਾਂ ਧਿਰਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿ੍ਰਤਕ ਵਿਅਕਤੀ ਦੀ ਪਤਨੀ ਨਿੰਦਰ ਕੌਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ 5 ਏਕੜ ਪੰਚਾਇਤੀ ਜ਼ਮੀਨ ਜੋ ਉਨ੍ਹਾਂ ਵੱਲੋਂ ਯੋਗ ਅਦਾਇਗੀ ਕਰਕੇ ਠੇਕੇ ’ਤੇ ਲਈ ਸੀ ਤਾਂ ਵਿਰਸਾ ਸਿੰਘ ਨੇ ਉਨ੍ਹਾਂ ਨੂੰ ਫੋਨ ਕਰਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਕਿ ਮੰਡੀ ’ਚ ਆ ਜਾਓ ਤੇ ਮਾਮਲਾ ਨਬੇੜ ਲੈਂਦੇ ਹਾਂ।
ਮੁਦੱਈਆ ਨਿੰਦਰ ਕੌਰ ਆਪਣੇ ਪਤੀ ਸ਼ਮਸੇਰ ਸਿੰਘ, ਦਿਉਰ ਤੇ ਪੁੱਤਰ ਨੂੰ ਲੈ ਕੇ ਗਈ ਤਾਂ ਮੈਬਰ ਪੰਚਾਇਤ ਵਿਰਸਾ ਸਿੰਘ ਹੋਰਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਇਸ ਦੌਰਾਨ ਉਸ ਦੇ ਪਤੀ ਸ਼ਮਸ਼ੇਰ ਸਿੰਘ ਦੇ ਇੱਕ ਫਾਇਰ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਦਕਿ ਦੂਜੀ ਧਿਰ ਵਿਰਸਾ ਸਿੰਘ ਦੇ ਪੁੱਤਰ ਸੰਦੀਪ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਨ੍ਹਾਂ ਦਾ ਪੰਚਾਇਤੀ ਜ਼ਮੀਨ ਦਾ ਝਗੜਾ ਚੱਲਦਾ ਸੀ, ਜਦ ਉਹ ਆਪਣੀ ਜ਼ਮੀਨ ਵਿਚ ਲੱਗੇ ਝੋਨੇ ਨੂੰ ਗੇੜਾ ਮਾਰਨ ਗਿਆ ਸੀ ਤਾਂ ਰਸਤੇ ਵਿਚ ਨਿੰਦਰ ਸਿੰਘ ਧਿਰ ਵੱਲੋਂ ਘੇਰ ਕੇ ਉਹਨਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਸ ਦੌਰਾਨ ਭੁਪਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਨੇ ਆਪਣੇ ਪਿਸਤੌਲ ਦਾ ਫਾਇਰ ਉਸ ’ਤੇ ਮਾਰ ਦੇਣ ਦੀ ਨਿਯਤ ਨਾਲ ਕੀਤਾ ਜੋ ਉਸ ਦੀ ਸੱਜੀ ਲੱਤ ਦੇ ਗੋਡੇ ’ਤੇ ਲੱਗਾ। ਇਸ ਮਾਮਲੇ ਸਬੰਧੀ ਇਸੰਪੈਕਟਰ ਗੁਰਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਦੋਵਾਂ ਧਿਰਾਂ ਦੇ ਬਿਆਨਾਂ ਦੇ ਅਧਾਰ ’ਤੇ ਦੋ ਵੱਖ-ਵੱਖ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ