ਪਾਰਟੀ ਦੇ ਸੂਬਾ ਪ੍ਰਧਾਨ ਮੋਹਾਲੀ ਨੇ ਸਟੇਟ ਅਵਾਰਡੀ ਤੇ ਟਰਾਂਸਪੋਟਰ ਭੋਲਾ ਸਿੰਘ ਵਿਰਕ ਨਾਲ ਕੀਤੀ ਮੀਟਿੰਗ, ਪਾਰਟੀ ’ਚ ਸ਼ਾਮਲ ਹੋਣ ਦਾ ਦਿੱਤਾ ਸੱਦਾ
ਜਸਵੀਰ ਸਿੰਘ ਗਹਿਲ, ਬਰਨਾਲਾ। ਪੱਛਮੀ ਬੰਗਾਲ ’ਚ ਸਰਕਾਰ ਬਣਾਉਣ ਤੋਂ ਬਾਅਦ ਆਲ ਇੰਡੀਆ ਤਿ੍ਰਣਮੂਲ ਕਾਂਗਰਸ ਨੇ ਪੰਜਾਬ ਅੰਦਰ ਵੀ ਪੈਰ ਪਸਾਰਦਿਆਂ ਆਪਣੀਆਂ ਸਰਗਰਮੀਆਂ ਆਰੰਭ ਦਿੱਤੀਆਂ ਹਨ। ਜਿਸ ਤਹਿਤ ਪਾਰਟੀ ਦੇ ਸੂਬਾ ਆਗੂਆਂ ਵੱਲੋਂ ਪੰਜਾਬ ਦਾ ਦੌਰਾ ਕਰਕੇ ਪਾਰਟੀ ਦੇ ਵਿਸਥਾਰ ਤੇ ਮਜ਼ਬੂਤੀ ਲਈ ਇਮਾਨਦਾਰ ਦੇ ਸਾਫ਼ ਅਕਸ ਵਾਲੇ ਆਗੂਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਮਕਸਦ ਨਾਲ ਹੀ ਪਾਰਟੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮੋਹਾਲੀ ਨੇ ਸਟੇਟ ਕਮੇਟੀ ਮੈਂਬਰਾਂ ਨਾਲ ਇੱਥੇ ਸਟੇਟ ਅਵਾਰਡੀ ਤੇ ਉੱਘੇ ਟਰਾਂਸਪੋਟਰ ਭੋਲਾ ਸਿੰਘ ਵਿਰਕ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਇੱਥੇ ਵਿਰਕ ਕੰਪਲੈਕਸ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਮੋਹਾਲੀ ਨੇ ਕਿਹਾ ਕਿ ਪੰਜਾਬ ਨੂੰ ਭਿ੍ਰਸ਼ਟਾਚਾਰ ਮੁਕਤ ਕਰਨ ਲਈ, ਪੰਜਾਬ ’ਚ ਨਸ਼ਿਆਂ ਦੀ ਦਲਾਲੀ ਕਰਨ ਵਾਲੇ ਲੋਕਾਂ ਨੂੰ ਪਿੱਛੇ ਧੱਕਣ ਲਈ ਅਤੇ ਬੇਰੁਜ਼ਗਾਰੀ ਦੇ ਖਾਤਮੇ ਲਈ ਆਲ ਇੰਡੀਆਂ ਤਿ੍ਰਣਮੂਲ ਕਾਂਗਰਸ ਪਾਰਟੀ ਪੰਜਾਬ ਅੰਦਰ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ। ਜਿਸ ਲਈ ਪਾਰਟੀ ਨੂੰ ਇਮਾਨਦਾਰ ਤੇ ਪੰਜਾਬ ਲਈ ਚਿੰਤਤ ਆਗੂਆਂ ਦੀ ਲੋੜ ਹੈ। ਇਸੇ ਮਕਸਦ ਨਾਲ ਹੀ ਉਹ ਸੂਬੇ ਦੇ ਹਰ ਜ਼ਿਲ੍ਹੇ, ਹਰ ਹਲਕੇ ’ਚ ਵਿਚਰ ਕੇ ਇਮਾਨਦਾਰ ਤੇ ਸਾਫ਼ ਸਵੀ ਵਾਲੇ ਵਿਅਕਤੀਆਂ ਦੀ ਭਾਲ ’ਚ ਨਿਕਲੇ ਹਨ। ਉਨ੍ਹਾਂ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਭਿ੍ਰਸ਼ਟਾਚਾਰ ਨੂੰ ਚਰਮ ਸੀਮਾ ਤੱਕ ਪਹੁੰਚਾਉਣ ਵਾਲੀ ਪਾਰਟੀ ਭਾਜਪਾ ਹੈ, ਜਿਸ ਖਿਲਾਫ਼ ਉਹ ਪੰਜਾਬ ਦੇ ਚੋਣ ਮੈਦਾਨ ਵਿੱਚ ਸੂਬੇ ਦੀਆਂ 117 ਸੀਟਾਂ ’ਤੇ ਉਤਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਆਲ ਇੰਡੀਆ ਤਿ੍ਰਣਮੂਲ ਕਾਂਗਰਸ ਇੱਕ ਪਾਰਟੀ ਹੈ, ਜਿਸ ਨੇ ਬਿਨਾਂ ਕਿਸੇ ਦੇਰੀ ਦੇ ਮੋਦੀ ਹਕੂਮਤ ਦੁਆਰਾ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਪਹਿਲੇ ਦਿਨ ਤੋਂ ਹੀ ਪੁਰਜ਼ੋਰ ਵਿਰੋਧ ਕੀਤਾ ਹੈ।
ਇਸੇ ਕਰਕੇ ਲੰਘੇ ਸਮੇਂ ਅੰਦਰ ਪੱਛਮੀ ਬੰਗਾਲ ’ਚ ਉਨ੍ਹਾਂ ਦੀ ਪਾਰਟੀ ਨੂੰ ਆਮ ਲੋਕਾਂ ਤੇ ਕਿਸਾਨਾਂ ਦਾ ਭਾਰੀ ਸਮੱਰਥਨ ਮਿਲਿਆ ਹੈ। ਜਿਸ ਪਿੱਛੋਂ ਪਾਰਟੀ ਦੀ ਸੁਪਰੀਮ ਮਮਤਾ ਬੈਨਰਜ਼ੀ ਵੱਲੋਂ ਪੰਜਾਬ ਅੰਦਰ ਚੋਣ ਮੈਦਾਨ ’ਚ ਉਤਰਨ ਦਾ ਫੈਸਲਾ ਲਿਆ ਹੈ, ਜਿਸ ਸਬੰਧੀ ਸੂਬੇ ਭਰ ’ਚ ਪੰਜ ਹਜ਼ਾਰ ਦੇ ਕਰੀਬ ਸੀਨੀਅਰ ਆਗੂ ਪੂਰੀ ਸਰਗਰਮੀ ਨਾਲ ਚੋਣਾਂ ਦੀ ਤਿਆਰੀ ’ਚ ਜੁੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਭੋਲਾ ਸਿੰਘ ਵਿਰਕ ਦੀ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਦੇਖ ਕੇ ਹੀ ਉਨ੍ਹਾਂ ਤੱਕ ਪਹੁੰਚ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਜਿਸ ’ਤੇ ਉਨ੍ਹਾਂ ਨੂੰ ਸ੍ਰੀ ਵਿਰਕ ਦਾ ਹਾਂ- ਪੱਖੀ ਇਸ਼ਾਰਾ ਮਿਲਿਆ ਹੈ।
ਇਸ ਮੌਕੇ ਭੋਲਾ ਸਿੰਘ ਵਿਰਕ ਨੇ ਕਿਹ ਕਿ ਉਹ ਬਿਨਾਂ ਸ਼ੱਕ ਮਾੜੇ ਕਿਰਦਾਰ ਤੇ ਖੋਟੀ ਨੀਅਤ ਵਾਲੇ ਲੋਕਾਂ ਦੇ ਵਿਰੋਧ ’ਚ ਹਨ, ਇਸ ਲਈ ਉਹ ਆਲ ਇੰਡੀਆ ਤਿ੍ਰਣਮੂਲ ਕਾਂਗਰਸ ਪਾਰਟੀ ਦਾ ਸੱਦਾ ਕਬੂਲਦੇ ਹੋਏ ਜਲਦ ਹੀ ਇਸ ਸਬੰਧੀ ਆਪਣੇ ਪਹਿਲੀ ਕਤਾਰ ਦੇ ਸਮੱਰਥਕਾਂ ਨਾਲ ਵਿਚਾਰ ਵਟਾਂਦਰੇ ਉਪਰੰਤ ਕੋਈ ਫੈਸਲਾ ਲੈਣਗੇ। ਇਸ ਮੌਕੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਸੋਮੀ ਤੁੰਗਵਾਲੀਆ ਤੇ ਭੁਪਿੰਦਰ ਸਿੰਘ ਮਹਿਤੋਂ, ਸੂਬਾ ਮੀਤ ਪ੍ਰਧਾਨ ਪਰਮਜੀਤ ਸਿੰਘ ਮਹਿੰਮੀ, ਜਗਮੋਹਣ ਸਿੰਘ, ਸੋਮਾ ਸਿੰਘ ਆਦਿ ਤੋਂ ਇਲਾਵਾ ਭੋਲਾ ਸਿੰਘ ਵਿਰਕ ਦੇ ਸਮੱਰਥਕ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ