ਗੇਮਿੰਗ ਇੰਡਸਟਰੀ ਦੇ ਖੇਤਰ ’ਚ ਵਧੀਆ ਭਵਿੱਖ

ਗੇਮਿੰਗ ਇੰਡਸਟਰੀ ਦੇ ਖੇਤਰ ’ਚ ਵਧੀਆ ਭਵਿੱਖ

ਕੋਵਿਡ-19 ਦੇ ਚੱਲਦਿਆਂ ਕਈ ਖੇਤਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਉਲਟ ਆਨਲਾਈਨ ਗੇਮਿੰਗ ਅਜਿਹੇ ਸੈਕਟਰ ਦੇ ਰੂਪ ’ਚ ਸਾਹਮਣੇ ਆਇਆ ਹੈ, ਜਿਸ ਨੇ ਤੇਜ਼ ਵਿਕਾਸ ਕੀਤਾ ਹੈ। ਮਹਾਂਮਾਰੀ ਤੋਂ ਬਚਾਅ ਨੂੰ ਲੈ ਕੇ ਜਾਰੀ ਕੀਤੀਆਂ ਗਾਈਡਲਾਈਨਜ਼ ਦਾ ਪਾਲਣ ਕਰਨ ਲਈ ਲੋਕ ਜਿੰਨਾ ਹੋ ਸਕੇ, ਘਰ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਆਨਲਾਈਨ ਗੇਮਾਂ ਖੇਡਣ ’ਚ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਬਿਤਾ ਰਹੇ ਹਨ।

ਇੱਕ ਰਿਪੋਰਟ ਅਨੁਸਾਰ ਬੀਤੇ ਇੱਕ ਸਾਲ ’ਚ ਗੇਮਿੰਗ ਇੰਡਸਟਰੀ ਨੂੰ 100 ਮਿਲੀਅਨ ਤੋਂ ਜ਼ਿਆਦਾ ਭਾਰਤੀ ਯੂਜ਼ਰਜ਼ ਮਿਲੇ ਹਨ। ਐਨੀਮੇਸ਼ਨ, ਵੀਐੱਫਐਕਸ ਤੇ ਵੀਡੀਓ ਗੇਮਿੰਗ ਦੀ ਮੰਗ ’ਚ ਲਗਾਤਾਰ ਹੋ ਰਹੇ ਵਾਧੇ ਦੀ ਵਜ੍ਹਾ ਘੱਟ ਲਾਗਤ ’ਚ ਇੰਟਰਨੈੱਟ ਦੀ ਸਹੂਲਤ ਤੇ ਮੋਬਾਈਲ ਸਟ੍ਰੀਮਿੰਗ ਵੀਡੀਓ ਦੀ ਵਧਦੀ ਪ੍ਰਸਿੱਧੀ ਹੈ। ਇਸ ਦੇ ਚੱਲਦਿਆਂ ਤਕਨਾਲੋਜੀ ਤੇ ਕ੍ਰਿਏਟੀਵਿਟੀ ਦੇ ਸੁਮੇਲ ਵਾਲੀ ਆਨਲਾਈਨ ਗੇਮਿੰਗ ਇੰਡਸਟਰੀ ’ਚ ਗੇਮ ਡਿਜ਼ਾਈਨਿੰਗ, ਵੀਐੱਫਐਕਸ ਤੇ ਐਨੀਮੇਸ਼ਨ ਦੇ ਵਿਦਿਆਰਥੀਆਂ ਲਈ ਕਰੀਅਰ ਦੇ ਨਵੇਂ ਰਾਹ ਖੁੱਲ੍ਹ ਰਹੇ ਹਨ। ਜੇ ਤੁਸੀਂ ਵੀ ਆਨਲਾਈਨ ਵੀਡੀਓ ਗੇਮਾਂ ਬਣਾਉਣ ’ਚ ਦਿਲਚਸਪੀ ਰੱਖਦੇ ਹੋ, ਤਾਂ ਇਸ ਖੇਤਰ ’ਚ ਸਫਲ ਕਰੀਅਰ ਦੀ ਨੀਂਹ ਰੱਖ ਸਕਦੇ ਹੋ।

ਗੇਮਿੰਗ ਇੰਡਸਟ੍ਰੀ ’ਚ ਦਾਖ਼ਲਾ:

ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਦਸਵੀਂ ਪਾਸ ਕਰਨ ਵਾਲਾ ਕੋਈ ਵੀ ਵਿਦਿਆਰਥੀ ਗੇਮ ਡਿਜ਼ਾਈਨਿੰਗ ’ਚ ਸਰਟੀਫਿਕੇਟ ਕੋਰਸ ਕਰਨ ਤੋਂ ਬਾਅਦ ਇਸ ਖੇਤਰ ’ਚ ਕਦਮ ਰੱਖ ਸਕਦਾ ਹੈ। ਜੇ ਤੁਸੀਂ ਸਫਲਤਾ ਦੀਆਂ ਉੱਚਾਈਆਂ ਨੂੰ ਛੂਹਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਬਾਰ੍ਹਵੀਂ ਤੋਂ ਬਾਅਦ ਡਿਪਲੋਮਾ ਜਾਂ ਗ੍ਰੈਜੂਏਸ਼ਨ ਪੱਧਰ ਦਾ ਕੋਰਸ ਕਰਨਾ ਬਿਹਤਰ ਹੋਵੇਗਾ। ਗੇਮ ਡਿਜ਼ਾਈਨਿੰਗ ’ਚ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਮਾਸਟਰ ਵੀ ਕਰ ਸਕਦੇ ਹੋ।

  • ਸਰਟੀਫਿਕੇਟ ਕੋਰਸ ਇਨ ਗੇਮ ਆਰਟ ਐਂਡ ਡਿਜ਼ਾਈਨ।
  • ਡਿਪਲੋਮਾ ਇਨ ਗੇਮ ਡਿਜ਼ਾਈਨ ਐਂਡ ਇੰਟੀਗ੍ਰੇਸ਼ਨ।
  • ਡਿਪਲੋਮਾ ਇਨ ਐਨੀਮੇਸ਼ਨ।
  • ਗੇਮਿੰਗ ਐਂਡ ਸਪੈਸ਼ਲ ਇਫੈਕਟ।
  • ਐਡਵਾਂਸਡ ਡਿਪਲੋਮਾ ਇਨ ਗੇਮ ਆਰਟ ਐਂਡ 3ਡੀ ਗੇਮ ਕੰਟੈਂਟ ਕ੍ਰਿਏਸ਼ਨ।
  • ਐਡਵਾਂਸਡ ਡਿਪਲੋਮਾ ਇਨ ਗੇਮ ਪ੍ਰੋਗਰਾਮਿੰਗ।

ਇਨ੍ਹਾਂ ਤੋਂ ਇਲਾਵਾ ਤੁਸੀਂ ਗ੍ਰਾਫਿਕਸ, ਐਨੀਮੇਸ਼ਨ ਤੇ ਗੇਮਿੰਗ ’ਚ ਬੀਐੱਸਸੀ, ਡਿਜ਼ੀਟਲ ਫਿਲਮ ਮੇਕਿੰਗ ਐਂਡ ਐਨੀਮੇਸ਼ਨ ’ਚ ਬੀਏ, ਕੰਪਿਊਟਰ ਸਾਇੰਸ ’ਚ ਬੀਟੈੱਕ ਤੇ ਐਨੀਮੇਸ਼ਨ ਗੇਮ ਡਿਜ਼ਾਈਨ ਤੇ ਡਿਵੈਲਪਮੈਂਟ ’ਚ ਬੀਐੱਸਸੀ ਕਰਕੇ ਚੰਗੀ ਸ਼ੁਰੂਆਤ ਕਰ ਸਕਦੇ ਹੋ। ਜੇ ਤੁਸੀਂ ਪੋਸਟ ਗ੍ਰੈਜੂਏਸ਼ਨ ਕਰਨ ਦੇ ਚਾਹਵਾਨ ਹੋ ਤਾਂ ਗੇਮ ਆਰਟ ਐਂਡ ਡਿਵੈਲਪਮੈਂਟ ਨਾਲ ਮਲਟੀ ਮੀਡੀਆ ਐਂਡ ਐਨੀਮੇਸ਼ਨ ’ਚ ਇੰਟੀਗ੍ਰੇਟਿਡ ਐੱਮਐੱਸਸੀ ਜਾਂ ਮਲਟੀਮੀਡੀਆ ਐਂਡ ਐਨੀਮੇਸ਼ਨ ’ਚ ਐੱਮਐੱਸਸੀ ਕਰ ਸਕਦੇ ਹੋ।

ਗੇਮ ਆਰਟਿਸਟ:

ਇਹ ਪੇਸ਼ੇਵਰ ਕਿਸੇ ਵੀ ਗੇਮ ਦੇ ਵਿਜ਼ੁਅਲ ਇਫੈਕਟ ਜਿਵੇਂ ਬਿਲਡਿੰਗ, ਰੋਡ, ਜੰਗਲ, ਘਰ ਤੇ ਬੰਦੂਕਾਂ ਆਦਿ ਤਿਆਰ ਕਰਦੇ ਹਨ।

ਗੇਮ ਐਨੀਮੇਟਰ:

ਆਨਲਾਈਨ ਗੇਮਾਂ ’ਚ ਵੱਖ-ਵੱਖ ਕਿਰਦਾਰ, ਆਬਜੈਕਟ ਤੇ ਗੇਮ ਖੇਡਣ ਦੀ ਰੂਪ-ਰੇਖਾ ਤਿਆਰ ਕਰਨਾ ਗੇਮ ਐਨੀਮੇਟਰ ਦਾ ਕੰਮ ਹੁੰਦਾ ਹੈ।

ਸਾਊਂਡ ਡਿਜ਼ਾਈਨਰ:

ਇਨ੍ਹਾਂ ਦਾ ਕੰਮ ਗੇਮ ’ਚ ਸਾਊਂਡ ਇਫੈਕਟਸ ਤੇ ਸਾਊਂਡ ਟ੍ਰੈਕਸ ਦੇਣਾ ਹੈ, ਜਿਵੇਂ ਕਾਰ ਚੱਲਣ, ਗੋਲ਼ੀਆਂ ਚੱਲਣ ਦੀ ਆਵਾਜ਼, ਲੋਕਾਂ ਤੇ ਪੰਛੀਆਂ ਦੀ ਆਵਾਜ਼ ਜਾਂ ਗੇਮ ਪਿਛਲਾ ਸੰਗੀਤ ਆਦਿ ਤਿਆਰ ਕਰਨਾ।

ਨੈਰੇਟਿਵ ਡਿਜ਼ਾਈਨਰ:

ਇਹ ਪੇਸ਼ੇਵਰ ਗੇਮ ਡਿਜ਼ਾਈਨਰ ਨਾਲ ਮਿਲ ਕੇ ਪ੍ਰਭਾਵਸ਼ਾਲੀ ਕਹਾਣੀ ਤਿਆਰ ਕਰਦੇ ਹਨ ਤੇ ਗੇਮਾਂ ਦੇ ਅਲੱਗ-ਅਲੱਗ ਕਿਰਦਾਰਾਂ ਲਈ ਸੁਨੇਹੇ ਤੇ ਡਾਇਲਾਗ ਲਿਖਦੇ ਹਨ। ਇਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਹੀ ਗੇਮ ਦੇ ਕਿਰਦਾਰ ਐਕਸ਼ਨ ਕਰਦੇ ਹਨ।

ਗੇਮ ਪ੍ਰੋਗਰਾਮਰ:

ਇਹ ਆਨਲਾਈਨ ਵੀਡੀਓ ਗੇਮ ਦੀ ਤਕਨੀਕੀ ਕੋਡਿੰਗ ਤਿਆਰ ਕਰਦੇ ਹਨ, ਤਾਂ ਜੋ ਅਲੱਗ-ਅਲੱਗ ਡਿਵਾਈਸਾਂ ’ਤੇ ਖੇਡਿਆ ਜਾ ਸਕੇ। ਇਨ੍ਹਾਂ ਪੇਸ਼ੇਵਰਾਂ ਦੀ ਕੋਡਿੰਗ ’ਚ ਗ਼ਲਤੀ ਰਹਿਣ ’ਤੇ ਆਨਲਾਈਨ ਵੀਡੀਓ ਗੇਮ ਅਸਫ਼ਲ ਹੋ ਸਕਦੀ ਹੈ।

ਵੀਐੱਫਐਕਸ ਮਾਹਿਰ:

ਗੇਮਿੰਗ ਦੀ ਦੁਨੀਆ ਵੀਐੱਫਐਕਸ ਤੋਂ ਬਿਨਾਂ ਸੰਭਵ ਨਹੀਂ ਹੈ। ਗੇਮ ਬਣਾਉਣ ਦਾ ਇੱਕ ਵੱਡਾ ਹਿੱਸਾ ਵੀਐੱਫਐਕਸ ’ਤੇ ਨਿਰਭਰ ਕਰਦਾ ਹੈ। ਇੱਕ ਵੀਐੱਫਐਕਸ ਮਾਹਿਰ ਦੇ ਰੂਪ ’ਚ ਤੁਸੀਂ ਗੇਮਿੰਗ ਤੋਂ ਇਲਾਵਾ ਫਿਲਮ ਤੇ ਇਸ਼ਤਿਹਾਰੀ ਖੇਤਰ ’ਚ ਵੀ ਕੰਮ ਕਰ ਸਕਦੇ ਹੋ।

ਤੇਜ਼ ਰਫ਼ਤਾਰ ਨਾਲ ਵਧਿਆ ਆਨਲਾਈਨ ਗੇਮਿੰਗ ਖੇਤਰ:

ਆਨਲਾਈਨ ਗੇਮ ਖੇਡਣ ਵਾਲਿਆਂ ਦੀ ਗਿਣਤੀ ਜਿੱਥੇ ਸਾਲ 2019 ’ਚ 300 ਮਿਲੀਅਨ ਸੀ, ਉੱਥੇ ਸਾਲ 2020-21 ’ਚ ਇਹ ਵਧ ਕੇ 433 ਮਿਲੀਅਨ ਹੋ ਗਈ ਹੈ। ਇਸ ਦੌਰਾਨ ਗੇਮਿੰਗ ਇੰਡਸਟਰੀ ਦਾ ਮੁਨਾਫਾ ਦੁੁੱਗਣਾ ਵਧਿਆ। ਸਾਲ 2019 ’ਚ ਜਿੱਥੇ ਇਹ 6200 ਕਰੋੜ ਰੁਪਏ ਸੀ, ਉੱਥੇ 2020-21 ’ਚ ਵਧ ਕੇ 13600 ਕਰੋੜ ਹੋ ਗਿਆ। ਕੋਰੋਨਾ ਵਾਇਰਸ ਦੇ ਚੱਲਦਿਆਂ ਲਾਇਆ ਗਿਆ ਲਾਕਡਾਊਨ ਗੇਮਿੰਗ ਇੰਡਸਟਰੀ ਲਈ ਟੀਪਿੰਗ ਪੁਆਂਇੰਟ ਬਣਿਆ।

ਤਰੱਕੀ ਦਾ ਰਾਹ ਸੌਖਾ ਬਣਾਉਂਦਾ ਹੈ ਹੁਨਰ:

ਗੇਮਿੰਗ ਦੇ ਖੇਤਰ ’ਚ ਵਧੀਆ ਭਵਿੱਖ ਬਣਾਉਣ ਲਈ ਆਨਲਾਈਨ ਗੇਮ ਪ੍ਰਤੀ ਸ਼ੌਂਕ ਤੇ ਦਿਲਚਸਪੀ ਹੋਣੀ ਬਹੁਤ ਜ਼ਰੂਰੀ ਹੈ। ਤੁਹਾਨੂੰ ਸਾਫਟਵੇਅਰ ਬਾਰੇ ਪਤਾ ਹੋਣਾ ਚਾਹੀਦਾ ਹੈ ਤੇ ਗੇਮ ਪਲੇਅ ਥਿਊਰੀ ਨੂੰ ਸਮਝਣਾ ਆਉਣਾ ਚਾਹੀਦਾ ਹੈ। ਇੱਕ ਗੇਮ ਡਿਜ਼ਾਈਨਰ ’ਚ ਟਾਈਮ ਮੈਨੇਜਮੈਂਟ ਦੀ ਖ਼ੂਬੀ ਦਾ ਹੋਣਾ ਬਹੁਤ ਜ਼ਰੂਰੀ ਹੈ, ਨਾਲ ਹੀ ਤੁਹਾਨੂੰ ਸਕੈੱਚ, ਡਰਾਇੰਗ, ਮਨੁੱਖ, ਪਸ਼ੂਆਂ-ਪੰਛੀਆਂ ਦੀ ਐਟਾਨਮੀ ਤੇ ਉਨ੍ਹਾਂ ਦੀ ਸਰੀਰਕ ਹਿੱਲਜੁੱਲ ਅਤੇ ਲਾਈਟਿੰਗ ਇਫੈਕਟ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ

ਨੌਕਰੀ ਦੇ ਮੌਕੇ

ਕਿਸੇ ਵੀ ਗੇਮ ਨੂੰ ਡਿਵੈਲਪ ਤੇ ਡਿਜ਼ਾਈਨ ਕਰਨਾ ਪੜਾਅਵਾਰ ਪ੍ਰਕਿਰਿਆ ਹੈ, ਜਿਸ ’ਚ ਕਈ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਹਨ। ਇਸ ਖੇਤਰ ’ਚ ਤੁਸੀਂ ਗੇਮ ਡਿਵੈਲਪਰ, ਨੈੱਟਵਰਕ ਪ੍ਰੋਗਰਾਮਰ, ਗੇਮ ਡਿਜ਼ਾਈਨਰ, ਗੇਮ ਆਰਟਿਸਟ, ਆਡੀਓ/ਸਾਊਂਡ ਇੰਜੀਨੀਅਰ, ਗੇਮ ਟੈਸਟਰ ਆਦਿ ਦੇ ਰੂਪ ’ਚ ਕੰਮ ਕਰ ਸਕਦੇ ਹੋ। ਗੇਮ ਇੰਡਸਟਰੀ ’ਚ ਤੁਹਾਡੇ ਕੋਲ ਵੱਖ-ਵੱਖ ਭੂਮਿਕਾਵਾਂ ’ਚ ਅੱਗੇ ਵਧਣ ਦੇ ਮੌਕੇ ਹਨ।

ਗੇਮ ਡਿਜ਼ਾਈਨਰ

ਇਨ੍ਹਾਂ ਦਾ ਕੰਮ ਆਨਲਾਈਨ ਵੀਡੀਓ ਗੇਮਾਂ ਦੇ ਸੰਕਲਪ ਨੂੰ ਤਿਆਰ ਕਰਨਾ ਤੇ ਗੇਮ ਡਿਜ਼ਾਈਨਿੰਗ ਨਾਲ ਜੁੜੇ ਹੋਰ ਪੇਸ਼ੇਵਰਾਂ ਜਿਵੇਂ ਪ੍ਰੋਗਰਾਮਰ, ਐਨੀਮੇਟਰ, ਪ੍ਰੋਡਿਊਸਰ ਅਤੇ ਆਡੀਓ ਇੰਜੀਨੀਅਰ ਨਾਲ ਕੋਆਰਡੀਨੇਟ ਕਰਨਾ ਹੈ, ਤਾਂ ਜੋ ਕੰਸੈਪਟ ਅਨੁਸਾਰ ਹੀ ਆਨਲਾਈਨ ਗੇਮ ਤਿਆਰ ਹੋ ਸਕੇ।

ਵਿਜੈ ਗਰਗ, ਸਾਬਕਾ ਪੀਈਐਸ-1,
ਸੇਵਾ ਮੁਕਤ ਪ੍ਰਿੰਸੀਪਲ,
ਮਲੋਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ