ਕਈ ਲੋਕ ਅਤੇ ਰਾਜ ਸਭਾ ਤੋਂ ਤਨਖ਼ਾਹ ਲੈਣ ਵਾਲੇ ਸੰਸਦ ਮੈਂਬਰ ਪੰਜਾਬ ਵਿਧਾਨ ਸਭਾ ਦੇ ਹਨ ਪੈਨਸ਼ਨਰ
ਪਿਛਲੇ ਸਾਲ 30 ਹਜ਼ਾਰ ਘਟੀ ਸੀ 1 ਸਾਲ ਲਈ ਤਨਖ਼ਾਹ, ਪੰਜਾਬ ਵਿਧਾਨ ਸਭਾ ਤੋਂ 30 ਹਜ਼ਾਰ ਰੁਪਏ ਦੀ ਕੀਤੀ ਭਰਪਾਈ
ਅਸ਼ਵਨੀ ਚਾਵਲਾ, ਚੰਡੀਗੜ। ਕੋਰੋਨਾ ਕਾਲ ਦੌਰਾਨ ਪਿਛਲੇ ਸਾਲ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਤਨਖ਼ਾਹ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੀ ਗਈ 30 ਹਜ਼ਾਰ ਰੁਪਏ ਤੱਕ ਦੀ ਕਟੌਤੀ ਪੰਜਾਬ ਦੇ ਸਰਕਾਰੀ ਖਜਾਨੇ ਨੂੰ ਭਾਰੀ ਪੈ ਗਈ ਹੈ, ਕਿਉਂਕਿ ਇਸ ਤਨਖ਼ਾਹ ਕਟੌਤੀ ਦਾ ਸਾਰਾ ਬੋਝ ਕੁਝ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੇ ਪੰਜਾਬ ਵਿਧਾਨ ਸਭਾ ’ਤੇ ਪਾਉਂਦੇ ਹੋਏ ਪੈਨਸ਼ਨ ਦੇ ਤੌਰ ’ਤੇ ਰਿਕਵਰੀ ਕਰ ਲਈ ਹੈ। ਲੋਕ ਸਭਾ ਅਤੇ ਰਾਜ ਸਭਾ ’ਚ ਬੈਠੇ ਪੰਜਾਬ ਦੇ ਕੁਝ ਮੈਂਬਰ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਰਹੇ ਹਨ। ਜਿਸ ਕਾਰਨ ਉਹ ਲੋਕ ਸਭਾ ਅਤੇ ਰਾਜ ਸਭਾ ਤੋਂ ਤਨਖ਼ਾਹ ਲੈਣ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਤੋਂ ਪੈਨਸ਼ਨ ਵੀ ਲੈ ਰਹੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਜਿਹੜਾ ਵੀ ਵਿਧਾਇਕ ਇੱਕ ਜਾਂ ਫਿਰ ਇੱਕ ਤੋਂ ਬਾਅਦ ਕਈ ਵਾਰ ਮੈਂਬਰ ਰਹਿ ਚੁੱਕਿਆ ਹੁੰਦਾ ਹੈ, ਉਸ ਸਾਬਕਾ ਵਿਧਾਇਕ ਨੂੰ ਉਸ ਦੀ ਮੈਂਬਰਸ਼ਿਪ ਦੀਆਂ ਟਰਮਾਂ ਅਨੁਸਾਰ ਪੈਨਸ਼ਨ ਦਿੱਤੀ ਜਾਂਦੀ ਹੈ। ਜਿਹੜਾ ਸਾਬਕਾ ਵਿਧਾਇਕ ਲੋਕ ਸਭਾ ਜਾਂ ਫਿਰ ਰਾਜ ਸਭਾ ਵਿੱਚ ਬਤੌਰ ਸੰਸਦ ਮੈਂਬਰ ਚਲਾ ਜਾਂਦਾ ਹੈ ਤਾਂ ਉਸ ਲੋਕ ਸਭਾ ਜਾਂ ਫਿਰ ਰਾਜ ਸਭਾ ਮੈਂਬਰ ਨੂੰ ਫਿਰ ਵੀ ਪੈਨਸ਼ਨ ਦਿੱਤੀ ਜਾਂਦੀ ਹੈ ਪਰ ਵਿਧਾਨ ਸਭਾ ਵਲੋਂ ਪੈਨਸ਼ਨ ਅਤੇ ਤਨਖ਼ਾਹ ਵਿੱਚ ਆਉਣ ਵਾਲੇ ਫਰਕ ਦੀ ਹੀ ਅਦਾਇਗੀ ਕੀਤੀ ਜਾਂਦੀ ਹੈ।
ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ ਬੇਸਿਕ ਤਨਖ਼ਾਹ ਦੇ ਤੌਰ ’ਤੇ 1 ਲੱਖ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਹੈ। ਜਿਹੜੇ ਵਿਧਾਇਕ 2 ਵਾਰ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਹਨ, ਉਨਾਂ ਦੀ ਪੈਨਸ਼ਨ 1 ਲੱਖ 25 ਹਜ਼ਾਰ ਬਣਦੀ ਹੈ। ਇਸ ਹਿਸਾਬ ਨਾਲ ਉਨਾਂ ਦੀ 1 ਲੱਖ ਤੋਂ ਬਾਅਦ ਵਾਲੇ ਫਰਕ ਦੀ ਰਕਮ 25 ਹਜ਼ਾਰ ਰੁਪਏ ਪੈਨਸ਼ਨ ਦੇ ਰੂਪ ਵਿੱਚ ਦਿੱਤੇ ਜਾਂਦੇ ਹਨ। ਬੀਤੇ ਸਾਲ ਕੇਂਦਰ ਵੱਲੋਂ 30 ਫੀਸਦੀ ਤਨਖ਼ਾਹ ਵਿੱਚ ਕਟੌਤੀ ਕਰਦੇ ਹੋਏ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਤਨਖ਼ਾਹ ਇੱਕ ਸਾਲ ਲਈ 70 ਹਜ਼ਾਰ ਰੁਪਏ ਕਰ ਦਿੱਤੀ ਗਈ। ਇਸ ਦੌਰਾਨ ਦੇਸ਼ ਭਰ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ 30 ਹਜ਼ਾਰ ਰੁਪਏ ਘੱਟ ਬੈਂਕ ਵਿੱਚ ਆਏ ਪਰ ਪੰਜਾਬ ਦੇ ਕੁਝ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੇ ਇਸ 30 ਹਜ਼ਾਰ ਰੁਪਏ ਦੀ ਕਟੌਤੀ ਨੂੰ ਹੀ ਵਿਧਾਨ ਸਭਾ ਤੋਂ ਲੈ ਲਿਆ।
ਜਿਹੜੇ ਸੰਸਦ ਮੈਂਬਰਾਂ ਨੂੰ ਪਹਿਲਾਂ 25 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਸੀ ਤਾਂ ਉਨਾਂ ਦੀ ਪੈਨਸ਼ਨ ਵਿੱਚ ਕਟੌਤੀ ਦੇ 30 ਹਜ਼ਾਰ ਰੁਪਏ ਮਿਲਾ ਕੇ ਪੈਨਸ਼ਨ 55 ਹਜ਼ਾਰ ਰੁਪਏ ਮਿਲਣੀ ਸ਼ੁਰੂ ਹੋ ਗਈ। ਇਥੇ ਹੀ ਕੁਝ ਸੰਸਦ ਮੈਂਬਰ ਇਹੋ ਜਿਹੇ ਵੀ ਹਨ, ਜਿਨਾਂ ਦੀ ਪੈਨਸ਼ਨ 3 ਟਰਮ ਦੀ ਹੋਣ ਕਰਕੇ 1 ਲੱਖ 75 ਹਜ਼ਾਰ ਰੁਪਏ ਬਣਦੀ ਸੀ ਅਤੇ ਤਨਖ਼ਾਹ ਕਟੌਤੀ ਕਰਦੇ ਹੋਏ ਪੈਨਸ਼ਨ ਦੇ ਰੂਪ ਵਿੱਚ 75 ਹਜ਼ਾਰ ਰੁਪਏ ਮਿਲਦੇ ਸਨ ਪਰ ਪਿਛਲੇ ਸਾਲ ਉਨਾਂ ਨੂੰ ਕਟੌਤੀ ਵਾਲੇ 30 ਹਜ਼ਾਰ ਰੁਪਏ ਮਿਲਾ ਕੇ 1 ਲੱਖ 5 ਹਜ਼ਾਰ ਰੁਪਏ ਪੈਨਸ਼ਨ ਮਿਲੀ ਹੈ।
ਕੇਂਦਰੀ ਮੰਤਰੀ ਸਣੇ 4 ਰਾਜ ਸਭਾ ਅਤੇ 6 ਲੋਕ ਸਭਾ ਮੈਂਬਰ ਹਨ ਪੈਨਸ਼ਨਰ
ਇਨਾਂ ਸੰਸਦ ਮੈਂਬਰਾਂ ਵਿੱਚ ਇੱਕ ਕੈਬਨਿਟ ਰੈਂਕ ਦਾ ਕੇਂਦਰੀ ਮੰਤਰੀ ਵੀ ਸ਼ਾਮਲ ਹੈ ਤੇ 4 ਰਾਜ ਸਭਾ ਮੈਂਬਰ ਅਤੇ 6 ਲੋਕ ਸਭਾ ਮੈਂਬਰ ਹਨ, ਜਿਹੜੇ ਕਿ ਪੰਜਾਬ ਵਿਧਾਨ ਸਭਾ ਦੇ ਪੈਨਸ਼ਨਰ ਵੀ ਹਨ। ਇਨਾਂ ਵਿੱਚੋਂ 2-3 ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੇ ਅਜੇ ਤੱਕ ਪੈਨਸ਼ਨ ਕਲੇਮ ਨਹੀਂ ਕੀਤੀ ਪਰ ਸਰਕਾਰੀ ਰਿਕਾਰਡ ਵਿੱਚ ਉਨਾਂ ਦੀ ਪੈਨਸ਼ਨ ਖੜੀ ਹੈ, ਜਦੋਂ ਮਰਜ਼ੀ ਉਹ ਆਪਣੀ ਪੈਨਸ਼ਨ ਕਲੇਮ ਕਰਦੇ ਹੋਏ ਅਦਾਇਗੀ ਲੈ ਸਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ