ਬੇਰੁਜ਼ਗਾਰ ਅਧਿਆਪਕਾਂ ਦਾ ਰੈਸਟ ਹਾਊਸ ’ਤੇ ਹੱਲਾ, ਗੇਟ ਤੋੜ ਅੰਦਰ ਵੜੇ

Unemployed Teachers Sachkahoon

ਬੇਰੁਜ਼ਗਾਰ ਅਧਿਆਪਕਾਂ ਦਾ ਰੈਸਟ ਹਾਊਸ ’ਤੇ ਹੱਲਾ, ਗੇਟ ਤੋੜ ਅੰਦਰ ਵੜੇ

ਪੁਲਿਸ ਨੇ ਘੜੀਸ ਘੜੀਸ ਕੇ ਬਾਹਰ ਕੱਢੇ

(ਗੁਰਪ੍ਰੀਤ ਸਿੰਘ) ਸੰਗਰੂਰ। ਅਧਿਆਪਕ ਦਿਵਸ ਮੌਕੇ ਬੇਰੁਜਗਾਰ ਅਧਿਆਪਕ ਸਰਕਾਰ ਵਿਰੁੱਧ ਵੱਡਾ ਐਕਸ਼ਨ ਕਰਦਿਆਂ ਸਰਕਾਰੀ ਰੈਸਟ ਹਾਊਸ ਦੇ ਗੇਟ ਤੋੜ ਕੇ ਅੰਦਰ ਵੜ ਗਏ। ਪੁਲਿਸ ਨੂੰ ਉਹਨਾਂ ਨੂੰ ਬਾਹਰ ਕੱਢਣ ਲਈ ਭਾਰੀ ਮੁਸ਼ਕਤ ਕਰਨੀ ਪਈ। ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਬੇਰੁਜ਼ਗਾਰ ਅਧਿਆਪਕ ਜਿਹਨਾਂ ਵਿੱਚ ਨਵੀਂ ਬੇਰੁਜ਼ਗਾਰ ਪੀ.ਟੀ.ਆਈ ਅਧਿਆਪਕ ਯੂਨੀਅਨ ਦੇ ਵੱਡੀ ਗਿਣਤੀ ਮੈਂਬਰ ਸ਼ਾਮਿਲ ਸਨ, ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਹ ਬੇਰੁਜ਼ਗਾਰ ਅੱਜ ਅਚਾਨਕ ਰੈਸਟ ਹਾਊਸ ਦੇ ਅੱਗੇ ਆਕੇ ਪ੍ਰਦਰਸ਼ਨ ਕਰਨ ਲੱਗੇ, ਜਿਹਨਾਂ ਨੂੰ ਪੁਲਿਸ ਦੀ ਟੁਕੜੀ ਨੇ ਜਦੋਂ ਰੋਕਿਆ ਤਾਂ ਉਹਨਾਂ ਵਿੱਚੋਂ ਕੁੱਝ ਪ੍ਰਦਰਸ਼ਨਕਾਰੀ ਕੰਧਾਂ ’ਤੇ ਚੜ੍ਹ ਕੇ ਰੈਸਟ ਹਾਊਸ ਦੇ ਅੰਦਰ ਵੜ ਗਏ ਤੇ ਉਹਨਾਂ ਨੇ ਅੰਦਰ ਜਾ ਕੇ ਗੇਟ ਦਾ ਕੁੰਡਾ ਖੋਲ੍ਹ ਦਿੱਤਾ ਅਤੇ ਸਾਰੇ ਪ੍ਰਦਰਸ਼ਨਕਾਰੀ ਅੰਦਰ ਦਾਖਲ ਹੋ ਗਏ। ਕਾਫੀ ਸਮੇਂ ਦੀ ਖਿੱਚ-ਧੂਹ ਤੋਂ ਬਾਅਦ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਤੇ ਗੱਡੀ ਵਿੱਚ ਚੜਾ ਕੇ ਥਾਣੇ ਲੈ ਗਏ।

ਯੂਨੀਅਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪੀ ਟੀ ਆਈ ਅਧਿਆਪਕਾਂ ਦੀਆਂ ਨਵੀਆਂ ਪੋਸਟਾਂ ਦੀ ਮੰਗ ਸਬੰਧੀ ਪੰਜਾਬ ਸਰਕਾਰ ਦੇ ਨਾਲ ਅਣਗਿਣਤ ਪੈਨਲ ਮੀਟਿੰਗਾਂ ਹੋ ਚੁੱਕੀਆਂ ਹਨ ਪਰੰਤੂ ਅਜੇ ਤੱਕ ਝੂਠੇ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਮਿਲਿਆ। ਜਦੋਂ ਤੱਕ ਪੀ ਟੀ ਆਈ ਅਧਿਆਪਕਾਂ ਦੀਆਂ ਨਵੀਆਂ 5000 ਪੋਸਟਾਂ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾਂਦਾ ਉਹ ਲਗਾਤਾਰ ਵਿਰੋਧ ਕਰਦੇ ਰਹਿਣਗੇ ਇਸ ਮੌਕੇ ਮੋਰਚੇ ਦੀ ਅਗਵਾਈ ਕਰ ਰਹੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਜਰਨਲ ਸਕੱਤਰ ਅਮਨਦੀਪ ਕੰਬੋਜ, ਮੀਤ ਪਧਾਨ ਗੋਬਿੰਦ ਬਿੱਲਾ, ਗੁਰਮੀਤ ਚਹਿਲ , ਸ਼ਮਸੇਰ ਸਿੰਘ, ਵਰਿੰਦਰ ਸਿੰਘ ਬੋਕਸਰ ,ਬਹਾਦਰ ਸਿੰਘ, ਬਲਜਿੰਦਰ ਸਿੰਘ ਭਰਤ ਭੂਸ਼ਣ ਅਮਨਦੀਪ ਕੌਰ ਸੁਮਨ ਸਮਾਇਲ ਨੀਲਮ ਆਦਿ ਹਾਜਰ ਸਨ। ਇਸ ਮੌਕੇ ਸਮੁੱਚੀ ਨਵੀਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਪੰਜਾਬ ਸਾਮਿਲ ਹੋਏ ।

ਇਹ ਨੇ ਮੰਗਾਂ

ਪੀ ਟੀ ਆਈ ਅਧਿਆਪਕਾਂ ਦੀਆਂ 5000 ਨਵੀਆਂ ਪੋਸਟਾਂ ਕੱਢੀਆਂ ਜਾਣ, ਪੀ.ਟੀ.ਆਈ ਅਧਿਆਪਕਾਂ ਨੂੰ ਪ੍ਰਾਇਮਰੀ ਪੱਧਰ ਤੋਂ ਲੈ ਕੇ ਮਿਡਲ ਪੱਧਰ ਤੱਕ ਨਿਯੁਕਤ ਕੀਤਾ ਜਾਵੇ, ਨਵੀਂ ਭਰਤੀ ਦਾ ਇਸ਼ਤਿਹਾਰ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ, ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਪ੍ਰਇਮਾਰੀ ਸਕੂਲ ਤੋਂ ਲੈ ਕੇ ਹਰ ਜਮਾਤ ਲਈ ਲਾਜਮੀ ਕੀਤਾ ਜਾਵੋ।

ਸਿੱਖਿਆ ਮੰਤਰੀ ਨੂੰ ਖੂਨ ਦਾ ਪਿਆਲਾ ਭੇਂਟ ਕਰਨ ਪਹੁੰਚੇ ਅਧਿਆਪਕ

ਅੱਜ ਅਧਿਆਪਕ ਦਿਵਸ ਮੌਕੇ ਬੀ. ਐਡ. ਟੈੱਟ ਪਾਸ ਬੇਰੁਜ਼ਗਾਰ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਖੂਨ ਦਾ ਪਿਆਲਾ ਭੇਂਟ ਕਰਨ ਪਹੁੰਚੇ ਬੀ. ਐਡ. ਟੈੱਟ ਪਾਸ ਬੇਰੁਜ਼ਗਾਰ ਜਦੋਂ ਸਿਵਲ ਹਸਪਤਾਲ ਤੋਂ ਰੋਸ ਮਾਰਚ ਕਰਦੇ ਹੋਏ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ ਪਹੁੰਚੇ ਤਾਂ ਤਹਿਸੀਲਦਾਰ ਕੁਲਵੰਤ ਸਿੰਘ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਤਰਫੋਂ ਬੇਰੁਜਗਾਰ ਅਧਿਆਪਕਾਂ ਤੋਂ ਖੂਨ ਦਾ ਪਿਆਲਾ ਪ੍ਰਾਪਤ ਕੀਤਾ। ਇਸ ਮੌਕੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਕੈਪਟਨ ਸਰਕਾਰ ਨੂੰ ਸਿਰੇ ਦੀ ਨਖਿੱਧ ਸਰਕਾਰ ਕਰਾਰ ਦਿੱਤਾ।

ਇਸ ਮੌਕੇ ਬੇਰੁਜਗਾਰ ਆਗੂ ਅਮਨ ਸੇਖਾ, ਗਗਨਦੀਪ ਕੌਰ, ਸੰਦੀਪ ਸਿੰਘ ਨੇ ਕਿਹਾ ਕਿ ‘ਘਰ-ਘਰ ਰੁਜ਼ਗਾਰ’ ਦਾ ਚੋਣ ਵਾਅਦਾ ਕਰਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਪੰਜਾਬ ਦੇ ਯੋਗਤਾ ਪ੍ਰਾਪਤ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਤੋਂ ਇਨਕਾਰੀ ਹੋ ਰਹੀ ਹੈ ਜਿਸ ਕਾਰਨ ਬੇਰੁਜ਼ਗਾਰ ਪਿਛਲੇ 8 ਮਹੀਨੇ ਤੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰੀ ਬੈਠੇ ਹਨ।ਉਨ੍ਹਾਂ ਕਿਹਾ ਕਿ ਅੱਜ ਅਧਿਆਪਕ ਦਿਵਸ ਮੌਕੇ ਸਰਕਾਰਾਂ ਵੱਲੋਂ ਦੇਸ਼ ਭਰ ਵਿੱਚ ਅਧਿਆਪਕਾਂ ਦਾ ਸਨਮਾਨ ਕਰਨ ਦੇ ਦਮਗਜ਼ੇ ਮਾਰੇ ਜਾ ਰਹੇ ਹਨ ਪਰ ਹਕੀਕਤ ਇਹ ਹੈ ਕਿ ਜਿਸ ਸਮਾਜ ਵਿੱਚ ਬੇਰੁਜ਼ਗਾਰ ਅਧਿਆਪਕਾਂ ਨੂੰ ਸਥਾਈ ਰੁਜ਼ਗਾਰ ਮੁਹੱਈਆ ਨਾ ਕਰਕੇ ਉਹਨਾਂ ਦਾ ਆਰਥਿਕ, ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੋਵੇ ਉੱਥੇ ਦੀਆਂ ਸਰਕਾਰਾਂ ਲੋਕ ਵਿਰੋਧੀ ਸਰਕਾਰਾਂ ਹਨ। ਇਸ ਮੌਕੇ ਬੇਰੁਜ਼ਗਾਰ ਅਧਿਆਪਕਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦ ਤੋਂ ਜਲਦ 15 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ