ਨਵੀਂ ਤੇ ਪੁਰਾਣੀ ਪੀੜ੍ਹੀ ਨੂੰ ਇੱਕ-ਦੂਜੇ ਨੂੰ ਸਮਝਣ ਦੀ ਲੋੜ
ਆਧੁਨਿਕ ਯੁੱਗ ਵਿੱਚ ਸਾਨੂੰ ਕੰਮਾਂ ਜਾਂ ਕਮਾਈ ਦੀਆਂ ਜ਼ੰਜੀਰਾਂ ਨੇ ਜਕੜ ਕੇ ਰੱਖਿਆ ਹੋਇਆ ਹੈ, ਜਿਸ ਕਾਰਨ ਰਿਸ਼ਤਿਆਂ ਦੀਆਂ ਜ਼ੰਜੀਰਾਂ ਨੂੰ ਜੰਗਾਲ ਲੱਗ ਚੁੱਕਾ ਹੈ ਅਤੇ ਇਹ ਕਮਜ਼ੋਰ ਹੋ ਕੇ ਕੜੀ ਦਰ ਕੜੀ ਟੁੱਟਦੀਆਂ ਜਾ ਰਹੀਆਂ ਹਨ। ਇਹਨਾਂ ਰਿਸ਼ਤਿਆਂ ਨੂੰ ਬਣਾਉਣ ਅਤੇ ਖ਼ਤਮ ਕਰਨ ਜਾਂ ਤੋੜ ਦੇਣ ਦੇ ਜ਼ਿੰਮੇਵਾਰ ਅਸੀਂ ਖ਼ੁਦ ਹੀ ਹਾਂ। ਰਿਸ਼ਤੇ ਪਿਆਰ, ਮੋਹ, ਅਪਣੱਤ ਅਤੇ ਦੇਖਭਾਲ ਦੇ ਮੁਹਤਾਜ਼ ਹਨ। ਥੋੜੀ ਜਿਹੀ ਲਾਪਰਵਾਹੀ ਜਾਂ ਗ਼ਲਤਫਹਿਮੀ ਰਿਸ਼ਤਿਆਂ ਨੂੰ ਖੇਰੂੰ-ਖੇਰੂੰ ਕਰ ਦਿੰਦੀ ਹੈ। ਰਿਸ਼ਤਿਆਂ ’ਚ ਇੱਕ ਵਾਰ ਆਈ ਤਰੇੜ ਨੂੰ ਦੁਬਾਰਾ ਮੋਹ ਵੀ ਨਹੀਂ ਭਰ ਸਕਦਾ।
ਅੱਜ-ਕੱਲ੍ਹ ਅਸੀਂ ਆਪਣੇ ਆਲ਼ੇ-ਦੁਆਲ਼ੇ ਸੁਣਦੇ ਹਾਂ ਜਾਂ ਅਖ਼ਬਾਰਾਂ ਵਿੱਚ ਵੀ ਪੜ੍ਹਦੇ ਹਾਂ ਕਿ ਬਜ਼ੁਰਗਾਂ ਦਾ ਸਤਿਕਾਰ, ਜਾਂ ਸੰਭਾਲ ਨਹੀਂ ਹੁੰਦੀ। ਉਹਨਾਂ ਦੀ ਔਲਾਦ ਦੇ ਹੁੰਦਿਆਂ ਵੀ ਉਹਨਾਂ ਦਾ ਬੁਢਾਪਾ ਰੁਲ ਰਿਹਾ ਹੈ। ਇਸ ਪਦਾਰਥਵਾਦੀ ਯੁੱਗ ਵਿਚ ਕਿਸੇ ਕੋਲ ਸਮਾਂ ਹੀ ਨਹੀਂ ਹੈ ਕਿ ਉਹ ਕਿਸੇ ਮਾਮਲੇ ਦੇ ਪੱਖ-ਵਿਪੱਖ ਬਾਰੇ ਵਿਚਾਰ ਕਰੇ।
ਅਸੀਂ ਹਰੇਕ ਮਾਮਲੇ ਨੂੰ ਸਿਰਫ਼ ਉੱਪਰਲੀ ਤਹਿ ਤੋਂ ਤਾਂ ਵੇਖਦੇ ਹਾਂ ਪਰ ਉਸਨੂੰ ਤਹਿ ਦਰ ਤਹਿ ਫਰੋਲਦੇ ਜਾਂ ਵਿਚਾਰਦੇ ਨਹੀਂ ਪਰ ਜਦੋਂ ਤੱਕ ਮਾਮਲੇ ਦੀ ਜੜ੍ਹ ਦਾ ਹੀ ਨਾ ਪਤਾ ਲੱਗੇ ਤਾਂ ਉਹ ਸੁਲਝਾਇਆ ਨਹੀਂ ਜਾ ਸਕਦਾ। ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹਨ ਜੋ ਸਾਨੂੰ ਸਾਡੀ ਪੁਰਾਣੀ ਪੀੜ੍ਹੀ ਨਾਲ ਜੋੜ ਕੇ ਰੱਖਦੇ ਹਨ। ਸਾਡੇ ਪਰਿਵਾਰ ਦਾ ਮੁੱਢ ਇਹਨਾਂ ਨਾਲ ਹੀ ਬੰਨਿ੍ਹਆ ਜਾਂਦਾ ਹੈ। ਅਸੀਂ ਬੋਲ ਦਿੰਦੇ ਹਾਂ, ਲਿਖ ਦਿੰਦੇ ਹਾਂ ਕਿ ਸਾਡੇ ਸਮਾਜ ਵਿੱਚ ਸਾਡੇ ਬਜ਼ੁਰਗਾਂ ਦਾ ਸਤਿਕਾਰ ਨਹੀਂ ਹੋ ਰਿਹਾ। ਪਰ ਕਿਉਂ ਨਹੀਂ ਹੋ ਰਿਹਾ? ਇਸ ਸਵਾਲ ਨੂੰ ਹਮੇਸ਼ਾ ਅਣਦੇਖਾ ਕੀਤਾ ਜਾਂਦਾ ਹੈ ਪਰ ‘ਨੀਮ ਹਕੀਮ ਖ਼ਤਰਾ ਜਾਨ’।
ਜਦੋਂ ਇੱਕ ਧੀ ਵਿਆਹ ਕੇ ਦੂਜੇ ਘਰ ਜਾਂਦੀ ਹੈ ਤਾਂ ਉਹ ਉਸਦਾ ਦੂਜਾ ਜਨਮ ਹੁੰਦਾ ਹੈ। ਜੇਕਰ ਸੱਸ-ਨੂੰਹ ਦਾ ਮਾਂ-ਧੀ ਦਾ ਪਿਆਰ ਹੈ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਸੱਸ ਜਾਂ ਸਹੁਰੇ ਦਾ ਬੁਢਾਪਾ ਰੁਲ਼ੇ। ਪਰ ਕੁੱਝ ਸੱਸਾਂ ਮਾਵਾਂ ਨਹੀਂ ਬਣਦੀਆਂ ਤੇ ਉਹ ਨੂੰਹ ਤੇ ਧੀ ਵਿਚਕਾਰ ਭੇਦਭਾਵ ਰੱਖਦੀਆਂ ਹਨ, ਉਹ ਆਪਣੀ ਧੀ ਦੀ ਗ਼ਲਤੀ ਨੂੰ ਲੁਕਾਉਣ ਅਤੇ ਨੂੰਹ ਦੀ ਗ਼ਲਤੀ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਜੇਕਰ ਸੱਸਾਂ, ਮਾਵਾਂ ਬਣਨ ਦੀ ਕੋਸ਼ਿਸ਼ ਨਹੀਂ ਕਰਨਗੀਆਂ ਤਾਂ ਨੂੰਹਾਂ, ਧੀਆਂ ਕਿਵੇਂ ਬਣ ਜਾਣਗੀਆਂ? ਜੇਕਰ ਸਹੁਰੇ ਪਰਿਵਾਰ ਵਿੱਚ ਨੂੰਹਾਂ ਨੂੰ ਧੀਆਂ ਬਣਾ ਕੇ ਰੱਖਿਆ ਜਾਵੇ ਤਾਂ ਉਹ ਧੀਆਂ ਕਦੇ ਵੀ ਆਪਣੇ ਮਾਂ-ਬਾਪ ਦਾ ਬੁਢਾਪਾ ਨਹੀਂ ਰੁਲ਼ਣ ਦੇਣਗੀਆਂ।
ਸਾਡੇ ਬਜ਼ੁਰਗ ਸਾਡੇ ਬੋਹੜ ਹਨ। ਉਹ ਪੁਰਾਣੀ ਪੀੜ੍ਹੀ ਦੀ ਮਲਕੀਅਤ ਹਨ। ਆਧੁਨਿਕ ਖ਼ਿਆਲ ਤੇ ਪੁਰਾਤਨ ਖ਼ਿਆਲ ਹਮੇਸ਼ਾ ਹੀ ਤਕਰਾਰ ਦੀ ਪਟੜੀ ’ਤੇ ਤੁਰਦੇ ਹਨ। ਅਸੀਂ ਜਾਣਦੇ ਹਾਂ ਕਿ ਪਰਿਵਰਤਨ ਪ੍ਰਕਿਰਤੀ ਦਾ ਨਿਯਮ ਹੈ। ਹਰ ਵਸਤੂ ਸਮੇਂ ਅਨੁਸਾਰ ਬਦਲਦੀ ਰਹਿੰਦੀ ਹੈ ਤੇ ਜੋ ਬਦਲਦੀ ਨਹੀਂ ਉਹ ਉਸਦੀ ਹੋਂਦ ਮਿਟ ਜਾਂਦੀ ਹੈ। ਸਾਡੇ ਬਜ਼ੁਰਗ ਆਧੁਨਿਕ ਪੀੜ੍ਹੀ ਅਨੁਸਾਰ ਆਪਣੇ-ਆਪ ਨੂੰ ਬਦਲਦੇ ਨਹੀਂ। ਇਹਨਾਂ ਦੋ ਪੀੜ੍ਹੀਆਂ ਦੇ ਵਿਚਾਰਾਂ ਦੀ ਤਕਰਾਰ ਬਹਿਸ ਵਿੱਚ ਬਦਲ ਜਾਂਦੀ ਹੈ ਅਤੇ ਵਿਚਾਰ ਆਪਸ ਵਿੱਚ ਟਕਰਾਉਂਦੇ ਰਹਿੰਦੇ ਹਨ। ਪਾਣੀ ਵੀ ਵਹਿੰਦਾ ਹੀ ਸੋਹਣਾ ਲੱਗਦਾ ਹੈ ਜੇਕਰ ਪਾਣੀ ਇੱਕ ਜਗ੍ਹਾ ਖੜੋ ਜਾਵੇ ਤਾਂ ਬੋ ਆਉਣ ਲੱਗਦੀ ਹੈ। ਇਸ ਲਈ ਸਾਡੇ ਬਜ਼ੁਰਗਾਂ ਨੂੰ ਵੀ ਆਪਣੇ ਖ਼ਿਆਲਾਂ, ਵਿਚਾਰਾਂ ਨੂੰ ਵਹਿੰਦੇ ਪਾਣੀ ਵਾਂਗ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਸਾਫ਼ ਤੇ ਨਿਮਰਲ ਰਹਿਣ।
ਸਾਡੇ ਬਜ਼ੁਰਗਾਂ ਨੇ ਆਪਣੇ ਸਮੇਂ ਵਿੱਚ ਖੇਤਾਂ ਅਤੇ ਘਰਾਂ ਵਿੱਚ ਬਹੁਤ ਕੰਮ ਕੀਤਾ ਹੋਇਆ ਹੁੰਦਾ ਹੈ, ਜਿਸ ਕਰਕੇ ਉਹ ਅਗਲੀ ਪੀੜ੍ਹੀ ਤੋਂ ਵੀ ਉਹੋ-ਜਿਹੇ ਹੀ ਕੰਮ ਦੀ ਆਸ ਰੱਖਦੇ ਹਨ ਪਰ ਅੱਜ-ਕੱਲ੍ਹ ਨਾ ਤਾਂ ਪਹਿਲਾਂ ਵਾਲੀਆਂ ਖ਼ੁਰਾਕਾਂ ਹੀ ਰਹੀਆਂ, ਨਾ ਹੀ ਪਹਿਲਾਂ ਵਰਗੇ ਸ਼ੁੱਧ ਭੋਜਨ ਰਹੇ। ਨਾਲ ਹੀ ਅੱਜ ਦੇ ਇਸ ਵਿਗਿਆਨਕ ਯੁੱਗ ਵਿੱਚ ਪੜ੍ਹਾਈ ਵੀ ਕੋਈ ਸੌਖੀ ਨਹੀਂ, ਜਿਸ ਕਰਕੇ ਬੱਚਿਆਂ ਦਾ ਕੰਮ, ਧਿਆਨ ਅਤੇ ਸਮਾਂ ਵੰਡਿਆ ਜਾਂਦਾ ਹੈ, ਉਹ ਉਹਨਾਂ ਜਿੰਨਾ ਕੰਮ ਨਹੀਂ ਕਰ ਸਕਦੇ। ਸਾਡੇ ਬਜ਼ੁਰਗ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਅਤੇ ਹਰ ਵਿਸ਼ੇ ਨੂੰ ਬਹਿਸ ਬਣਾ ਲੈਂਦੇ ਹਨ। ਜਿਸ ਕਾਰਨ ਉਹਨਾਂ ਦੀ ਸ਼ਖ਼ਸੀਅਤ ਪਹਿਲਾਂ ਜਿੰਨੀ ਪ੍ਰਭਾਵਸ਼ਾਲੀ ਨਹੀਂ ਰਹਿੰਦੀ।
ਜੇਕਰ ਲੋੜ ਹੈ ਤਾਂ ਪੁਰਾਣੀ ਪੀੜ੍ਹੀ ਨੂੰ ਨਵੀਂ ਪੀੜ੍ਹੀ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਦੀ। ਇੱਕ-ਦੂਜੇ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਹਨਾਂ ਦਾ ਸੁਧਾਰ ਕਰਨ ਦੀ।
ਸਾਡੇ ਬਜ਼ੁਰਗਾਂ ਨੂੰ ਜੋ ਗੁਆਚ ਗਿਆ ਹੈ, ਉਸ ਲਈ ਰੋਣਾ ਛੱਡ ਕੇ, ਜੋ ਸਾਡੇ ਕੋਲ ਹੈ ਉਸਦੀ ਕਦਰ ਕਰਨੀ ਚਾਹੀਦੀ ਹੈ। ਉਹਨਾਂ ਨੂੰ ਅੱਜ ਦੀ ਪੀੜ੍ਹੀ ਦੇ ਵਿਚਾਰਾਂ ਨਾਲ ਸਾਂਝੀਵਾਲਤਾ ਵਿਖਾਉਣੀ ਚਾਹੀਦੀ ਹੈ ਤਾਂ ਜੋ ਰਿਸ਼ਤਿਆਂ ਦੀਆਂ ਜੰਜ਼ੀਰਾਂ ਤੋਂ ਜੰਗਾਲ ਨੂੰ ਦੂਰ ਕੀਤਾ ਜਾ ਸਕੇ। ਇੱਕ-ਦੂਜੇ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਬਜ਼ੁਰਗਾਂ ਨੂੰ ਡਾਂਗ ਦਾ ਸਹਾਰਾ ਛੱਡ ਕੇ ਨਵੀਂ ਪੀੜ੍ਹੀ ਦੇ ਮੋਢਿਆਂ ਨੂੰ ਆਪਣਾ ਸਹਾਰਾ ਬਣਾਉਣਾ ਚਾਹੀਦਾ ਹੈ। ਉਹਨਾਂ ਨੂੰ ਬੱਚਿਆਂ ਦੇ ਹਾਸਿਆਂ ਦੀ ਛਣਕਾਰ ਵਿੱਚ ਆਪਣੇ ਗੁਆਚੇ ਹਾਸੇ ਨੂੰ ਲੱਭਣਾ ਚਾਹੀਦਾ ਹੈ ਤੇ ਇਸ ਛਣਕਾਰ ਦਾ ਹਿੱਸਾ ਬਣਨਾ ਚਾਹੀਦਾ ਹੈ। ਸਾਨੂੰ ਸਿਰਫ਼ ਬਜ਼ੁਰਗਾਂ ਦਾ ਹੀ ਸਤਿਕਾਰ ਨਹੀਂ ਕਰਨਾ ਚਾਹੀਦਾ ਸਗੋਂ ਇਨਸਾਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਕੋਈ ਵੀ ਇਨਸਾਨ ਵੱਡਾ ਜਾਂ ਛੋਟਾ ਨਹੀਂ ਹੁੰਦਾ।
ਅਮਨਦੀਪ ਕੌਰ ‘ਕਲਵਾਨੂੰ’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ