ਮੋਗਾ ’ਚ ਹੋਏ ਲਾਠੀਚਾਰਜ ਦੇ ਵਿਰੋਧ ’ਚ ਕਿਸਾਨ ਆਗੂ ਰੁਲਦੂ ਸਿੰਘ ਨੇ ਵਾਪਿਸ ਕੀਤੇ ਗੰਨਮੈਨ

ਮੋਗਾ ’ਚ ਹੋਏ ਲਾਠੀਚਾਰਜ ਦੇ ਵਿਰੋਧ ’ਚ ਕਿਸਾਨ ਆਗੂ ਰੁਲਦੂ ਸਿੰਘ ਨੇ ਵਾਪਿਸ ਕੀਤੇ ਗੰਨਮੈਨ

ਮਾਨਸਾ, (ਸੁਖਜੀਤ ਮਾਨ)। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਪੁੱਛਣ ਲਈ ਮੋਗਾ ’ਚ ਇਕੱਠੇ ਹੋਏ ਕਿਸਾਨਾਂ ’ਤੇ ਪੁਲਿਸ ਵੱਲੋਂ ਢਾਹੇ ਜਬਰ ਦੇ ਵਿਰੋਧ ’ਚ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿਘ ਮਾਨਸਾ ਨੇ ਦੋ ਦਿਨ ਪਹਿਲਾਂ ਹੀ ਉਨਾਂ ਨੂੰ ਮਿਲੇ ਸਰਕਾਰੀ ਗੰਨਮੈਨ ਵਾਪਿਸ ਕਰ ਦਿੱਤੇ।

ਇਸ ਸਬੰਧੀ ਰੁਲਦੂ ਸਿੰਘ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਗਾ ਕਾਂਡ ਦੀ ਜਾਣਕਾਰੀ ਮਿਲਣ ’ਤੇ ਬੀਤੇ ਕੱਲ ਮਾਨਸਾ ਵਾਪਸ ਪਰਤਣ ਸਾਰ ਉਨਾਂ ਦੇਰ ਸ਼ਾਮ ਐਸ ਐਸ ਪੀ ਮਾਨਸਾ ਨਾਲ ਮੁਲਾਕਾਤ ਕਰਕੇ ਆਪਣੇ ਇਸ ਫੈਸਲੇ ਬਾਰੇ ਉਨਾਂ ਨੂੰ ਸੂਚਿਤ ਕਰ ਦਿੱਤਾ ਅਤੇ ਮੌਕੇ ’ਤੇ ਹੀ ਸਰਕਾਰੀ ਗੰਨਮੈਨ ਵਾਪਸ ਕਰ ਦਿੱਤੇ ।

ਉਨਾਂ ਕਿਹਾ ਕਿ ਉਹ ਤਾਂ ਪਹਿਲਾਂ ਹੀ ਗੰਨਮੈਨ ਲੈਣ ਲਈ ਸਹਿਮਤ ਨਹੀਂ ਸੀ ਅਤੇ ਪੁਲਿਸ ਵਲੋਂ ਜੋਰ ਦੇਣ ਦੇ ਬਾਵਜੂਦ ਕੁਝ ਦਿਨ ਪਹਿਲਾਂ ਉਨਾਂ ਗੰਨਮੈਨ ਲੈਣ ਤੋਂ ਲਿਖਤੀ ਤੌਰ ’ਤੇ ਇਨਕਾਰ ਵੀ ਕਰ ਦਿੱਤਾ ਸੀ ਪਰ ਕਿਸਾਨ ਆਗੂਆਂ ਨੂੰ ਸੁਰੱਖਿਆ ਮੁਹਈਆ ਕਰਵਾਉਣ ਲਈ ਉਪਰੋਂ ਆਈਆਂ ਹਦਾਇਤਾਂ ਦੇ ਹਵਾਲੇ ਨਾਲ ਪੁਲਿਸ ਅਧਿਕਾਰੀਆਂ ਵੱਲੋਂ ਵਾਰ ਵਾਰ ਸੁਰਖਿਆ ਗਾਰਡ ਲੈਣ ਲਈ ਅਪੀਲ ਕਰਨ ਅਤੇ ਜਥੇਬੰਦੀ ਦੇ ਕੁਝ ਆਗੂਆਂ ਵਲੋਂ ਵੀ ਇਹ ਗੱਲ ਮੰਨ ਲੈਣ ਦੀ ਰਾਏ ਦੇਣ ’ਤੇ ਗੰਨਮੈਨ ਲੈਣਾ ਪ੍ਰਵਾਨ ਕਰ ਲਿਆ ਸੀ।

ਕਿਸਾਨ ਆਗੂ ਨੇ ਦੱਸਿਆ ਕਿ ਕੱਲ ਮੋਗਾ ਵਿਖੇ ਕਿਸਾਨਾਂ ਉਤੇ ਢਾਹੇ ਗਏ ਜਬਰ ਦੀ ਕਾਲੀ ਕਰਤੂਤ ਤੋਂ ਇਕ ਵਾਰ ਮੁੜ ਪ੍ਰਤੱਖ ਹੋ ਗਿਆ ਹੈ ਕਿ ਕੈਪਟਨ ਸਰਕਾਰ ਵਾਂਗ ਸ਼ਰਮਾਏਦਾਰ ਸਰਕਾਰਾਂ, ਕਿਸਾਨ ਹਿਤੈਸੀ ਹੋਣ ਦਾ ਕਿੰਨਾ ਵੀ ਵਿਖਾਵਾ ਕਿਉਂ ਨਾ ਕਰਨ ਪਰ ਹੁਕਮਰਾਨ ਜਮਾਤ ਦੀਆਂ ਸਾਰੀਆਂ ਸੱਤਾਧਾਰੀ ਪਾਰਟੀਆਂ ਬੀਜੇਪੀ ਤੇ ਮੋਦੀ ਸਰਕਾਰ ਵਾਂਗ ਕਾਰਪੋਰੇਟ ਕੰਪਨੀਆਂ ਦੇ ਪਿੱਠੂ ਅਤੇ ਕਿਸਾਨਾਂ ਮਜਦੂਰਾਂ ਦੀਆਂ ਘੋਰ ਦੋਖੀ ਹਨ। ਉਨਾਂ ਕਹਾ ਕਿ ਵਾਰੋ ਵਾਰੀ ਪੰਜਾਬ ਦੀ ਸੱਤਾ ਭੋਗਣ ਲਈ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਅੰਦਰਖਾਤੇ ਮਿਲੀਭੁਗਤ ਨਾਲ ਸਿਆਸਤ ਕਰ ਰਹੇ ਹਨ। ਇੱਕ ਪਾਸੇ ਅੰਦੋਲਨਕਾਰੀ ਕਿਸਾਨਾਂ ਉਤੇ ਜਬਰ ਢਾਹੁਣ ਅਤੇ ਦੂਜੇ ਪਾਸੇ ਕਿਸਾਨ ਆਗੂਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਵਿਖਾਵਾ ਕਰਨ ਵਾਲੀ ਇਸ ਦੋਗਲੀ ਨੀਤੀ ਨੂੰ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ