ਘਰ ਦੀਆਂ ਜੜ੍ਹਾਂ ਹੁੰਦੇ ਹਨ ਬਜ਼ੁਰਗ, ਇਨ੍ਹਾਂ ਨੂੰ ਪਾਣੀ ਦੇਣਾ ਜ਼ਰੂਰੀ
ਸਮਾਂ ਬਹੁਤ ਤੇਜੀ ਨਾਲ ਬਦਲ ਰਿਹਾ ਹੈ। ਕੋਈ ਸਮਾਂ ਸੀ ਜਦੋਂ ਬਜ਼ੁਰਗਾਂ ਨੂੰ ਘਰ ਦੀ ਮੁਨਿਆਦ ਸਮਝਿਆ ਜਾਂਦਾ ਰਿਹਾ ਹੈ। ਉਨ੍ਹਾਂ ਨੂੰ ਪੁੱਛ ਕੇ ਕੋਈ ਵੀ ਘਰ ਦੀ ਕਬੀਲਦਾਰੀ ਦੀ, ਵਿਆਹ-ਸ਼ਾਦੀ ਦੀ, ਜਾਇਦਾਦ ਖਰੀਦਣ-ਵੇਚਣ ਲਈ, ਮਤਲਬ ਕਿ ਹਰ ਕੰਮ ਕਰਨ ਲੱਗਿਆਂ ਪੁੱਛਿਆ ਜਾਂਦਾ ਸੀ। ਤੇ ਘਰੋਂ ਕਿਸੇ ਵੀ ਕੰਮ-ਧੰਦੇ ਲਈ ਤੁਰਨ ਲੱਗਿਆਂ ਬਜੁਰਗਾਂ ਦੇ ਚਰਨ ਸਪੱਰਸ਼ ਕਰਨਾ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲੈਣ ਦਾ ਸਮਾਂ ਰਿਹਾ ਹੈ। ਹੌਲੀ-ਹੌਲੀ ਇੱਕੀਵੀਂ ਸਦੀ ਵਿੱਚ ਦਾਖਲ ਹੁੰਦਿਆਂ-ਹੁੰਦਿਆਂ ਜਿੱਥੇ ਆਪਾਂ ਪੈਸੇ ਦੀ ਚਕਾਚੌਂਧ ਵਿਚ ਗੁਆਚ ਗਏ ਹਾਂ, ਉੱਥੇ ਆਪਣੇ ਰਸਮ-ਰਿਵਾਜ ਅਤੇ ਬਜੁਰਗਾਂ ਦੇ ਮਾਣ-ਸਨਮਾਨ ਨੂੰ ਵੀ ਛਿੱਕੇ ਟੰਗ ਦਿੱਤਾ ਹੈ।
ਜੇਕਰ ਇਸੇ ਗੱਲ ਨੂੰ ਥੋੜ੍ਹੀ-ਜਿਹੀ ਖਰਵੀ ਵੀ ਲੈ ਲਈਏ ਤਾਂ ਵੀ ਕੋਈ ਅਤਿਕਥਨੀ ਨਹੀਂ ਹੈ। ਬਿਲਕੁਲ ਸੱਚਾਈ ਹੈ ਕਿ ਜੇਕਰ ਕਹਿ ਲਈਏ ਕਿ ਹੁਣ ਪੁਰਾਣੇ ਬਜੁਰਗਾਂ ਦੀ ਘਰ ਵਿਚ ਕੋਈ ਵੀ ਵੁੱਕਤ ਇੱਜਤ ਸਤਿਕਾਰ ਨਹੀਂ ਕਰਦਾ ਤਾਂ ਇਹ ਬਿਲਕੁਲ ਸੱਚਾਈ ਹੈ, ਕੁੱਝ ਕੁ ਪਰਸੈਂਟ ਲੋਕਾਂ ਨੂੰ ਛੱਡ ਕੇ ਜੋ ਕਿ ਬਜੁਰਗਾਂ ਦਾ ਅੱਜ ਵੀ ਸਤਿਕਾਰ ਕਰਦੇ ਨੇ, ਜੇਕਰ ਕਹਿ ਲਿਆ ਜਾਵੇ ਕਿ ਉਨ੍ਹਾਂ ਦੇ ਘਰਾਂ ਵਿੱਚ ਸਵਰਗ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ, ਪਰ ਇਹੋ ਜਿਹੇ ਪਰਿਵਾਰ ਉਂਗਲਾਂ ’ਤੇ ਗਿਣੇ ਜਾਣ ਵਾਲੇ ਹੀ ਹਨ, ਕਹਿਣ ਦਾ ਮਤਲਬ ਬਹੁਤ ਘੱਟ ਹਨ।
ਇਸ ਦੇ ਉਲਟ ਅਜੋਕੇ ਸਮਿਆਂ ਵਿੱਚ ਹਰ ਘਰ ਵਿੱਚ ਮਹਿੰਗੇ ਅਤੇ ਪਾਲਤੂ ਕੁੱਤੇ ਰੱਖਣ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਬੈੱਡ ਉੱਪਰ ਨਾਲ ਸਵਾਉਣਾ ਆਮ ਜਿਹੀ ਗੱਲ ਹੈ। ਕਈ-ਕਈ ਮਹਿੰਗੇ ਭਾਅ ਵਾਲੇ ਕੁੱਤੇ ਏ ਸੀ ਤੋਂ ਬਿਨਾਂ ਇੱਕ ਵੀ ਪਲ ਨਹੀਂ ਰਹਿ ਸਕਦੇ। ਇਸ ਦੇ ਉਲਟ ਬਜੁਰਗਾਂ ਦੀ ਜੋ ਦੁਰਦਸ਼ਾ ਇਸ ਸਮੇਂ ਹੋ ਰਹੀ ਹੈ ਉਹ ਵੀ ਕਿਸੇ ਤੋਂ ਗੁੱਝੀ ਨਹੀਂ ਹੈ। ਪਹਿਲੀ ਗੱਲ ਤਾਂ ਬਜ਼ੁਰਗਾਂ ਲਈ ਘਰਾਂ ਵਿੱਚ ਥਾਂ ਹੀ ਨਹੀਂ ਸਗੋਂ ਬਿਰਧ ਆਸ਼ਰਮ ਵਿਚ ਛੱਡਣ ਦਾ ਰਿਵਾਜ ਚਰਮ ਸੀਮਾ ’ਤੇ ਹੈ, ਜੇਕਰ ਘਰ ਵਿੱਚ ਹਨ ਤਾਂ ਇੱਕ ਪੁਰਾਣੇ ਜਿਹੇ ਕਮਰੇ ਵਿੱਚ ਜਿੱਥੇ ਸਿਰਫ ਪੱਖਾ ਹੀ ਹੁੰਦਾ ਹੈ
ਉਹੀ ਉਨ੍ਹਾਂ ਨੂੰ ਨਸੀਬ ਹੁੰਦਾ ਹੈ। ਪਰ ਪਾਲਤੂ ਕੁੱਤਿਆਂ ਲਈ ਮਖਮਲੀ ਗਦੇਲੇ ਏ ਸੀ ਕਮਰੇ ਤੇ ਘੁੰਮਣ-ਫਿਰਨ ਲਈ ਲਗਜਰੀ ਕਾਰਾਂ ਆਮ ਲੋਕ ਵਰਤਦੇ ਹਨ ਇਹ ਅੱਜ-ਕੱਲ੍ਹ ਦਾ ਫੈਸ਼ਨ ਬਣ ਚੁੱਕਿਆ ਹੈ। ਜੇ ਕਿਤੇ ਬਜੁਰਗਾਂ ਨੂੰ ਕਾਰ ਵਿੱਚ ਅਜੋਕੀ ਪੀੜ੍ਹੀ ਨੂੰ ਲੈ ਕੇ ਜਾਣਾ ਵੀ ਪੈ ਜਾਵੇ ਤਾਂ ਆਫਤ ਆ ਜਾਂਦੀ ਹੈ। ਜੇਕਰ ਬਜੁਰਗਾਂ ਨੂੰ ਦਵਾਈ ਦੀ ਲੋੜ ਹੈ ਤਾਂ ਜੇਬ੍ਹ ਖਾਲੀ ਪਰ ਕੁੱਤਿਆਂ ’ਤੇ ਖਰਚ ਕਰਨ ਲਈ ਹਜਾਰਾਂ ਰੁਪਏ ਇੱਕ ਸਕਿੰਟ ਵਿੱਚ ਖਰਚਣੇ ਅਜੋਕੀ ਨੌਜਵਾਨ ਪੀੜ੍ਹੀ ਦਾ ਟਰੈਂਡ ਬਣ ਚੁੱਕਾ ਹੈ।
ਪਿਛਲੇ ਦੋ ਕੁ ਮਹੀਨਿਆਂ ਤੋਂ ਚਾਰ-ਪੰਜ ਵਾਰ ਲੁਧਿਆਣਾ ਵਿਖੇ ਪਸ਼ੂਆਂ ਦੇ ਹਸਪਤਾਲ ਵਿੱਚ ਇੱਕ ਲੈਬਰੇ ਕੁੱਤੀ ਨੂੰ ਕਾਰ ’ਤੇ ਲਿਜਾਣ ਦਾ ਮੈਨੂੰ ਸਮਾਂ ਮਿਲਿਆ ਉਸ ਦੇ ਤਿੰਨ ਅਪਰੇਸ਼ਨ ਹੋਏ, ਵਾਰ-ਵਾਰ ਟਾਂਕੇ ਟੁੱਟਣ ਕਰਕੇ ਹੀ ਕਈ ਚੱਕਰ ਲਾਉਣੇ ਪਏ। ਸਰਕਾਰੀ ਹਸਪਤਾਲ ਕਰਕੇ ਸਰਕਾਰੀ ਪਰਚੀ ਸੱਠ ਰੁਪਏ ਸੀ ਹੌਲੀ-ਹੌਲੀ ਦੋ ਕੁ ਮਹੀਨਿਆਂ ਵਿਚ ਇਸ ਨੂੰ ਵਧਾ ਕੇ ਦੋ ਸੌ ਰੁਪਏ ਕਰ ਦਿੱਤਾ ਗਿਆ, ਪਰ ਲਿਖ ਕੇ ਕੁੱਝ ਵੀ ਨਹੀਂ ਦਿੰਦੇ ਸਿਰਫ ਕੁੱਤੇ ਦੇ ਨਾਂਅ ਦਾ ਕਾਰਡ ਹੀ ਬਣਾਇਆ ਜਾਂਦਾ ਹੈ, ਜਿਸ ਉੱਤੇ ਪਰਚੀ ਕੱਟ ਕੇ ਲਏ ਦੋ ਸੌ ਰੁਪਏ ਦਾ ਕਿਤੇ ਵੀ ਜ਼ਿਕਰ ਨਹੀਂ ਹੁੰਦਾ।
ਡਾਕਟਰ ਸਾਹਿਬਾਨ ਦਾ ਵਤੀਰਾ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੁੰਦਾ। ਬੋਲੀ ਵਿੱਚ ਕੋਈ ਮਿਠਾਸ ਨਹੀਂ ਜਦੋਂ ਕਿ ਆਮ ਕਹਾਵਤ ਹੈ ਕਿ ਡਾਕਟਰ ਤਾਂ ਉਹੀ ਹੁੰਦਾ ਹੈ ਜੋ ਆਪਣੀ ਮਿੱਠੀ-ਪਿਆਰੀ ਬੋਲੀ ਨਾਲ ਮਰੀਜ ਨੂੰ ਅੱਧਿਓਂ ਵੱਧ ਆਰਾਮ ਦਿਵਾ ਦੇਵੇ। ਇਸ ਦੀ ਬਾਬਤ ਮੈਂ ਜਿਸ ਪਰਿਵਾਰ ਨਾਲ ਗਿਆ ਸਾਂ ਉਹ ਹੈਡ ਆਫ ਦ ਡਿਪਾਰਮੈਟ ਨੂੰ ਇੱਕ ਲਿਖਤੀ ਸ਼ਿਕਾਇਤ ਵੀ ਦੇ ਕੇ ਆਏ, ਜੋ ਲੇਖ ਦੇ ਨਾਲ ਅਟੈਚ ਹੈ। ਕੀ ਇਸ ’ਤੇ ਕੋਈ ਗੌਰ ਹੋਵੇਗੀ ਇਹ ਹਾਲੇ ਸਮੇਂ ਦੇ ਗਰਭ ਵਿੱਚ ਹੈ।
ਉਸ ਹਸਪਤਾਲ ਵਿੱਚ ਕੋਈ ਭੀੜ ਵੇਖੀ? ਐਨੀ ਭੀੜ ਇਨਸਾਨਾਂ ਦੇ ਹਸਪਤਾਲ ਵਿੱਚ ਵੀ ਨਹੀਂ ਵੇਖੀ ਕਦੇ। ਜ਼ਿਆਦਾਤਰ ਲੇਡੀਜ ਭਾਂਤ-ਭਾਂਤ ਦੀ ਬਰੀਡ ਦੇ ਕੁੱਤੇ-ਕੁੱਤੀਆਂ ਲੈ ਲੈ ਕੇ ਹਸਪਤਾਲ ਵਿੱਚ ਪਹੁੰਚਦੇ ਹਨ, ਸਾਰੀ-ਸਾਰੀ ਦਿਹਾੜੀ ਹਸਪਤਾਲ ਵਿੱਚ ਕੁੱਤਿਆਂ ਨੂੰ ਬਹੁਤ ਜ਼ਿਆਦਾ ਗਰਮੀ ਵਿੱਚ ਦਵਾਈ ਦਿਵਾਉਂਦਿਆਂ ਲੰਘ ਜਾਂਦੀ ਹੈ। ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇਕਰ ਘਰ ਵਿੱਚ ਬਜੁਰਗਾਂ ਨੂੰ ਐਨਾ ਸਮਾਂ ਦੇਣਾ ਪੈ ਜਾਵੇ ਤਾਂ ਕੋਈ ਵੀ ਨਹੀਂ ਦਿੰਦਾ ਹੋਵੇਗਾ।
ਇੱਥੇ ਇਸ ਗੱਲ ਦਾ ਜ਼ਿਕਰ ਕਰਨ ਦਾ ਇਹ ਮਤਲਬ ਨਹੀਂ ਕਿ ਸਾਨੂੰ ਪਾਲਤੂ ਜਾਨਵਰ ਨਹੀਂ ਰੱਖਣੇ ਚਾਹੀਦੇ ਪਾਲਤੂ ਜਾਨਵਰ ਰੱਖੋ ਵੀ, ਬਿਮਾਰ ਹੋਣ ’ਤੇ ਉਨ੍ਹਾਂ ਦਾ ਇਲਾਜ ਵੀ ਕਰਵਾਓ ਪਰ ਆਪਣੇ ਘਰ ਦੇ ਬਜ਼ੁਰਗਾਂ ਦਾ ਸਮਾਂ, ਤਵੱਜੋ, ਮਾਣ ਦੀ ਕੀਮਤ ’ਤੇ ਇਨ੍ਹਾਂ ਨੂੰ ਨਾ ਪਾਲ਼ੋ ਪਿਛਲੇ ਸਮੇਂ ਵਿਚ ਆਮ ਹੀ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਸਨ ਜਿਨ੍ਹਾਂ ਵਿਚ ਇੱਕ ਬਜ਼ੁਰਗ ਮਾਂ ਨੂੰ ਉਸਦੇ ਪੁੱਤ ਧੀਆਂ, ਜੋ ਕਿ ਵੱਡੇ-ਵੱਡੇ ਅਹੁਦਿਆਂ ’ਤੇ ਸਨ, ਨੇ ਸੜਕ ਕਿਨਾਰੇ ਮਰਨ ਲਈ ਛੱਡ ਦਿੱਤਾ
ਆਮ ਹੀ ਖ਼ਬਰਾਂ ਆਉਂਦੀਆਂ ਹਨ ਕਿ ਬਿਮਾਰ ਬਜ਼ੁਰਗਾਂ ਨੂੰ ਲੋਕੀ ਧਾਰਮਿਕ ਅਸਥਾਨਾਂ ਵਿਚ ਛੱਡ ਕੇ ਚਲੇ ਜਾਂਦੇ ਹਨ, ਜੋ ਬਜ਼ੁਰਗ ਇਸ ਹਾਲਤ ਵਿਚ ਹੁੰਦੇ ਹਨ ਕਿ ਆਪਣਾ ਨਾਂਅ ਪਤਾ ਵੀ ਸਹੀ ਢੰਗ ਨਾਲ ਨਹੀਂ ਦੱਸ ਸਕਦੇ ਘਰ ਦੇ ਬਜੁਰਗਾਂ ਨਾਲ ਦੁਰਵਿਹਾਰ ਦੀਆਂ ਵੀਡੀਓ ਆਮ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਵਿਚ ਕਦੇ ਨੂੰਹਾਂ ਵੱਲੋਂ, ਕਦੇ ਪੁੱਤਾਂ ਵੱਲੋਂ, ਕਦੇ ਪੋਤਰਿਆਂ ਵੱਲੋਂ ਬਜ਼ੁਰਗਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ
ਸੋ ਜੇਕਰ ਸਮਾਜ ਨੂੰ ਨਿਘਾਰ ਤੋਂ ਬਚਾਉਣਾ ਹੈ ਤਾਂ ਸਮਾਜ ਵਿਚ ਬਜ਼ੁਰਗਾਂ ਦੇ ਮਾਣ-ਸਤਿਕਾਰ, ਇੱਜਤ ਨੂੰ ਬਹਾਲ ਕਰਨਾ ਪਏਗਾ ਕਿਉਂਕਿ ਕੋਈ ਵੀ ਸਮਾਜ, ਕੌਮ, ਘਰ ਓਨਾ ਚਿਰ ਤਰੱਕੀ ਨਹੀਂ ਕਰ ਸਕਦਾ ਜਿਨ੍ਹਾਂ ਚਿਰ ਉਹ ਆਪਣੀਆਂ ਜੜ੍ਹਾਂ ਨਾਲ ਨਹੀਂ ਜੁੜਦਾ ਇਸ ਲਈ ਘਰਾਂ ਵਿਚ ਬਜ਼ੁਰਗਾਂ ਦਾ ਸਤਿਕਾਰ ਕਰੋ ਕਿਉਂਕਿ ਅੱਜ ਜੋ ਜਵਾਨ ਹੈ ਕੱਲ੍ਹ ਨੂੰ ਉਸ ਨੇ ਬਜ਼ੁਰਗ ਹੋ ਜਾਣਾ ਹੈ
ਸ੍ਰੀ ਮੁਕਤਸਰ ਸਾਹਿਬ
ਮੋ. 95691-49556
ਜਸਵੀਰ ਸ਼ਰਮਾ ਦੱਦਾਹੂਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ