ਅਮਰਿੰਦਰ ਤੋਂ ਡਰੇ ਸਿੱਧੂ ਧੜੇ ਦੇ ਕਈ ਵਿਧਾਇਕਾਂ ਨੇ ਆਖਿਆ
- ਮੀਟਿੰਗ ਦੌਰਾਨ ਨਹੀਂ ਕੀਤੇ ਗਏ ਕਿਸੇ ਮਤੇ ’ਤੇ ਦਸਤਖ਼ਤ, ਵਿਧਾਇਕਾਂ ਨੇ ਸਾਫ਼ ਕੀਤਾ ਇਨਕਾਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਜੇਕਰ ਕਾਂਗਰਸ ਪਾਰਟੀ ਨੂੰ ਬਰਬਾਦ ਕਰਨਾ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਸੱਤਾ ਵਿੱਚੋਂ ਕਾਂਗਰਸ ਪਾਰਟੀ ਦਾ ਸਫ਼ਾਇਆ ਕਰਵਾਉਣਾ ਹੈ ਤਾਂ ਇਸ ਤਰ੍ਹਾਂ ਦੀ ਬਗਾਵਤ ਕਰਦੇ ਹੋਏ ਕੁਝ ਮਰਜ਼ੀ ਕਰੀ ਜਾਓ ਪਰ ਅਸੀਂ ਕਿਸੇ ਵੀ ਕਾਗਜ਼ ’ਤੇ ਦਸਤਖ਼ਤ ਨਹੀਂ ਕਰਾਂਗੇ, ਜਿਹੜੇ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਹਟਾਉਣ ਦੇ ਮਾਮਲੇ ਵਿੱਚ ਹੋਣਗੇ, ਕਿਉਂਕਿ ਉਹ ਵੀ ਖੁੰਧਕੀ ਘੱਟ ਨਹੀਂ ਹੈ। ਅਮਰਿੰਦਰ ਸਿੰਘ ਨੇ ਖੁੰਧਕ ’ਚ ਸਾਰਿਆਂ ਨੂੰ ਹਰਾ ਦੇਣਾ ਹੈ, ਫਿਰ ਸੱਤਾ ਹੀ ਨਾ ਮਿਲੀ ਆਈ ਤਾਂ ਕੀ ਕਰਾਂਗੇ। ਇਸ ਲਈ 2022 ਦੀ ਚੋਣਾਂ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਕੋਈ ਮਰਜ਼ੀ ਮੁੱਖ ਮੰਤਰੀ ਬਣਾ ਲਇਓ ਪਰ ਅਜੇ ਰੁਕ ਜਾਓ। ਇਹ ਸਲਾਹ ਬਾਗੀ ਮੰਤਰੀਆਂ ਅਤੇ ਵਿਧਾਇਕਾਂ ਦੀ ਮੀਟਿੰਗ ਵਿੱਚ 3-4 ਵਿਧਾਇਕ ਦਿੰਦੇ ਨਜ਼ਰ ਆਏ।
ਤਿੰਨ ਵਿਧਾਇਕਾਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਮੀਟਿੰਗ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਇਥੇ ਕੀ ਹੋਣ ਵਾਲਾ ਹੈ। ਸਾਨੂੰ ਤਾਂ ਪਹਿਲਾਂ ਇਹ ਹੀ ਨਹੀਂ ਪਤਾ ਚੱਲਿਆ ਕਿ ਆਖ਼ਰਕਾਰ ਇਥੇ ਹੋ ਕੀ ਰਿਹਾ ਹੈ। ਕਾਫ਼ੀ ਜਿਆਦਾ ਰੌਲ਼ੇ-ਰੱਪੇ ਵਿੱਚ ਇਹ ਦੱਸਿਆ ਗਿਆ ਕਿ ਹੁਣ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਰਹਿਣ ਦਿੱਤਾ ਜਾਏਗਾ ਅਤੇ ਇਸ ਮਾਮਲੇ ਵਿੱਚ ਸੋਨੀਆ ਗਾਂਧੀ ਨੂੰ ਮਿਲਿਆ ਜਾਵੇ।
ਅਮਰਿੰਦਰ ਸਿੰਘ ਦੇ ਹੱਕ ਵਿੱਚ ਨਹੀਂ ਤਾਂ ਇਸ ਤਰ੍ਹਾਂ ਦੀ ਬਗਾਵਤ ਕਰਨਾ ਵੀ ਗਲਤ : ਵਿਧਾਇਕ
ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਕਾਫ਼ੀ ਵਿਧਾਇਕ ਇਸ ਹੱਕ ਵਿੱਚ ਨਹੀਂ ਸਨ, ਕਿਉਂਕਿ ਹੁਣ ਚੋਣਾਂ ਨੂੰ ਜ਼ਿਆਦਾ ਸਮਾਂ ਨਹੀਂ ਰਿਹਾ ਹੈ ਅਤੇ ਇਸ ਤਰਾਂ ਦੇ ਤਖਤਾ ਪਲਟ ਦੀ ਕਾਰਵਾਈ ਨਾਲ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਕਾਫ਼ੀ ਜ਼ਿਆਦਾ ਨੁਕਸਾਨ ਹੋ ਜਾਵੇਗਾ ਪਰ ਚਾਰੇ ਕੈਬਨਿਟ ਮੰਤਰੀ ਮੰਨਣ ਨੂੰ ਤਿਆਰ ਨਹੀਂ ਸਨ । ਇਸ ਦੌਰਾਨ ਮਤਾ ਪਾਉਣ ਦੀ ਗੱਲ ਆਈ ਤਾਂ ਕੁਝ ਵਿਧਾਇਕਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਇਸ ਤਰ੍ਹਾਂ ਦੇ ਕੋਈ ਦਸਤਖ਼ਤ ਨਹੀਂ ਕਰਨਗੇ, ਜਿਸ ਤੋਂ ਬਾਅਦ ਇਹ ਗੱਲ ’ਤੇ ਜ਼ਿਆਦਾ ਚਰਚਾ ਨਹੀਂ ਹੋਈ।
ਵਿਧਾਇਕਾਂ ਨੇ ਦੱਸਿਆ ਕਿ ਉਨ੍ਹਾਂ ਮੀਟਿੰਗ ਦੌਰਾਨ ਕਿਹਾ ਕਿ ਅਮਰਿੰਦਰ ਸਿੰਘ ਦੀ ਉਮਰ ਕਾਫ਼ੀ ਹੋ ਗਈ ਹੈ ਅਤੇ ਸਾਰੇ ਉਨ੍ਹਾਂ ਦਾ ਸਤਿਕਾਰ ਵੀ ਕਰਦੇ ਹਨ। ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹ ਖ਼ੁਦ ਪਿੱਛੇ ਹਟ ਜਾਣਗੇ ਜਾਂ ਫਿਰ ਚੋਣਾਂ ਤੋਂ ਤੁਰੰਤ ਬਾਅਦ ਅਮਰਿੰਦਰ ਸਿੰਘ ਨੂੰ ਦੁਬਾਰਾ ਮੁੱਖ ਮੰਤਰੀ ਨਾ ਬਣਾਉਣ ਦੀ ਗੱਲ ਕੀਤੀ ਜਾਵੇ ਪਰ ਇਹ ਸਮਾਂ ਠੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਵੀ ਕਿਹਾ ਗਿਆ ਕਿ ਜੇਕਰ ਅਸੀਂ ਵਿਰੋਧਤਾ ਕਰਾਂਗੇ ਤਾਂ ਅਮਰਿੰਦਰ ਸਿੰਘ ਵੀ ਵਾਪਸੀ ਕਰਨਗੇ ਅਤੇ ਉਨ੍ਹਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੇ। ਜਿਸ ਨਾਲ ਨੁਕਸਾਨ ਵਿਧਾਇਕਾਂ ਅਤੇ ਕਾਂਗਰਸ ਪਾਰਟੀ ਨੂੰ ਹੀ ਹੋਣਾ ਹੈ।
ਸਿੱਧੂ ਪ੍ਰਧਾਨਗੀ ਲੈ ਗਿਆ, ਮੰਤਰੀਆਂ ਨੂੰ ਕੁਰਸੀ ਦੀ ਚਿੰਤਾ, ਅਸੀਂ ਤਾਂ ਮੋਹਰੇ ਹਾਂ
ਇੱਕ ਵਿਧਾਇਕ ਨੇ ਇੱਥੋਂ ਤੱਕ ਕਿਹਾ, ‘‘ਕਿ ਉਹ ਤਾਂ ਬਾਹਰ ਚੁੱਪ ਕਰਕੇ ਹੀ ਆ ਗਏ ਕਿਉਂਕਿ ਪਹਿਲਾਂ ਨਵਜੋਤ ਸਿੱਧੂ ਸਾਨੂੰ ਲੈ ਕੇ ਫਿਰਦਾ ਸੀ ਪਰ ਆਪ ਪ੍ਰਧਾਨ ਬਣ ਕੇ ਚੁੱਪ ਕਰ ਗਿਆ ਹੁਣ ਹੁਣ ਮੰਤਰੀਆਂ ਨੂੰ ਡਰ ਹੈ ਕਿ ਕਿਤੇ ਸਿੱਧੂ ਮੈਨੂੰ ਕੈਬਨਿਟ ’ਚੋਂ ਨਾ ਕੱਢ ਦੇਵੇ ਇਸ ਲਈ ਮੰਤਰੀ ਮੀਟਿੰਗਾਂ ਕਰ ਰਹੇ ਹਨ ਇਸ ਨਾਲ ਨੁਕਸਾਨ ਤਾਂ ਸਾਡਾ ਹੀ ਹੋਣਾ ਹੈ, ਇਸ ਲਈ ਅੱਗੇ ਤੋਂ ਅਸੀ ਮੀਟਿੰਗ ’ਚ ਹੀ ਨਹੀਂ ਆਉਣਗੇ।’’