ਸਰਪੰਚ ਵੀ ਹੋਏ ਤੱਤੇ, 10 ਦਿਨ ਨਾ ਕਰਨਗੇ ਕੰਮ, ਨਾ ਦੇਖਣੇ ਮੰਤਰੀਆਂ, ਵਿਧਾਇਕਾਂ ਦੇ ਮੂੰਹ

ਸਰਪੰਚ ਯੂਨੀਅਨ ਵੱਲੋਂ ਦੂਜੇ ਦਿਨ ਰੋਸ ਪ੍ਰਦਰਸ਼ਨ ਦੌਰਾਨ ਸਰਕਾਰ ਖਿਲਾਫ਼ ਲਿਆ ਸਖਤ ਫੈਸਲਾ

10 ਦਿਨਾਂ ਬਾਅਦ ਸਰਕਾਰ ਨਾ ਜਾਗੀ ਤਾ ਘੇਰਾਂਗੇ ਚੰਡੀਗੜ੍ਹ ਅਮਰਿੰਦਰ ਸਿੰਘ ਦੀ ਕੋਠੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਆਪਣੀਆਂ ਮੰਗਾਂ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕਰ ਰਹੇ ਸਰਪੰਚਾਂ ਵੱਲੋਂ ਸਰਕਾਰ ਖਿਲਾਫ਼ ਸਖਤ ਫੈਸਲਾ ਲਿਆ ਹੈ। ਸਰਪੰਚ 10 ਦਿਨਾਂ ਦੀ ਕਲਮ ਤੋੜੂ ਹੜਤਾਲ ਤੇ ਚਲੇ ਗਏ ਹਨ। ਇਸ ਦੇ ਨਾਲ ਹੀ 10 ਦਿਨ ਹੀ ਨਾ ਤਾਂ ਸਰਪੰਚਾਂ ਵੱਲੋਂ ਕਿਸੇ ਵਿਧਾਇਕ ਤੇ ਮੱਥੇ ਲੱਗਿਆ ਜਾਵੇਗਾ ਅਤੇ ਨਾ ਹੀ ਕਿਸੇ ਮੰਤਰੀ ਦੇ ਪ੍ਰੋਗਰਾਮ ’ਚ ਹਿੱਸਾ ਲਿਆ ਜਾਵੇਗਾ। ਯੂਨੀਅਨ ਵੱਲੋਂ ਸਰਪੰਚਾਂ ਨੂੰ ਸੁਨੇਹਾ ਦੇ ਦਿੱਤਾ ਗਿਆ ਹੈ ਕਿ ਉਹ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਤੋਂ ਦੂਰੀ ਬਣਾ ਲੈਣ।

ਜਾਣਕਾਰੀ ਅਨੁਸਾਰ ਸਰਪੰਚ ਯੂਨੀਅਨ ਆਫ਼ ਪੰਜਾਬ ਵੱਲੋਂ ਅੱਜ ਇੱਥੇ ਦੂਜੇ ਦਿਨ ਵੀ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਰਪੰਚਾਂ ਵੱਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ’ਤੇ ਸਰਕਾਰ ਖਿਲਾਫ਼ ਤਿੱਖਾ ਰੋਸ ਜਾਹਰ ਕੀਤਾ ਗਿਆ। ਯੂਨੀਅਨ ਦੇ ਆਗੂਆਂ ਵੱਲੋਂ ਸਪੱਸ਼ਟ ਆਖ ਦਿੱਤਾ ਗਿਆ ਕਿ ਜੇਕਰ ਸਰਕਾਰ ਵੱਲੋਂ ਪਿੰਡਾਂ ਅੰਦਰ ਵਿਕਾਸ ਕਾਰਜ਼ਾਂ ਸਮੇਤ ਉਨ੍ਹਾਂ ਦੇ ਨਿਗੁਣੇ ਮਾਣ ਭੱਤਿਆਂ ਸਮੇਤ ਹੋਰ ਮੰਗਾਂ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕਿਆ ਜਾਂਦਾ ਤਾਂ ਸਰਪੰਚ ਵੀ ਸਰਕਾਰ ਨਾਲ ਕਿਸੇ ਪ੍ਰਕਾਰ ਦਾ ਸਹਿਯੋਗ ਨਹੀਂ ਕਰਨਗੇ।

ਯੂਨੀਅਨ ਵੱਲੋਂ ਦਾਅਵਾ ਕੀਤਾ ਗਿਆ ਕਿ ਇਸ ਦੋ ਰੋਜ਼ਾ ਧਰਨੇ ਵਿੱਚ ਪੰਜਾਬ ਦੀਆਂ ਲਗਭਗ ਸੱਤ ਹਜਾਰ ਤੋਂ ਵੱਧ ਪੰਚਾਇਤਾਂ ਵੱਲੋਂ ਭਾਗ ਲਿਆ ਗਿਆ ਹੈ। ਸਰਪੰਚ ਪੰਚਾਇਤ ਯੂਨੀਅਨ ਆਫ ਪੰਜਾਬ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਫਹਿਤਗੜ੍ਹ ਸਾਹਿਬ ਨੇ ਕਿਹਾ ਕਿ ਪਿੰਡਾਂ ਦੇ ਸਰਪੰਚ 10 ਦਿਨ ਕੋਈ ਕੰਮ ਨਹੀਂ ਕਰਨਗੇ ਅਤੇ ਨਾ ਹੀ ਪਿੰਡਾਂ ਵਿੱਚ ਹੋਣ ਵਾਲੇ ਕਿਸੇ ਵਿਧਾਇਕ ਜਾਂ ਮੰਤਰੀ ਦੇ ਸਮਾਗਮਾਂ ਦਾ ਹਿੱਸਾ ਬਣਨਗੇ।

ਉਨ੍ਹਾਂ ਕਿਹਾ ਕਿ ਇਨ੍ਹਾਂ 10 ਦਿਨਾਂ ਤੱਕ ਨਾ ਕੋਈ ਮਤਾ ਅਤੇ ਨਾ ਹੀ ਹੋਰ ਕਿਸੇ ਕੰਮ ਨੂੰ ਹੱਥ ਲਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ 10 ਦਿਨਾਂ ਬਾਅਦ ਵੀ ਸਰਕਾਰ ਵੱਲੋਂ ਕਿਸੇ ਪ੍ਰਕਾਰ ਦਾ ਰਾਬਤਾ ਕਾਇਮ ਨਹੀਂ ਕੀਤਾ ਜਾਂਦਾ ਤਾ ਉਹ ਚੰਡੀਗੜ੍ਹ ਦੇ ਮਟਕਾ ਚੌਂਕ ਵਿੱਚ ਧਰਨਾ ਦੇਣਗੇ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਘੇਰਨ ਲਈ ਵੀ ਮਜ਼ਬੂਰ ਹੋਣਗੇ।

ਯੂਨੀਅਨ ਆਗੂਆਂ ਨੇ ਚੇਤਾਵਾਨੀ ਦਿੰਦੇ ਹੋਏ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਸਰਕਾਰ ਕਰੜੇ ਨਤੀਜੇ ਭੁਗਤਣ ਲਈ ਵੀ ਤਿਆਰ ਰਹੇ। ਉਨ੍ਹਾਂ ਕਿਹਾ ਕਿ ਪੰਚਾਇਤਾਂ ਉਸ ਪਾਰਟੀ ਦਾ ਸਾਥ ਦੇਣਗੀਆਂ ਜੋਂ ਸਾਡੇ ਹੱਕਾ ਲਈ ਖੜਨਗੇ। ਇਸ ਮੌਕੇ ਮੀਤ ਪ੍ਰਧਾਨ ਮੱਖਣ ਝੰਡੀ , ਚਮਕੌਰ ਸਿੰਘ, ਯਾਦਵਿੰਦਰ ਸਿੰਘ ਧਨੋਰੀ, ਜਗਦੀਪ ਸਿੰਘ ਬਲਾਕ ਪ੍ਰਧਾਨ ਮਾਨਸਾ , ਬਲਾਕ ਪ੍ਰਧਾਨ ਸਿਵਦਰਸ਼ਨ ਸਿੰਘ ਸੁਨਾਮ ਆਦਿ ਨੇ ਕਿਹਾ ਕਿ ਸਰਪੰਚਾਂ ਵੱਲੋਂ ਕੱਲ ਮੋਤੀ ਮਹਿਲਾ ਨੇੜੇ ਧਰਨਾ ਦੇਣ ਦੇ ਬਾਵਜ਼ੂਦ ਸਰਕਾਰ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ