ਕਬੱਡੀ ਖਿਡਾਰੀ ਨੂੰ 10 ਲੱਖ ’ਚ ਪਈ ਫੇਸਬੁੱਕ ’ਤੇ ਮਹਿਲਾ ਨਾਲ ਕੀਤੀ ਮਿੱਤਰਤਾ
ਬਰਨਾਲਾ, (ਜਸਵੀਰ ਸਿੰਘ ਗਹਿਲ) ਪਿੰਡ ਬਡਬਰ ਦੇ ਇੱਕ ਕਬੱਡੀ ਖਿਡਾਰੀ ਨੂੰ ਫੇਸਬੁੱਕ ’ਤੇ ਇੱਕ ਔਰਤ ਨਾਲ ਹੋਈ ਮਿੱਤਰਤਾ 10 ਲੱਖ ’ਚ ਪੈ ਗਈ। ਮਾਮਲਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਬਡਬਰ ਦਾ ਹੈ। ਜਿੱਥੇ ਇੱਕ ਕਬੱਡੀ ਖਿਡਾਰੀ ਨੌਜਵਾਨ ਨੂੰ ਫੇਸਬੁੱਕ ’ਤੇ ਹੋਈ ਮਿੱਤਰਤਾ ਦਾ ਖ਼ਮਿਆਜ਼ਾ ਜ਼ੱਦੀ-ਪੁਸਤੀ ਜ਼ਮੀਨ ਵੇਚ ਕੇ ਭੁਗਤਣਾ ਪਿਆ। ਜਿਸ ਕਾਰਨ ਨੌਜਵਾਨ ਨੂੰ ਜਿੱਥੇ ਆਪਣੇ ਘਰਦਿਆਂ ਦੀ ਝੱਲਣੀਆਂ ਪੈ ਰਹੀਆਂ ਹਨ ਉੱਥੇ ਹੀ ਦਿੱਤੀ ਰਕਮ ਵਾਪਸ ਲੈਣ ਲਈ ਸਥਾਲਕ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰਾਂ ਵਿੱਚ ਖੱਜ਼ਲ-ਖੁਆਰ ਹੋਣਾ ਪੈ ਰਿਹਾ ਹੈ।
ਸਥਾਨਕ ਪ੍ਰਬੰਧਕੀ ਕੰਪਲੈਕਸ ਵਿਖੇ ਜਾਣਕਾਰੀ ਦਿੰਦਿਆਂ ਕਬੱਡੀ ਖਿਡਾਰੀ ਮਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਡਬਰ ਨੇ ਦੱਸਿਆ ਕਿ ਉਸ ਦੀ ਤਕਰੀਬਨ ਦੋ ਕੁ ਸਾਲ ਪਹਿਲਾਂ ਫੇਸਬੁੱਕ ਜ਼ਰੀਏ ਮੀਨਾਕਸੀ ਦੇਵੀ ਸ਼ਰਮਾ ਵਾਸੀ ਪਟਿਆਲਾ ਨਾਲ ਮਿੱਤਰਤਾ ਹੋਈ ਸੀ। ਜਿਸ ਪਿੱਛੋਂ ਦੋਵੇਂ ਉਨ੍ਹਾਂ ਦੇ ਪਿੰਡ ਬਡਬਰ ਵਿਖੇ ਹੀ ਰਹਿਣ ਲੱਗ ਪਏ ਸਨ।
ਸਮਾਂ ਬੀਤਿਆ ਤਾਂ ਮੀਨਾਕਸ਼ੀ ਨੇ ਉਸ ਨੂੰ ਬਾਹਰ ਜਾਣ ਅਤੇ ਉਥੇ ਜਾ ਕੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਜਨਵਰੀ 2021 ਵਿੱਚ ਉਸ ਪਾਸੋਂ 10 ਲੱਖ ਰੁਪਏ ਲੈ ਲਏ ਜੋ ਉਸ ਨੇ ਆਪਣੀ ਤਿੰਨ ਕਨਾਲਾਂ ਪੰਜ ਮਰਲੇ ਜ਼ਮੀਨ ਵੇਚ ਕੇ ਦਿੱਤੇ। ਮਨਦੀਪ ਸਿੰਘ ਨੇ ਦੱਸਿਆ ਕਿ ਮੀਨਾਕਸ਼ੀ ਖੁਦ ਨੂੰ ਕੁਆਰੀ ਤੇ ਆਪਣੇ ਨਾਲ ਆਏ ਤਿੰਨ ਬੱਚਿਆਂ ਨੂੰ ਆਪਣੀ ਭੈਣ ਦੇ ਬੱਚੇ ਦੱਸਦੀ ਸੀ ਜਦਕਿ ਉਹ ਪਹਿਲਾਂ ਹੀ ਭਵਾਨੀਗੜ੍ਹ ਵਾਸੀ ਹੈਪੀ ਸ਼ਰਮਾ ਨਾਲ ਵਿਆਹੀ ਹੋਈ ਸੀ ਜੋ ਮੀਨਾਕਸ਼ੀ ਦੁਆਰਾ ਮਾਰੀ ਗਈ ਠੱਗੀ ਦਾ ਸ਼ਿਕਾਰ ਹੋਣ ਕਰਕੇ ਉਨ੍ਹਾਂ ਨਾਲ ਹੀ ਦਫ਼ਤਰਾਂ ਦੇ ਗੇੜੇ ਕੱਢ ਰਿਹਾ ਹੈ।
ਹੈਪੀ ਸ਼ਰਮਾ ਭਵਾਨੀਗੜ੍ਹ ਨੇ ਦੱਸਿਆ ਕਿ ਸ਼ੈਲਰ ਚਲਾਉਂਦੇ ਹਨ ਤੇ ਉਸ ਦਾ ਵਿਆਹ 2006 ਵਿੱਚ ਮੀਨਾਕਸ਼ੀ ਦੇਵੀ ਵਾਸੀ ਪਟਿਆਲਾ ਨਾਲ ਰੀਤੀ-ਰਿਵਾਜਾਂ ਮੁਤਾਬਕ ਹੋਇਆ ਸੀ। ਜਿਸ ਤੋਂ ਉਸ ਦੇ ਦੋ ਲੜਕੀਆਂ ਤੇ ਇੱਕ ਲੜਕਾ ਹੈ। ਉਨ੍ਹਾਂ ਦੱਸਿਆ ਕਿ ਮੀਨਾਕਸੀ ਦੇਵੀ ਨੇ ਆਪਣੇ ਪਰਿਵਾਰ ਦੀ ਆੜਤ ਦੀ ਦੁਕਾਨ ਦੱਸ ਕੇ ਉਸ ਪਾਸੋਂ ਤਕਰੀਬਨ 25 ਲੱਖ ਰੁਪਏ ਦੀ ਕੀਮਤ ਦਾ ਝੋਨਾ ਲਿਆ ਤੇ 2011 ’ਚ ਬਿਨਾ ਵਜ਼੍ਹਾ ਕਲੇਸ਼ ਪਾ ਕੇ ਉਸ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਅਲੱਗ-ਅਲੱਗ ਥਾਣਿਆਂ ’ਚ ਕਈ ਮਾਮਲੇ ਦਰਜ਼ ਕਰਵਾ ਦਿੱਤੇ। ਹੈਪੀ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਬਾਅਦ ਮੀਨਾਕਸੀ ਨੇ ਫੇਸਬੁੱਕ ਜ਼ਰੀਏ ਮਨਦੀਪ ਸਿੰਘ ਵਾਸੀ ਬਡਬਰ ਨਾਲ ਮਿੱਤਰਤਾ ਕਰਕੇ ਮਨਦੀਪ ਕੋਲੋਂ ਵੀ 10 ਲੱਖ ਰੁਪਏ ਠੱਗ ਲਏ।
ਇਸ ਮੌਕੇ ਹਾਜਰੀਨ ਬਡਬਰ ਵਾਸੀ ਬਲਜੀਤ ਸਿੰਘ, ਜਥੇਦਾਰ ਗੁਰਮੁੱਖ ਸਿੰਘ ਸੰਧੂ, ਸਵਿੰਦਰ ਸਿੰਘ ਸੰਧੂ, ਬਲਵੀਰ ਸਿੰਘ ਸੁਧਾਰੀਆ, ਬਚਨ ਸਿੰਘ ਚੰਬਲ, ਸੁਖਵਿੰਦਰ ਸਿੰਘ ਸੰਧੂ, ਸਵਤਾਰ ਸਿੰਘ, ਗੁਰਮੇਲ ਸਿੰਘ, ਨੈਬ ਸਿੰਘ ਭੈਣੀ ਮਹਿਰਾਜ ਤੇ ਜੰਗੀਰ ਸਿੰਘ ਆਦਿ ਨੇ ਕਿਹਾ ਕਿ ਮਨਦੀਪ ਸਿੰਘ ਕਬੱਡੀ ਖਿਡਾਰੀ ਹੈ, ਜਿਸ ਨਾਲ ਹੋਈ ਧੋਖਾਧੜੀ ਦੇ ਸਬੰਧ ਵਿੱਚ ਮਾਮਲਾ ਪੁਲਿਸ ਦਰਬਾਰੇ ਚੱਲ ਰਿਹਾ ਹੈ ਪ੍ਰੰਤੂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਹੈ। ਉਨਾਂ ਕਿਹਾ ਕਿ ਹਰ ਵਾਰ ਪੁਲਿਸ ਉਨਾਂ ਨੂੰ ਭਰੋਸਾ ਦੇ ਕੇ ਵਾਪਸ ਭੇਜ ਦਿੱਤੀ ਹੈ। ਉਨਾਂ ਮੰਗ ਕੀਤੀ ਕਿ ਉਕਤ ਦੋਵੇਂ ਨੌਜਵਾਨਾਂ ਦੇ ਬਿਆਨਾਂ ’ਤੇ ਜਾਂਚ ਕਰਵਾਈ ਜਾਵੇ ਤੇ ਮੀਨਾਕਸੀ ਦੇਵੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੇ ਜਾਵੇ ਅਤੇ ਇੰਨਾਂ ਦੇ ਪੈਸੇ ਵਾਪਸ ਦਿਵਾਏ ਜਾਣ।
ਜਾਂਚ ਪਿੱਛੋਂ ਕੀਤੀ ਜਾਵੇਗੀ ਕਾਰਵਾਈ
ਮਾਮਲੇ ਸਬੰਧੀ ਸੰਪਰਕ ਕਰਨ ’ਤੇ ਡੀਐਸਪੀ ਰਛਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਮਨਦੀਪ ਸਿੰਘ ਬਡਬਰ ਦੀ ਦਰਖ਼ਾਸਤ ’ਤੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ। ਜਿਸ ਦੇ ਪੂਰੀ ਹੋਣ ਪਿੱਛੋਂ ਉਕਤ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ