ਕਿਰਤੀਆਂ ਦੀਆਂ ਮੰਗਾਂ ਸਬੰਧੀ ਸੀਟੂ ਵੱਲੋਂ ਕਿਰਤ ਕਮਿਸ਼ਨ ਦੇ ਦਫ਼ਤਰ ਅੱਗੇ ਧਰਨਾ
ਮੋਹਾਲੀ, (ਕੁਲਵੰਤ ਕੋਟਲੀ) ਵੱਖ-ਵੱਖ ਖੇਤਰ ’ਚ ਕੰਮ ਕਰਦੇ ਕਿਰਤੀਆਂ ਦੀਆਂ ਮੰਗਾਂ ਸਬੰਧੀ ਅੱਜ ਸੀਟੂ ਵੱਲੋਂ ਸੂਬਾ ਪ੍ਰਧਾਨ ਮਹਾਂ ਸਿੰਘ ਰੋੜੀ ਦੀ ਅਗਵਾਈ ਵਿੱਚ ਕਿਰਤ ਕਮਿਸ਼ਨ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਸੀਟੂ ਦੇ ਸੂਬਾ ਜਨਰਲ ਸਕੱਤਰ ਚੰਦਰ ਸ਼ੇਖਰ ਨੇ ਸੰਬੋਧਨ ਕਰਦਿਆਂ ਕਿਹਾ ਕਿ 9 ਸਾਲ ਲੰਘ ਜਾਣ ਉਪਰੰਤ ਅਤੇ 200 ਫੀਸਦੀ ਤੋਂ ਵੱਧ ਮਹਿੰਗਾਈ ਦੇ ਅੰਕੜੇ ਪਾਰ ਹੋ ਜਾਣ ਉਪਰੰਤ ਵੀ ਘੱਟੋ-ਘੱਟ ਉਜ਼ਰਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ। ਆਗੂ ਨੇ ਕਿਹਾ ਕਿ ਕੋਵਿਡ ਕਾਲ ਵਿੱਚ ਹੋਰ ਰਾਹਤ ਦੇਣਾ ਤਾਂ ਦੂਰ ਦੀ ਗੱਲ ਪੰਜਾਬ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ ਮਜ਼ਦੂਰਾਂ ਨੂੰ ਮਿਲਦੇ ਮਹਿੰਗਾਈ ਭੱਤੇ ਦੀਆਂ ਤਿੰਨ ਛਮਾਹੀ ਕਿਸ਼ਤਾਂ ਵੀ ਰੋਕ ਦਿੱਤੀਆਂ।
ਆਗੂ ਨੇ ਕਿਹਾ ਕਿ ਕਾਨੂੰਨ ਅਨੁਸਾਰ ਮਨਰੇਗਾ ਮਜ਼ਦੂਰਾਂ ਨੂੰ ਕੀਤੇ ਕੰਮਾਂ ਦੀਆਂ ਉਜਰਤਾਂ 15 ਦਿਨਾਂ ਦੇ ਅੰਦਰ ਅੰਦਰ ਅਦਾ ਕਰਨੀਆਂ ਹੁੰਦੀਆਂ ਹਨ, ਪਰ ਪੰਜਾਬ ਵਿੱਚ 4 ਤੋਂ 6 ਮਹੀਨੇ ਲੱਗ ਜਾਂਦੇ ਹਨ। ਆਗੂਆਂ ਨੇ ਕਿਹਾ ਕਿ ਨਿਰਮਾਣ ਦੇ ਲਾਭਪਾਤਰੀ ਕਾਰਡ ਬਣਾਉਣ ਲਈ ਮਹੀਨਿਆਂ ਬੱਧੀ ਖੱਜਲ-ਖੁਆਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਾਰੇ ਠੇਕੇਦਾਰੀ ਅਧੀਨ ਕੰਮ ਕਰਦੇ ਅਤੇ ਅਸਥਾਈ ਵਰਕਰਾਂ ਨੂੰ ਰੈਗੂਲਰ ਦੇ ਬਰਾਬਰ ਉਜਰਤਾਂ ਅਤੇ ਭੱਤੇ ਦਿੱਤੇ ਜਾਣ।
ਸੀਟੂ ਦੀ ਆਲ ਇੰਡੀਆ ਸਕੱਤਰ ਊਸ਼ਾ ਰਾਣੀ ਨੇ ਕਿਹਾ ਕਿ ਸਾਰੇ ਸਕੀਮ ਵਰਕਰਾਂ ਨੂੰ ਸਥਾਈ ਮੁਲਾਜ਼ਮ ਬਣਾਉਣ, ਘੱਟੋ ਘੱਟ ਉਜਰਤ 24 ਹਜ਼ਾਰ ਰੁਪਏ ਮਹੀਨਾ ਕਰਾਉਣ, 3 ਤੋਂ 6 ਸਾਲ ਤੱਕ ਦੇ ਆਂਗਣਵਾੜੀ ਦੇ ਬੱਚੇ ਵਾਪਸ ਸਕੂਲਾਂ ਵਿੱਚ ਭੇਜਣ, ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਮੈਡੀਕਲ ਰਿਪਰਜੈਂਟੇਟਿਵ ਨੂੰ ਕੋਰੋਨਾ ਤੋਂ ਬਚਾਅ ਲਈ ਕਿੱਟਾਂ ਮੁਹੱਈਆ ਕਰਾਉਣ ਅਤੇ ਸਾਰੇ ਫਰੰਟ ਲਾਈਨ ਵਰਕਰਾਂ ਦਾ 50 ਲੱਖ ਰੁਪਏ ਦਾ ਬੀਮਾ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਦੇ ਸਮੁੱਚੇ ਸਕੀਮ ਵਰਕਰਾਂ ਵੱਲੋਂ 24 ਸਤੰਬਰ ਨੂੰ ਪੂਰੇ ਪੰਜਾਬ ਵਿੱਚ ਆਪਣੀਆਂ ਮੰਗਾਂ ਮਨਵਾਉਣ ਲਈ ਹੜਤਾਲ ਕੀਤੀ ਜਾਵੇਗੀ।
ਸੀਟੂ ਵੱਲੋਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ। ਜੋ ਪੰਜਾਬ ਦੇ ਕਿਰਤ ਕਮਿਸ਼ਨਰ ਨੇ ਰੈਲੀ ਵਾਲੀ ਥਾਂ ’ਤੇ ਪਹੁੰਚ ਕੇ ਸੀਟੂ ਆਗੂਆਂ ਤੋਂ ਮੰਗ ਪੱਤਰ ਲਿਆ ਅਤੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਇਸ ਮੌਕੇ ਸ਼ੇਰ ਸਿੰਘ ਫਰਵਾਹੀ, ਕੇਵਲ ਸਿੰਘ ਹਜਾਰਾ, ਹਰਜੀਤ ਕੌਰ, ਸੁਭਾਸ਼ ਰਾਣੀ, ਤਰਸੇਮ ਜੋਧਾਂ, ਅਮਰ ਨਾਥ ਕੂਮਕਲਾ, ਜੋਗਿੰਦਰ ਸਿੰਘ ਔਲਖ, ਰੇਸ਼ਮ ਸਿੰਘ ਗਿੱਲ ਆਦਿ ਆਗੂ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ