29 ਅਗਸਤ ਨੂੰ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਲੁਧਿਆਣਾ ਵਿਖੇ: ਕੁਲਦੀਪ ਸਿੰਘ ਬੁੱਢੇਵਾਲ
ਫਾਜਲਿਕਾ /ਜਲਾਲਾਬਾਦ, (ਰਜਨੀਸ਼ ਰਵੀ) | ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖੀ (ਐਚ.ਓ.ਡੀ.) ਮੁਹਾਲੀ ਦੇ ਨਾਲ 25 ਅਗਸਤ ਨੂੰ ਹੋਣ ਵਾਲੀ ਮੀਟਿੰਗ ਵਿੱਚ ਪੇਂਡੂ ਜਲ ਸਪਲਾਈ ਸਕੀਮਾਂ ਅਤੇ ਦਫਤਰਾਂ ਵਿੱਚ ਪਿਛਲੇ 13 -14 ਸਾਲਾਂ ਦੇ ਲੰਮੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਦੇ ਠੇਕਾ ਕਾਮਿਆਂ ਨੂੰ ਸਬੰਧਤ ਵਿਭਾਗ ਵਿੱਚ ਸਿੱਧੇ ਤੌਰ ’ਤੇ ਮਰਜ ਕਰਕੇ ਰੈਗੂਲਰ ਕਰਨ ਦੀ ਪ੍ਰਮੁੱਖ ਮੰਗ ਸਮੇਤ ਹੋਰਨਾਂ ਜਾਇਜ਼ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਮਜਬੂਰਨ ਆਰ ਪਾਰ ਦਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਇਸ ਸਬੰਧੀ ਅੱਜ ਇੱਥੇ ਜਥੇਬੰਦੀ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ 3-4 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਵਿਭਾਗੀ ਕੰਮਾਂ ਦੇ ਬਾਈਕਾਟ ਦੌਰਾਨ ਤਹਿਸੀਲ ਪੱਧਰੀ ਲਗਾਤਾਰ ਦੋ ਦਿਨ ਦੇ ਰੋਸ਼ ਪ੍ਰਦਰਸ਼ਨ ਕੀਤੇ ਗਏ ਅਤੇ ਇਸਦੇ ਬਾਅਦ 9 ਅਗਸਤ ਨੂੰ ਵਿਭਾਗੀ ਮੁੱਖੀ (ਐਚ.ਓ.ਡੀ.) ਮੁਹਾਲੀ ਦਫਤਰ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ ਗਿਆ
ਇਸ ਸੰਘਰਸ਼ ਦੌਰਾਨ ਐਚ.ਓ.ਡੀ.ਨਾਲ ਪਹਿਲਾਂ ਮੀਟਿੰਗ ਕਰਨ ਦਾ ਸਮਾਂ 13 ਅਗਸਤ ਮਿਲਿਆ ਸੀ ਪਰ ਇਹ ਮੀਟਿੰਗ ਨਹੀਂ ਹੋਈ ਅਤੇ ਬਦਲ ਕੇ 20 ਅਗਸਤ ਕਰ ਦਿੱਤੀ, ਇਸਦੇ ਬਾਅਦ ਹੁਣ 25 ਅਗਸਤ ਨੂੰ ਫਿਰ ਐਚ.ਓ.ਡੀ. ਨਾਲ ਮੀਟਿੰਗ ਕਰਨ ਦਾ ਸਮਾਂ ਮਿਲਿਆ ਹੈ। ਮੀਟਿੰਗਾਂ ਦਾ ਸਮਾਂ ਜਥੇਬੰਦੀ ਨੂੰ ਵਾਰ-ਵਾਰ ਦੇਣ ਦੇ ਬਾਵਜੂਦ ਜਲ ਸਪਲਾਈ ਵਿਭਾਗ ਦੇ ਆਲਾ ਅਧਿਕਾਰੀ ਮੀਟਿੰਗ ਕਰਨ ਤੋਂ ਭਗੌੜੇ ਹੋ ਚੁੱਕੇ ਹਨ, ਜਿਸ ਕਾਰਨ ਜਥੇਬੰਦੀ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਉਕਤ ਜਥੇਬੰਦੀ ਦੀ ਐਚ.ਓ.ਡੀ. ਨਾਲ ਹੋਣ ਵਾਲੀ ਮੀਟਿੰਗ ਵਿੱਚ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਇਸਦੇ ਬਾਅਦ 29 ਅਗਸਤ ਨੂੰ ਲੁਧਿਆਣਾ ਵਿਖੇ ਜਥੇਬੰਦੀ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਭਵਿੱਖ ਵਿੱਚ ਆਰ-ਪਾਰ ਦੇ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ