ਮੋਬਾਇਲ ਫ਼ੋਨ ਦੀ ਵਰਤੋਂ ਸਮਝਦਾਰੀ ਨਾਲ

ਮੋਬਾਇਲ ਫ਼ੋਨ ਦੀ ਵਰਤੋਂ ਸਮਝਦਾਰੀ ਨਾਲ

ਅੱਜ ਦੇ ਇਸ ਆਧੁਨਿਕ ਯੁੱਗ ਵਿਚ ਆਈ ਸੰਚਾਰ ਕ੍ਰਾਂਤੀ ਕਾਰਨ ਹਰ ਕੋਈ ਮੋਬਾਇਲ ਫੋਨ ਦੀ ਵਰਤੋਂ ਕਰ ਰਿਹਾ ਹੈ। ਕੁਝ ਲੋਕ ਤਾਂ ਇਸ ਦੀ ਵਰਤੋਂ ਇੰਨੀ ਜ਼ਿਆਦਾ ਕਰਦੇ ਹਨ ਕਿ ਦਿਨ ਦਾ ਇਕ ਚੌਥਾਈ ਤੋਂ ਜ਼ਿਆਦਾ ਸਮਾਂ ਉਹ ਮੋਬਾਇਲ ਫੋਨ ‘ਤੇ ਹੀ ਗੱਲ ਕਰਨ ਵਿਚ ਬਤੀਤ ਕਰ ਦਿੰਦੇ ਹਨ। ਇਸ ਦੀ ਜ਼ਿਆਦਾ ਵਰਤੋਂ ਕਾਰਨ ਲੋਕਾਂ ਨੂੰ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਜੇਕਰ ਤੁਸੀਂ ਦਿਲ ਦੇ ਰੋਗ ਤੋਂ ਬਚਣਾ ਚਾਹੁੰਦੇ ਹੋ ਤਾਂ ਮੋਬਾਇਲ ਫੋਨ ਦੀ ਵਰਤੋਂ ਘੱਟ ਕਰੋ। ਕੁਝ ਸਮਾਂ ਪਹਿਲਾਂ ਹੋਈ ਖੋਜ ਤੋਂ ਪਤਾ ਲੱਗਾ ਹੈ ਕਿ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਖੂਨ ਦੇ ਦੌਰੇ ਨੂੰ ਵਧਾ ਸਕਦੀ ਹੈ। ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਨਾਲ ਸਿਸਟੋਲਿੰਕ ਬਲੱਡ ਪ੍ਰੈਸ਼ਰ ਵਧ ਸਕਦਾ ਹੈ, ਜਿਸ ਦੇ ਅਖੀਰ ਵਿਚ ਦਿਲ ਦੇ ਰੋਗ ਦਾ ਖਤਰਾ ਵੀ ਕਾਫੀ ਵੱਧ ਜਾਂਦਾ ਹੈ।

ਖੋਜ ਦੇ ਨਤੀਜਿਆਂ ਨੂੰ ਦੇਖਦੇ ਹੋਏ ਅਧਿਐਨ ਕਰਤਾ ਨੇ ਬਲੱਡ ਪ੍ਰੈਸਰ ਵਧਣ ਵਾਲੇ ਮਰੀਜ਼ਾਂ ਨੂੰ ਮੋਬਾਇਲ ਫੋਨ ਤੋਂ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਨੂੰ ਘੱਟ ਤੋਂ ਘੱਟ ਇਸ ਸਮੇਂ ਵਿਚ ਮੋਬਾਇਲ ਫੋਨ ਤੋਂ ਦੂਰ ਰਹਿਣਾ ਚਾਹੀਦਾ ਹੈ ਜਦੋਂ ਉਨ੍ਹਾਂ ਦੇ ਖੂਨ ਦਾ ਦੌਰਾ ਵੱਧ ਹੋਇਆ ਹੋਵੇ। ਆਮ ਜ਼ਿੰਦਗੀ ਵਿਚ ਅਕਸਰ ਇਹ ਦੇਖਿਆ ਜਾ ਸਕਦਾ ਹੈ ਕਿ ਇਨਸਾਨ ਕਿਸੇ ਨਾਲ ਫੋਨ ‘ਤੇ ਗੱਲ ਕਰਦੇ ਸਮੇਂ ਬਹੁਤ ਜ਼ੋਰ ਨਾਲ ਬੋਲਣ ਲੱਗਦਾ ਹੈ ਤਾਂ ਕਈ ਵਾਰ ਸਾਹਮਣੇ ਵਾਲੇ ਦੀ ਗੱਲ ਨੂੰ ਸੁਣ ਕੇ ਇੰਨਾ ਪਰੇਸ਼ਾਨ ਹੋ ਜਾਂਦਾ ਹੈ ਕਿ ਆਪਾ ਤੱਕ ਖੋਹ ਬੈਠਦਾ ਹੈ। ਅਕਸਰ ਲੋਕ ਫੋਨ ‘ਤੇ ਗੱਲਾਂ ਕਰਦੇ ਸਮੇਂ ਭਾਵੁਕ ਹੋ ਜਾਂਦੇ ਹਨ ਜਾਂ ਫਿਰ ਬਹੁਤ ਜ਼ਿਆਦਾ ਗੁੱਸਾ ਆ ਜਾਣ ਕਾਰਨ ਝਗੜ ਵੀ ਪੈਂਦੇ ਹਨ। ਇਹ ਉਹ ਸਮਾਂ ਹੁੰਦਾ ਹੈ ਕਿ ਜਦੋਂ ਮੋਬਾਇਲ ਕਾਰਨ ਲੋਕਾਂ ਦੇ ਖੂਨ ਦਾ ਦੌਰਾ ਇਕ ਦਮ ਵਧ ਜਾਂਦਾ ਹੈ, ਜਿਸ ‘ਚ ਕਈ ਵਾਰ ਲੋਕਾਂ ਨੂੰ ਡਾਕਟਰ ਕੋਲ ਵੀ ਜਾਣਾ ਪੈਂਦਾ ਹੈ।

ਮੋਬਾਇਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੀ ਰੁਟੀਨ ਦਾ ਬਣ ਗਿਆ ਹੈ ਅਹਿਮ ਹਿੱਸਾ

ਮੋਬਾਇਲ ਫੋਨ ਅੱਜ ਦੇ ਜ਼ਮਾਨੇ ਵਿਚ ਕਿੰਨਾ ਮਹੱਤਵਪੂਰਨ ਹੋ ਚੁੱਕਾ ਹੈ, ਇਸ ਦਾ ਜਿਊਂਦਾ ਜਾਗਦਾ ਸਬੂਤ ਹੈ ਕਿ ਛੋਟੇ ਬੱਚੇ, ਨੌਜਵਾਨ, ਮਹਿਲਾਵਾਂ, ਪੁਰਸ਼ ਅਤੇ ਬਜ਼ੁਰਗ ਤੱਕ ਦੀ ਰੁਟੀਨ ਦੀ ਜਿੰਦਗੀ ਦਾ ਇਹ ਅਹਿਮ ਹਿੱਸਾ ਹੈ। ਇਸ ਤੋਂ ਬਿਨਾਂ ਲੋਕ ਖੁਦ ਨੂੰ ਅਧੂਰਾ ਜਿਹਾ ਮਹਿਸੂਸ ਕਰਦੇ ਹਨ। ਸਕੂਲ ਤੋਂ ਆਉਂਦੇ ਹੀ ਬੱਚੇ ਮੋਬਾਇਲ ‘ਤੇ ਚੈਟਿੰਗ ਅਤੇ ਗੇਮਜ਼ ਆਦਿ ਖੇਡਣਾ ਸ਼ੁਰੂ ਕਰ ਦਿੰਦੇ ਹਨ, ਜੋ ਉਨ੍ਹਾਂ ਲਈ ਕਾਫੀ ਖਤਰਨਾਕ ਸਾਬਤ ਹੋ ਸਕਦਾ ਹੈ।

ਤਣਾਅ ਨੂੰ ਵਧਾਉਂਦਾ ਹੈ ਮੋਬਾਇਲ

ਮੋਬਾਇਲ ਫੋਨ ਆਮ ਜ਼ਿੰਦਗੀ ਅੰਦਰ ਤਣਾਅ ਨੂੰ ਵਧਾਉਂਦਾ ਹੈ। ਇਸ ਕਾਰਨ ਬਹੁਤ ਵੱਡੀ ਗਿਣਤੀ ਵਿਚ ਲੋਕ ਬੀਮਾਰੀਆਂ ਦੇ ਸ਼ਿਕਾਰ ਹੋਣ ਲੱਗੇ ਹਨ। ਆਮ ਤੌਰ ‘ਤੇ ਦੇਖਣ ‘ਚ ਆਉਂਦਾ ਹੈ ਕਿ ਜੇਕਰ ਕੁਝ ਦੇਰ ਲਈ ਫੋਨ ਦੀ ਘੰਟੀ ਨਹੀ ਵੱਜਦੀ ਹੈ ਜਾਂ ਫਿਰ ਕੋਈ ਟਿਊਨ ਨਹੀਂ ਸੁਣਾਈ ਦਿੰਦੀ ਹੈ ਤਾਂ ਆਪਾਂ ਜਾਣੇ-ਅਣਜਾਣੇ ਫੋਨ ਨੂੰ ਖੋਲ੍ਹ ਕੇ ਦੇਖਣ ਲੱਗਦੇ ਹਾਂ। ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਐਪਸ ਨੂੰ ਖੋਲ੍ਹ ਕੇ ਵਾਰ-ਵਾਰ ਦੇਖਦੇ ਹਾਂ ਕਿ ਕਿਤੇ ਕੋਈ ਮੈਸੇਜ ਤਾਂ ਨਹੀ ਆਇਆ ਹੈ। ਇਹ ਵੀ ਆਪਣੇ-ਆਪ ‘ਚ ਇਕ ਬੀਮਾਰੀ ਦੇ ਬਰਾਬਰ ਹੀ ਹੈ।
ਧੀਮੀ ਜ਼ਹਿਰ ਦਾ ਕੰਮ ਕਰਦੀ ਹੈ ਮੋਬਾਇਲ ਦੀ ਜ਼ਿਆਦਾ ਵਰਤੋਂ

ਮੋਬਾਇਲ ਫੋਨ ਦਾ ਜ਼ਿਆਦਾ ਅਤੇ ਗਲਤ ਢੰਗ ਨਾਲ ਕੀਤਾ ਗਿਆ ਇਸਤੇਮਾਲ ਇਕ ਤਰ੍ਹਾਂ ਨਾਲ ਧੀਮੀ ਜਹਿਰ ਦਾ ਹੀ ਕੰਮ ਕਰਦਾ ਹੈ। ਕਿਉਂਕਿ ਹੌਲੀ-ਹੌਲੀ ਤੁਹਾਨੂੰ ਬਲੱਡ ਪ੍ਰੈਸ਼ਰ ਅਤੇ ਹੋਰ ਬੀਮਾਰੀਆਂ ਜਕੜਨ ਲੱਗਦੀਆਂ ਹਨ ਅਤੇ ਇਸ ਤਰ੍ਹਾਂ ਧਿਆਨ ਨਾ ਦੇਣ ਨਾਲ ਹਾਰਟ ਅਟੈਕ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੋਕਿ ਜਾਨਲੇਵਾ ਸਾਬਤ ਹੋ ਸਕਦੀ ਹੈ।

ਕੀ ਕਹਿੰਦੇ ਹਨ ਮੈਡੀਕਲ ਮਾਹਿਰ?

ਡਾ. ਬਲਰਾਜ ਗੁਪਤਾ ਦਾ ਕਹਿਣਾ ਹੈ ਕਿ ਮੋਬਾਇਲ ਫੋਨ ਨਾਲ ਜ਼ਿਆਦਾਤਰ ਹੋਣ ਵਾਲੀਆਂ ਪਰੇਸ਼ਾਨੀਆਂ ‘ਤੇ ਰਿਸਰਚ ਜਾਰੀ ਹੈ ਪਰ ਜਿੰਨਾ ਕੁਝ ਅਜੇ ਤੱਕ ਸਾਹਮਣੇ ਆਇਆ ਹੈ ਉਸ ‘ਚ ਇਕ ਗੱਲ ਤਾਂ ਸਾਫ ਹੈ ਕਿ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਨਾਲ ਆਦਮੀ ਅੰਦਰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਆਮ ਗੱਲ ਹੋ ਗਈ ਹੈ। ਮੋਬਾਇਲ ਫੋਨ ‘ਤੇ ਗੱਲ ਕਰਦੇ ਸਮੇਂ ਹੋਣ ਵਾਲੀ ਉਤੇਜਨਾ ਕਾਰਨ ਇਨਸਾਨ ਦੇ ਸਰੀਰ ਵਿਚ ਖੂਨ ਦਾ ਦੌਰਾ ਤੇਜ਼ੀ ਨਾਲ ਵਧਦਾ ਹੈ, ਜਿਸ ਕਾਰਨ ਕਿਸੇ ਵੀ ਸਮੇਂ ਦਿਲ ਦੇ ਰੋਗ ਦਾ ਖਤਰਾ ਤੱਕ ਪੈਦਾ ਹੋ ਸਕਦਾ ਹੈ। ਇਸ ਲਈ ਸਾਨੂੰ ਮੋਬਾਇਲ ਫੋਨ ਦੀ ਵਰਤੋਂ ਬੇਹੱਦ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਨਹੀ ਤਾਂ ਇਸ ਦੇ ਨਤੀਜੇ ਬੇਹੱਦ ਮਾੜੇ ਸਾਬਤ ਹੋ ਸਕਦੇ ਹਨ।
ਕੀ ਕਹਿਣਾ ਹੈ ਟੈਲੀਕਾਮ ਮਾਹਿਰਾਂ ਦਾ?

ਟੈਲੀਕਾਮ ਮਾਹਿਰ ਰਾਜੇਸ਼ ਬਾਹਰੀ ਦਾ ਕਹਿਣਾ ਹੈ ਕਿ ਮੋਬਾਇਲ ਫੋਨ ‘ਤੇ ਜਦੋਂ ਅਸੀਂ ਗੱਲਾਂ ਕਰਦੇ ਹਾਂ ਤਾਂ ਉਸ ਸਮੇਂ ਫੋਨ ਸਭ ਤੋਂ ਜ਼ਿਆਦਾ ਰੇਡੀਓ ਤਰੰਗਾਂ ਛੱਡਦਾ ਹੈ, ਜਿਸ ਦਾ ਆਮ ਇਨਸਾਨ ਦੇ ਸਰੀਰ ‘ਤੇ ਉਲਟਾ ਅਸਰ ਪੈਂਦਾ ਹੈ। ਇਸ ਕਾਰਨ ਕਈ ਵਾਰ ਫੋਨ ਸੁਣਨ ਜਾਂ ਕਰਨ ਵਾਲਾ ਸਾਹਮਣੇ ਵਾਲੇ ਦੀ ਗੱਲ ਸੁਣ ਕੇ ਇਕਦਮ ਉਤੇਜਿਤ ਜਿਹਾ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਸਮੇਂ ‘ਚ ਇਹ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੋਬਾਇਲ ਫੋਨ ‘ਤੇ ਜਿੰਨੀ ਸੰਭਵ ਹੋ ਸਕੇ ਥੋੜ੍ਹੀ ਅਤੇ ਛੋਟੀ ਗੱਲ ਕਰਨੀ ਚਾਹੀਦੀ ਹੈ, ਨਾ ਕਿ ਬਹੁਤ ਲੰਬੀ।
ਸਾਬਕਾ ਪੀਈਐਸ-1
ਸੇਵਾ ਮੁਕਤ ਪਿ੍ਰੰਸਪਲ, ਮਲੋਟ ਪੰਜਾਬ

ਵਿਜੈ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ