ਬਿਜਲੀ ਦੀ ਮੰਗ ਮੁੜ 13 ਹਜ਼ਾਰ ਮੈਗਾਵਾਟ ਨੂੰ ਟੱਪੀ

Electricity

ਲਹਿਰਾ ਮੁਹੱਬਤ ਥਰਮਲ ਪਲਾਂਟ ਤੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ-ਇੱਕ ਯੂਨਿਟ ਬੰਦ

  • ਝੋਨੇ ਅਤੇ ਗਰਮੀ ਨੇ ਇਸ ਵਾਰ ਸਰਕਾਰ ਤੇ ਪਾਵਰਕੌਮ ਦੀ ਰੱਜ ਕੇ ਕਰਵਾਈ ਕਿਰਕਿਰੀ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਅੰਦਰ ਬਿਜਲੀ ਦੀ ਮੰਗ ਮੁੜ 13 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਹੈ। ਸਰਕਾਰੀ ਥਰਮਲ ਪਲਾਂਟਾਂ ਦਾ ਇੱਕ ਯੂਨਿਟ ਬੰਦ ਹੈ ਜਦਕਿ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਤੀਜਾ ਯੂਨਿਟ ਅਜੇ ਤੱਕ ਚਾਲੂ ਨਹੀਂ ਹੋਇਆ। ਉਂਜ ਭਾਵੇਂ ਕਿ ਟਿਊਬਵੈਲ ਨੂੰ ਦਿੱਤੀ ਜਾਣ ਵਾਲੀ ਸਪਲਾਈ ਦਾ ਲੋਡ ਘੱਟ ਗਿਆ ਹੈ, ਪਰ ਮੀਂਹ ’ਚ ਮੁੜ ਆਈ ਖੜੋਤ ਕਾਰਨ ਬਿਜਲੀ ਦੀ ਮੰਗ ਵਧ ਰਹੀ ਹੈ।

ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਰੋਪੜ ਥਰਮਲ ਪਲਾਂਟ ਦੇ ਚਾਰੇ ਯੂਨਿਟ ਚਾਲੂ ਹਨ, ਜਿਨ੍ਹਾਂ ਤੋਂ 766 ਮੈਗਾਵਾਟ ਬਿਜਲੀ ਉਤਪਦਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਹੈ , ਜਦਕਿ ਤਿੰਨ ਯੂਨਿਟਾਂ ਤੋਂ ਬਿਜਲੀ ਉਤਪਾਦਨ ਹੋ ਰਿਹਾ ਹੈ। ਲਹਿਰਾ ਮੁਹੱਬਤ ਥਰਮਲ ਪਲਾਂਟ 637 ਮੈਗਾਵਾਟ ਬਿਜਲੀ ਉਤਪਦਾਨ ਕਰ ਰਿਹਾ ਹੈ। ਇਸ ਦੇ ਨਾਲ ਹੀ ਹਾਈਡ੍ਰਲ ਪ੍ਰੋਜੈਕਟਾਂ ਤੋਂ 694 ਮੈਗਾਵਾਟ ਪਾਵਰਕੌਮ ਨੂੰ ਬਿਜਲੀ ਉਤਪਦਾਨ ਹੋ ਰਿਹਾ ਹੈ।

ਜੇਕਰ ਪ੍ਰਾਈਵੇਟ ਥਰਮਲ ਪਲਾਟਾਂ ਦੀ ਗੱਲ ਕੀਤੀ ਜਾਵੇ ਤਾਂ ਰਾਜਪੁਰਾ ਥਰਮਲ ਪਲਾਂਟ ਸਭ ਤੋਂ ਵੱਧ ਬਿਜਲੀ ਉਤਪਾਦਨ ਕਰ ਰਿਹਾ ਹੈ। ਝੋਨੇ ਅਤੇ ਗਰਮੀ ਦੇ ਸ਼ੀਜਨ ਵਿੱਚ ਵੀ ਰਾਜਪੁਰਾ ਥਰਮਲ ਪਲਾਂਟ ਪੂਰੀ ਮਾਤਰਾ ਵਿੱਚ ਭਖਿਆ ਰਿਹਾ ਹੈ। ਮੌਜੂਦਾ ਸਮੇਂ ਰਾਜਪੁਰਾ ਥਰਮਲ ਪਲਾਂਟ ਤੋਂ 1325 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਤਲਵੰਡੀ ਸਾਬੋਂ ਥਰਮਲ ਪਲਾਂਟ ਦਾ ਇੱਕ ਨੰਬਰ ਯੂਨਿਟ ਪਿਛਲੇ ਕਈ ਮਹੀਨਿਆਂ ਤੋਂ ਬੰਦ ਹੈ, ਜੋ ਅਜੇ ਤੱਕ ਚਾਲੂ ਨਹੀਂ ਹੋ ਸਕਿਆ। ਤਲਵੰਡੀ ਸਾਬੋਂ ਥਰਮਲ ਤੋਂ 1239 ਮੈਗਾਵਾਟ ਬਿਜਲੀ ਉਤਪਦਾਨ ਕੀਤਾ ਜਾ ਰਿਹਾ ਹੈ।

ਇਸੇ ਤਰ੍ਹਾਂ ਹੀ ਪ੍ਰਾਈਵੇਟ ਥਰਮਲ ਜੀਵੀਕੇ ਦੇ ਦੋਵੇਂ ਯੂਨਿਟਾਂ ਤੋਂ 385 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਟਿਊਬਵੈੱਲਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਦਾ ਲੋਡ ਘਟਿਆ ਹੋਇਆ ਹੈ ਕਿਉਂਕਿ ਝੋਨੇ ਦੀ ਫਸਲ ਵੱਡੀ ਹੋਣ ਕਾਰਨ ਪਾਣੀ ਘੱਟ ਦਿੱਤਾ ਜਾ ਰਿਹਾ ਹੈ। ਪਾਵਰਕੌਮ ਵੱਲੋਂ ਇੰਡਸਟਰੀ ਏਰੀਏ ਨੂੰ ਬਿਜਲੀ ਸਪਲਾਈ ਪੂਰੀ ਮਾਤਰਾ ’ਚ ਦਿੱਤੀ ਜਾ ਰਹੀ ਹੈ, ਜਿਸ ਕਾਰਨ ਲੋਡ ਵਧਿਆ ਹੋਇਆ ਹੈ।

ਪਾਵਰਕੌਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀ ਅਤੇ ਝੋਨੇ ਦੇ ਸ਼ੀਜਨ ਦਾ ਔਖਾ ਸਮਾਂ ਲੰਘ ਗਿਆ ਹੈ ਅਤੇ ਸ਼ੁਰੂਆਤੀ ਦੌਰ ਵਿੱਚ ਅੋੜ ਚੱਲਣ ਕਾਰਨ ਹੀ ਬਿਜਲੀ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਸੀ। ਝੋਨੇ ਅਤੇ ਗਰਮੀ ਦੇ ਸੀਜ਼ਨ ਨੇ ਇਸ ਵਾਰ ਸਰਕਾਰ ਅਤੇ ਪਾਵਰਕੌਮ ਦੀ ਰੱਜ ਕੇ ਕਿਰਕਰੀ ਕਰਵਾਈ ਹੈ।

ਤਲਵੰਡੀ ਸਾਬੋ ਥਰਮਲ ਪਲਾਂਟ ਬਣਿਆ ਮੁਸੀਬਤ

ਝੋਨੇ ਅਤੇ ਗਰਮੀ ਦੇ ਪੀਕ ਸੀਜ਼ਨ ਮੌਕੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਦੋ ਯੂਨਿਟਾਂ ਵਿੱਚ ਆਈ ਖਰਾਬੀ ਕਾਰਨ ਸਰਕਾਰ ਅਤੇ ਪਾਵਰਕੌਮ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਵਿਰੋਧੀਆਂ ਵੱਲੋਂ ਵੀ ਸਰਕਾਰ ’ਤੇ ਵੱਡੇ ਸੁਆਲ ਚੁੱਕੇ ਹਨ, ਜਿਸ ਤੋਂ ਬਾਅਦ ਪਾਵਰਕੌਮ ਦੇ ਸੀਐਮਡੀ ਵੱਲੋਂ ਉਕਤ ਪਲਾਂਟ ਨੂੰ ਨੋਟਿਸ ਵੀ ਭੇਜੇ ਗਏ ਹਨ। ਪਾਵਰਕੌਮ ਇਸ ਥਰਮਲ ਪਲਾਂਟ ਵਿਰੁੱਧ ਕਾਰਵਾਈ ਦੇ ਰੌਂਅ ਵਿੱਚ ਹੈ। ਸੂਤਰਾਂ ਦਾ ਦੱਸਣਾ ਹੈ ਕਿ ਇਸ ਥਰਮਲ ਪਲਾਂਟ ਨਾਲ ਬਿਜਲੀ ਸਮਝੌਤਾ ਖਤਮ ਹੋਣਾ ਲਗਭਗ ਤੈਅ ਹੈ। ਇਸ ਸਬੰਧੀ ਜਦੋਂ ਸੀਐਮਡੀ ਏ.ਵੈਨੂੰ. ਪ੍ਰਸ਼ਾਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਉਠਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ